ਰੋਡਚੈੱਕ ਟੀਮ ਨੇ 27.2% ਕੈਨੇਡੀਅਨ ਗੱਡੀਆਂ ਨੂੰ ਸੇਵਾ ’ਚੋਂ ਕੀਤਾ ਬਾਹਰ
ਕੈਨੇਡੀਅਨ ਇਨਫ਼ੋਰਸਮੈਂਟ ਟੀਮਾਂ ਨੇ 4-6 ਮਈ ਦੌਰਾਨ ਹੋਏ ਕੌਮਾਂਤਰੀ ਰੋਡਚੈੱਕ ਬਲਿਟਜ਼ ਦੌਰਾਨ ਜਾਂਚ ਕੀਤੀਆਂ ਗਈਆਂ ਗੱਡੀਆਂ ’ਚੋਂ 27.2% ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਹੈ, ਮੁਕਾਬਲਤਨ ਅਮਰੀਕਾ ’ਚ ਇਹ ਦਰ 20.9% ਰਹੀ ਹੈ।

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਨੇ ਦੱਸਿਆ ਕਿ ਟੀਮਾਂ ਨੇ ਕੈਨੇਡਾ ’ਚ 3,349 ਲੈਵਲ 1 ਜਾਂਚਾਂ ਕੀਤੀਆਂ, ਜਿਨ੍ਹਾਂ ’ਚੋਂ 912 ਗੱਡੀਆਂ ਅਤੇ 117 ਡਰਾਈਵਰਾਂ ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ। ਅਮਰੀਕਾ ’ਚ 19,786 ਗੱਡੀਆਂ ਦੀ ਲੈਵਲ 1 ਜਾਂਚ ਹੋਈ, ਜਿਨ੍ਹਾਂ ’ਚੋਂ 4,136 ਗੱਡੀਆਂ ਅਤੇ 1,083 ਡਰਾਈਵਰਾਂ ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ।
ਲੈਵਲ 1 ਜਾਂਚ ਦੇ 37 ਪੜਾਅ ਹੁੰਦੇ ਹਨ, ਅਤੇ ਇਨ੍ਹਾਂ ’ਚ ਗੱਡੀਆਂ ਅਤੇ ਡਰਾਈਵਰਾਂ ਦੀ ਜਾਂਚ ਵੀ ਸ਼ਾਮਲ ਹੁੰਦੀ ਹੈ।
ਲਾਈਟਿੰਗ ਅਤੇ ਕੰਮ ਦੇ ਘੰਟਿਆਂ ’ਤੇ ਵਿਸ਼ੇਸ਼ ਤੌਰ ’ਤੇ ਕੇਂਦਰਿਤ ਜਾਂਚ ਦੌਰਾਨ ਉੱਤਰੀ ਅਮਰੀਕਾ ’ਚ ਲਾਈਟਿੰਗ ਦੀਆਂ 1,367 ਉਲੰਘਣਾਵਾਂ ਮਿਲੀਆਂ ਜੋ ਕਿ 14.1% ਗੱਡੀਆਂ ਨੂੰ ਸੇਵਾ ਤੋਂ ਬਾਹਰ ਕਰਨ ਦਾ ਕਾਰਨ ਬਣੀਆਂ। ਇਹ ਫਿਰ ਵੀ, ਬ੍ਰੇਕ ਸਿਸਟਮ – ਜੋ ਕਿ 26.5% ਗੱਡੀਆਂ ਨੂੰ, ਅਤੇ ਟਾਇਰਾਂ, ਜੋ ਕਿ 18.6% ਗੱਡੀਆਂ ਨੂੰ ਸੇਵਾ ਤੋਂ ਬਾਹਰ ਕਰਨ ਦਾ ਕਾਰਨ ਬਣਿਆ – ਤੋਂ ਘੱਟ ਹੈ। ਬ੍ਰੇਕ ਐਡਜਸਟਮੈਂਟ ਅਤੇ ਕਾਰਗੋ ਸਿਕਿਉਰਮੈਂਟ 5 ਪ੍ਰਮੁੱਖ ਮੁੱਦਿਆਂ ’ਚ ਸ਼ਾਮਲ ਰਹੇ, ਇਨ੍ਹਾਂ ’ਚੋਂ ਹਰੇਕ 12% ਤੋਂ ਥੋੜ੍ਹਾ ਵੱਧ ਉਲੰਘਣਾਵਾਂ ਦਾ ਕਾਰਨ ਬਣਿਆ।
