ਲੌਬਲੋ ਵੀ ਖ਼ੁਦਮੁਖਤਿਆਰ ਡਿਲੀਵਰੀ ਗੱਡੀਆਂ ਚਲਾਏਗਾ

ਕੈਨੇਡਾ ‘ਚ ਗਰੋਸਰੀ (ਪੰਸਾਰੀ) ਦਾ ਸਮਾਨ ਵੇਚਣ ਵਾਲਾ ਸਭ ਤੋਂ ਵੱਡਾ ਕਾਰੋਬਾਰ ਲੌਬਲੋ ਵੀ ਹੁਣ ਸੈਲਫ਼-ਡਰਾਈਵਿੰਗ ਗੱਡੀਆਂ ਰਾਹੀਂ ਸਮਾਨ ਦੀ ਡਿਲੀਵਰੀ ਕਰੇਗਾ।

ਲੌਬਲੋ ਅਜਿਹੀ ਪਹਿਲੀ ਕੈਨੇਡੀਅਨ ਕੰਪਨੀ ਹੋਵੇਗੀ ਜੋ ਕਿ ਆਟੋਨੋਮਸ ਡਿਲੀਵਰੀ ਗੱਡੀਆਂ ਨੂੰ ਕੰਮ ‘ਤੇ ਲਾਏਗੀ। (ਤਸਵੀਰ: ਗਤਿਕ)

ਲੌਬਲੋ ਜਨਵਰੀ ਦੇ ਮਹੀਨੇ ‘ਚ ਖ਼ੁਦਮੁਖਤਿਆਰ ਗੱਡੀਆਂ ਦਾ ਆਪਣਾ ਫ਼ਲੀਟ ਪੇਸ਼ ਕਰਨ ਵਾਲਾ ਹੈ।

ਇਸ ਕੰਮ ਨੂੰ ਕੈਲੇਫ਼ੋਰਨੀਆ ਅਧਾਰਤ ਆਟੋਨੋਮਸ ਗੱਡੀਆਂ ਦੀ ਸਟਾਰਟਅੱਪ ਕੰਪਨੀ ਗਤਿਕ ਏ.ਆਈ. ਨਾਲ ਸਾਂਝੇਦਾਰੀ ‘ਚ ਕੀਤਾ ਜਾ ਰਿਹਾ ਹੈ, ਜੋ ਕਿ ਕਾਰੋਬਾਰ-ਤੋਂ-ਕਾਰੋਬਾਰ ਸ਼ਾਰਟ-ਹੌਲ ਡਿਲੀਵਰੀਆਂ ‘ਤੇ ਕੇਂਦਰਤ ਹੈ ਅਤੇ ਹਲਕੇ ਤੋਂ ਦਰਮਿਆਨੇ ਭਾਰ ਵਾਲੇ ਟਰੱਕਾਂ ਦਾ ਪ੍ਰਯੋਗ ਕਰ ਰਹੀ ਹੈ।

ਗਤਿਕ ਨੇ ਸੋਮਵਾਰ ਨੂੰ ਕਿਹਾ ਕਿ ਸ਼ੁਰੂਆਤ ‘ਚ ਗ੍ਰੇਟਰ ਟੋਰਾਂਟੋ ਇਲਾਕੇ ‘ਚ, ਪੰਜ ਡਿਲੀਵਰੀ ਗੱਡੀਆਂ ਦਾ ਫ਼ਲੀਟ ਕੰਮ ਕਰੇਗਾ ਅਤੇ ਵਸਤਾਂ ਨੂੰ ਲੌਬਲੋ ਦੀ ਆਟੋਮੇਟਿਡ ਪਿੱਕਿੰਗ ਫ਼ੈਸਿਲਿਟੀ ਤੋਂ ਇਸ ਦੇ ਰੀਟੇਲ ਟਿਕਾਣਿਆਂ ਤਕ ਪਹੁੰਚਾਏਗਾ।

ਇਸ ਨੇ ਕਿਹਾ ਕਿ ਕੰਪਨੀ ਗੱਡੀਆਂ ਨੂੰ ਪੰਜ ਰੂਟਾਂ ‘ਤੇ ਚਲਾਏਗੀ ਜਿੱਥੇ ਸਮਾਨ ਉਤਾਰਨ ਵਾਲੀ ਥਾਂ ਪਹਿਲਾਂ ਤੋਂ ਮਿੱਥੀ ਗਈ ਹੋਵੇਗੀ।

ਗਤਿਕ ਨੇ ਕਿਹਾ ਕਿ ਇਸ ਐਲਾਨ ਤੋਂ ਪਹਿਲਾਂ ਟੋਰਾਂਟੋ ‘ਚ 10 ਮਹੀਨਿਆਂ ਤਕ ਇੱਕ ਆਟੋਨੋਮਸ ਡਿਲੀਵਰੀ ਗੱਡੀ ਦਾ ਸਫ਼ਲ ਤਜ਼ਰਬਾ ਕੀਤਾ ਗਿਆ ਹੈ।

ਲੌਬਲੋ ਡਿਜੀਟਲ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਲੌਰੇਨ ਸਟੀਨਬਰਗ ਨੇ ਕਿਹਾ, ”ਵੱਧ ਤੋਂ ਵੱਧ ਕੈਨੇਡੀਅਨ ਲੋਕ ਪ੍ਰਚੂਨ ਦਾ ਸਾਮਾਨ ਆਨਲਾਈਨ ਤਰੀਕੇ ਨਾਲ ਖ਼ਰੀਦ ਰਹੇ ਹਨ, ਇਸ ਲਈ ਅਸੀਂ ਆਪਣੀ ਸਪਲਾਈ ਚੇਨ ਨੂੰ ਵੱਧ ਤੋਂ ਵੱਧ ਸਮਰੱਥ ਬਣਾਉਣ ਦੇ ਤਰੀਕੇ ਲੱਭ ਰਹੇ ਹਾਂ। ਮਿਡਲ-ਮਾਈਲ ਆਟੋਨੋਮਸ ਡਿਲੀਵਰੀ ਇਸ ਦਾ ਬਿਹਤਰੀਨ ਉਦਾਹਰਣ ਹੈ।”

”ਟੋਰਾਂਟੋ ‘ਚ ਸ਼ੁਰੂਆਤ ਕਰਨ ਤੋਂ ਬਾਅਦ, ਅਸੀਂ ਦਿਨ ‘ਚ ਕਈ ਵਾਰੀ ਆਪਣੀ ਆਟੋਮੇਟਿਡ ਪਿੱਕਿੰਗ ਫ਼ੈਸਿਲਿਟੀ ਤੋਂ ਸਾਮਾਨ ਚੁੱਕ ਕੇ ਪੂਰੇ ਸ਼ਹਿਰ ਦੇ ਪੀ.ਸੀ. ਐਕਸਪ੍ਰੈੱਸ ਆਨਲਾਈਨ ਡਿਲੀਵਰੀ ਸਟੋਰਾਂ ‘ਚ ਪਹੁੰਚਾ ਸਕਦੇ ਹਾਂ।”

ਸਾਰੀਆਂ ਗੱਡੀਆਂ ‘ਚ ਸਹਾਇਕ ਵਜੋਂ ਇੱਕ ਸੁਰੱਖਿਆ ਡਰਾਈਵਰ ਵੀ ਰਹੇਗਾ।

ਪਰ ਕੀ ਉਦੋਂ ਤਕ ਉਡੀਕ ਕਰਨੀ ਠੀਕ ਨਹੀਂ ਰਹੇਗੀ ਜਦੋਂ ਤਕ ਪੂਰੀ ਤਰ੍ਹਾਂ ਖ਼ੁਦਮੁਖਤਿਆਰ ਗੱਡੀਆਂ ਨਹੀਂ ਬਣਦੀਆਂ?

ਲੌਬਲੋ ਦੇ ਬੁਲਾਰੇ ਨੇ ਗੱਲਬਾਤ ਦੌਰਾਨ ਕਿਹਾ, ”ਇਸ ਪ੍ਰਯੋਗ ਦਾ ਮਤਲਬ ਇਹ ਪਤਾ ਕਰਨਾ ਹੈ ਕਿ ਇਹ ਤਕਨਾਲੋਜੀ ਕਿਸ ਤਰ੍ਹਾਂ ਸਾਡੀ ਸਪਲਾਈ ਚੇਨ ਨੂੰ ਮਿਡਲ-ਮਾਈਲ ਡਿਲੀਵਰੀ ਨਾਲ ਬਿਹਤਰ ਕਰ ਸਕਦੀ ਹੈ। ਉਦਯੋਗ ‘ਚ ਹੋਰਨਾਂ ਸਮੇਤ, ਅਸੀਂ ਇਸ ਤਕਨਾਲੋਜੀ ਦੀਆਂ ਚੁਨੌਤੀਆਂ ਅਤੇ ਲਾਭਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ।”