ਸੇਵਾ ਦੇ ਘੰਟੇ ਸਾਫ਼ ਤੌਰ ’ਤੇ ਡਰਾਈਵਰ ਸੰਬੰਧਤ ਉਲੰਘਣਾਵਾਂ ਦਾ ਸਭ ਤੋਂ ਵੱਡਾ ਕਾਰਨ ਰਿਹਾ, ਜਿਸ ਦੀ ਦਰ 41.5% ਰਹੀ। ਇਸ ਤੋਂ ਬਾਅਦ ਉਹ ਡਰਾਈਵਰ ਰਹੇ ਜਿਨ੍ਹਾਂ ਕੋਲ ਗ਼ਲਤ ਸ਼੍ਰੇਣੀ ਦਾ ਲਾਇਸੰਸ (ਕੁਲ ਉਲੰਘਣਾਵਾਂ ਦਾ 19.5%), ਗ਼ਲਤ ਲੌਗ (14.7%) ਅਤੇ ਸਸਪੈਂਡ ਕੀਤੇ ਲਾਇਸੰਸ (4.6%) ਸਨ। ਬਾਕੀ ਮਾਮਲੇ ‘ਹੋਰ’ ਉਲੰਘਣਾਵਾਂ ਦੀ ਲੰਮੀ ਸੂਚੀ ’ਚ ਸ਼ਾਮਲ ਰਹੇ, ਜਿਵੇਂ ਕਿ ਲੋੜੀਂਦੀ ਆਪਰੇਟਿੰਗ ਅਥਾਰਟੀ ਤੋਂ ਬਗ਼ੈਰ ਚੱਲਣਾ ਜਾਂ ਐਕਸਪਾਇਰ ਮੈਡੀਕਲ ਸਰਟੀਫ਼ੀਕੇਟ ਦਾ ਪ੍ਰਯੋਗ ਕਰਨਾ।
ਪਰ ਜ਼ਿਆਦਾਤਰ ਉਪਕਰਨ ਅਤੇ ਡਰਾਈਵਰਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਟਰੱਕਰਸ ਨੂੰ 9,951 ਪਾਵਰ ਯੂਨਿਟਾਂ ਅਤੇ 3,795 ਟਰੇਲਰਾਂ ਲਈ ਸੀ.ਵੀ.ਐਸ.ਏ. ਡੀਕੈਲ ਪ੍ਰਾਪਤ ਹੋਏ, ਜਿਸ ਦਾ ਮਤਲਬ ਹੈ ਕਿ ਇਹ ਉਪਕਰਨਾਂ ਦੀ ਅਗਲੇ ਤਿੰਨ ਮਹੀਨਿਆਂ ਤਕ ਕੋਈ ਜਾਂਚ ਨਹੀਂ ਹੋਵੇਗੀ।
ਇਨਫ਼ੋਰਸਮੈਂਟ ਟੀਮਾਂ ਨੇ ਦੋਹਾਂ ਦੇਸ਼ਾਂ ’ਚ 6,836 ਲੈਵਲ 3 ਜਾਂਚਾਂ ਵੀ ਕੀਤੀਆਂ, ਜਿਨ੍ਹਾਂ ’ਚ 331 ਡਰਾਈਵਰਾਂ ਨੂੰ 4.8% ਦੀ ਦਰ ਨਾਲ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ। ਲੈਵਲ 3 ਦੀ ਜਾਂਚ ਡਰਾਈਵਰ ਦੀ ਜਾਣਕਾਰੀ ਅਤੇ ਪ੍ਰਸ਼ਾਸਕੀ ਮੁੱਦਿਆਂ ’ਤੇ ਕੇਂਦਰਤ ਹੁੰਦੀ ਹੈ। ਲੈਵਲ 2 ਨਜ਼ਰਸਾਨੀ ਅਤੇ ਗੱਡੀਆਂ ’ਤੇ ਕੇਂਦਰਤ ਲੈਵਲ 5 ਜਾਂਚਾਂ ਵੀ ਕੀਤੀਆਂ ਗਈਆਂ।
195 ਖ਼ਤਰਨਾਕ ਪਦਾਰਥ ਅਤੇ ਵਸਤਾਂ ਨਾਲ ਸੰਬੰਧਤ ਉਲੰਘਣਾਵਾਂ ’ਚ ਲੋਡਿੰਗ ਪ੍ਰਮੁੱਖ ਮੁੱਦਾ ਸੀ ਜੋ ਕਿ ਕੁੱਲ ਉਲੰਘਣਾਵਾਂ ’ਚੋਂ 40% ਰਹੀ। ਇਸ ਤੋਂ ਬਾਅਦ ਪਲੇਕਾਰਡ (17.9%), ਸ਼ਿੱਪਿੰਗ ਪੇਪਰਸ (15.4%), ਮਾਰਕਿੰਗਸ (7.2%) ਅਤੇ ਸਿਖਲਾਈ ਸਰਟੀਫ਼ੀਕੇਟ (4.1%) ਨਾਲ ਸੰਬੰਧਤ ਉਲੰਘਣਾਵਾਂ ਰਹੀਆਂ।
ਕੈਨੇਡਾ ’ਚ 305 ਸੀਟ ਬੈਲਟ ਉਲੰਘਣਾਵਾਂ ਵੀ ਵੇਖਣ ਨੂੰ ਮਿਲੀਆਂ, ਜੋ ਕਿ ਅਮਰੀਕਾ ’ਚ ਦਰਜ 464 ਉਲੰਘਣਾਵਾਂ ’ਚੋਂ ਥੋੜ੍ਹਾ ਹੀ ਘੱਟ ਸਨ।