ਸ਼ੁਰੂਆਤ ‘ਚ, ਪੰਜ ਡਿਲੀਵਰੀ ਗੱਡੀਆਂ ਦੀ ਫ਼ਲੀਟ ਗ੍ਰੇਟਰ ਟੋਰਾਂਟੋ ਏਰੀਆ ‘ਚ ਕੰਮ ਕਰੇਗੀ। (ਤਸਵੀਰ: ਗਤਿਕ)

ਲੌਬਲੋ ਨੇ ਕਿਹਾ ਕਿ ਇਸ ਨੇ ਗਤਿਕ ਦੀ ਚੋਣ ਇਸ ਲਈ ਕੀਤੀ ਕਿਉਂਕਿ ਇਹ ਕੰਪਨੀ ਆਟੋਨੋਮਸ ਮਿਡਲ-ਮਾਈਲ ਡਿਲੀਵਰੀ ਦੇ ਖੇਤਰ ‘ਚ ਮੋਢੀ ਹੈ।

”ਜਦੋਂ ਅਸੀਂ ਗਤਿਕ ਦੀ ਟੀਮ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ, ਇਹ ਬਿਲਕੁਲ ਸਾਫ਼ ਹੋ ਗਿਆ ਕਿ ਸਾਡੀ ਸਾਂਝੇਦਾਰੀ ਨਾਲ ਦੋਹਾਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਗਤਿਕ ਆਪਣੇ ਟਰੱਕਾਂ ਦੀ ਵੱਖੋ-ਵੱਖ ਮੌਸਮ ਦੇ ਹਾਲਾਤ ‘ਚ ਪਰਖ ਕਰਨਾ ਚਾਹੁੰਦਾ ਸੀ, ਜੋ ਕਿ ਕੈਨੇਡਾ ‘ਚ ਮੌਜੂਦ ਵੰਨ-ਸੁਵੰਨੇ ਮੌਸਮ ਨਾਲ ਨਜਿਠੱਣ ‘ਚ ਮਹੱਤਵਪੂਰਨ ਕਾਰਕ ਹੈ।”

ਕੰਪਨੀ  ਨੇ ਕਿਹਾ ਕਿ ਇਸ ‘ਤੇ ਆਉਣ ਵਾਲਾ ਖ਼ਰਚਾ ਗ੍ਰਾਹਕਾਂ ‘ਤੇ ਨਹੀਂ ਪਾਇਆ ਜਾਵੇਗਾ।

ਲੌਬਲੋ ਦੀਆਂ ਵਿਸ਼ੇਸ਼ ਰੀਟੇਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਗਤਿਕ ਨੇ ਕਿਹਾ ਕਿ ਉਸ ਨੇ ਫ਼ੋਰਡ ਟਰਾਂਜ਼ਿਟ 350 ਮਾਡਲ  ਬੋਕਸ ਟਰੱਕਾਂ ‘ਚ ਰੈਫ਼ਰਿਜਰੇਸ਼ਨ ਇਕਾਈਆਂ, ਲਿਫ਼ਟ ਗੇਟ ਅਤੇ ਇਸ ਵੱਲੋਂ ਖ਼ੁਦ ਤਿਆਰ ਕੀਤੇ ਖ਼ੁਦਮੁਖਤਿਆਰ ਸੈਲਫ਼-ਡਰਾਈਵਿੰਗ ਸਾਫ਼ਟਵੇਅਰ ਨੂੰ ਜੋੜਿਆ ਹੈ ਜੋ ਕਿ ਸ਼ਹਿਰੀ, ਅਰਧਸ਼ਹਿਰੀ ਅਤੇ ਹਾਈਵੇ ‘ਤੇ ਡਰਾਈਵਰ ਲਈ ਬਣਾਇਆ ਗਿਆ ਹੈ।”

ਗਤਿਕ ਦੇ ਗ੍ਰਾਹਕਾਂ ‘ਚ ਵਾਲਮਾਰਟ ਵੀ ਸ਼ਾਮਲ ਹੈ ਜਿਸ ਨੇ ਇਸ ਦੇ ਟਰੱਕਾਂ ਨੂੰ ਬੈਂਟਨਵਿਲੇ,  ‘ਚ ਜੂਨ 2019 ‘ਚ ਕੰਮ ‘ਤੇ ਲਾਇਆ ਸੀ।

ਕੰਪਨੀ ਨੇ ਕਿਹਾ ਕਿ ਇਸ ਨੇ ਅਮਰੀਕਾ ‘ਚ ਆਪਣੇ ਕਈ ਗ੍ਰਾਹਕਾਂ ਲਈ ਲਾਭ ਕਮਾਉਣ ਵਾਲੀਆਂ 30,000 ਤੋਂ ਵੱਧ ਆਟੋਨੋਮਸ ਡਿਲੀਵਰੀਆਂ ਨੂੰ ਪੂਰਾ ਕੀਤਾ ਹੈ।

ਗਤਿਕ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਗੌਤਮ ਨਾਰੰਗ ਨੇ ਕਿਹਾ, ”ਲੌਬਲੋ ਕੈਨੇਡਾ ਦੇ ਪ੍ਰਮੁੱਖ ਗਰੋਸਰੀ ਰੀਟੇਲਰਾਂ ‘ਚੋਂ ਇੱਕ ਹੈ ਅਤੇ ਅਸੀਂ ਇਸ ਦੀ ਪਹਿਲਾਂ ਤੋਂ ਹੀ ਮਜ਼ਬੂਤ ਸਪਲਾਈ ਚੇਨ ਦੀ ਸੁਰੱਖਿਆ ਅਤੇ ਕਾਰਗੁਜ਼ਾਰੀ ਬਿਹਤਰ ਕਰਨ ‘ਚ ਪ੍ਰਮੁੱਖ ਰੋਲ ਅਦਾ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ।”

ਗਤਿਕ ਨੇ ਕਿਹਾ ਕਿ ਇਸ ਨੇ ਅਮਰੀਕਾ ‘ਚ 30,000 ਤੋਂ ਜ਼ਿਆਦਾ ਲਾਭ ਕਮਾਉਣ ਵਾਲੀਆਂ ਆਟੋਨੋਮਸ ਡਿਲੀਵਰੀਆਂ ਨੂੰ ਮੁਕੰਮਲ ਕੀਤਾ ਹੈ। (ਤਸਵੀਰ: ਗਤਿਕ)

”ਰੀਟੇਲਰਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਲੋਜਿਸਟਿਕਸ ਕਾਰਵਾਈਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਮਿਡਲ-ਮਾਈਲ ‘ਚ ਹੁੰਦੀ ਹੈ, ਵਿਸ਼ੇਸ਼ ਕਰ ਕੇ ਆਟੋਮੇਟਡ ਪਿੱਕਿੰਗ ਫ਼ੈਸਿਲਿਟੀਜ਼ ਅਤੇ ਰੀਟੇਲ ਟਿਕਾਣਿਆਂ ਵਿਚਕਾਰ। ਇੱਥੇ ਹੀ ਗਤਿਕ ਕੰਮ ਆਉਂਦਾ ਹੈ ਅਤੇ ਸਫ਼ਲ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਆਪਣੇ ਗ੍ਰਾਹਕਾਂ ਦੇ ਤੁਰੰਤ ਕੰਮ ਆ ਸਕਦੇ ਹਾਂ।”

ਗਤਿਕ ਨੇ ਇਹ ਵੀ ਕਿਹਾ ਕਿ ਉਸ ਨੇ ਵਿੱਤ ਪੋਸ਼ਣ ਦੇ ਦੂਜੇ ਗੇੜ ‘ਚ 25 ਮਿਲੀਅਨ ਅਮਰੀਕੀ ਡਾਲਰ ਪ੍ਰਾਪਤ ਕੀਤੇ ਹਨ ਜਿਸ ਨਾਲ ਉਸ ਦਾ ਕੁੱਲ ਵਿੱਤੀ ਪੋਸ਼ਣ 29.5 ਮਿਲੀਅਨ ਡਾਲਰ ਹੋ ਗਿਆ ਹੈ।

ਕੰਪਨੀ ਦੀ ਸਥਾਪਨਾ 2017 ‘ਚ ਹੋਈ ਸੀ। ਇਸ ਦੇ ਦਫ਼ਤਰ ਪਾਲੋ ਆਲਟੋ, ਕੈਲੇਫ਼ੋਰਨੀਆ ਅਤੇ ਟੋਰਾਂਟੋ ‘ਚ ਹਨ।