ਸਈਅਦ ਅਹਿਮਦ: ਮਿਹਨਤ ਦਾ ਫੱਲ ਹਮੇਸ਼ਾ ਮਿਲ ਕੇ ਰਹਿੰਦੈ

ਭਾਰਤ ਦੇ ਮਹਾਂਨਗਰ ਕੋਲਕਾਤਾ ‘ਚ ਪਲੇ ਇੱਕ ਨੌਜੁਆਨ ਵੱਜੋਂ ਸਈਅਦ ਅਹਿਮਦ ਨੂੰ ਰੇਲ ਗੱਡੀਆਂ ਅਤੇ ਗਲੀਆਂ ‘ਚ ਦੌੜਦੀਆਂ ਕਾਰਾਂ ਵੇਖਣਾ ਪਸੰਦ ਸੀ।
ਅਹਿਮਦ ਇਨ੍ਹਾਂ ਤੋਂ ਏਨਾ ਪ੍ਰਭਾਵਤ ਸੀ ਕਿ ਉਸ ਨੇ ਆਪਣੀ ਡਿਗਰੀ ਵੀ ਮਕੈਨੀਕਲ ਇੰਜੀਨੀਅਰਿੰਗ ਦੇ ਵਿਸ਼ੇ ‘ਚ ਕੀਤੀ।
ਉਸ ਨੇ ਕਿਹਾ, ”ਡਿਗਰੀ ਕਰਨ ਤੋਂ ਬਾਅਦ ਮੇਰੀ ਪਹਿਲੀ ਨੌਕਰੀ ਭਾਰਤ ਦੇ ਸੱਭ ਤੋਂ ਵੱਡੇ ਟਰੱਕ ਨਿਰਮਾਤਾ ਅਸ਼ੋਕ-ਲੇਅਲੈਂਡ ਨਾਲ ਸੀ।”
ਉਹ 1987 ਦਾ ਸਾਲ ਸੀ।
ਪੰਜ ਸਾਲ ਬਾਅਦ ਉਹ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਚਲਾ ਗਿਆ ਅਤੇ ਰੇਨਾਲਟ ਟਰੱਕਸ ਡੀਲਰਸ਼ਿਪ ‘ਚ ਸੇਲਜ਼ ਇੰਜੀਨੀਅਰ ਵੱਜੋਂ ਕੰਮ ਕਰਨ ਲੱਗਾ।
ਅਹਿਮਦ ਲਈ, ਦੁਬਈ ਤਾਂ ਸਿਰਫ਼ ਕੈਨੇਡਾ ਤਕ ਪਹੁੰਚਣ ਦੇ ਰਸਤੇ ‘ਚ ਇੱਕ ਠਹਿਰਾਅ ਸੀ ਅਤੇ ਉਹ ਆਪਣੇ ਮੁਕਾਮ ਤਕ 1996 ‘ਚ ਪਹੁੰਚ ਗਿਆ ਜਿੱਥੇ ਉਸ ਨੂੰ ਇਸ ਉਦਯੋਗ ‘ਚ ਕਾਫ਼ੀ ਤਜਰਬਾ ਹੋਣ ਕਰ ਕੇ ਨੌਕਰੀ ਮਿਲ ਗਈ।
ਉਸ ਸਾਲ ਦਸੰਬਰ ਮਹੀਨੇ ‘ਚ, ਅਹਿਮਦ ਨੇ ਵੋਲਵੋ ਦੇ ਡੀਲਰ ਟੋਰਾਂਟੋ ਟਰੱਕ ਸੈਂਟਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਅਹਿਮਦ ਨੇ ਕਿਹਾ, ”ਉਸ ਸਮੇਂ ਮੈਂ ਹੈਵੀ ਟਰੱਕਿੰਗ ‘ਚ ਇੱਕੋ-ਇੱਕ ਦੱਖਣੀ ਏਸ਼ੀਆਈ ਸੇਲਜ਼ਮੈਨ ਸੀ।”
ਉਸ ਸਮੇਂ ਇਹ ਬਰਾਂਡ ਉੱਤਰੀ ਅਮਰੀਕੀ ਬਾਜ਼ਾਰ ‘ਚ ਨਵਾਂ ਸੀ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਵੋਲਵੋ ਦੇ ਟਰੱਕ ਵੇਚਣਾ ਆਸਾਨ ਨਹੀਂ ਸੀ।
ਉਹ ਸਾਰੇ ਤਾਂ ਫ਼ਰੇਟਲਾਈਨਰ ਖ਼ਰੀਦ ਰਹੇ ਸਨ।
”ਤੁਹਾਨੂੰ ਪਤਾ ਹੀ ਹੈ ਕਿ ਇੱਕ ਵਾਰੀ ਜਦੋਂ ਕੋਈ ਚੀਜ਼ ਲੋਕਾਂ ਦੀ ਪਸੰਦ ਬਣ ਜਾਂਦੀ ਹੈ ਤਾਂ ਉਹ ਉਸ ਨਾਲ ਹੀ ਜੁੜੇ ਰਹਿਣਾ ਪਸੰਦ ਕਰਦੇ ਹਨ। ਭਾਵੇਂ ਹੁਣ ਇਹ ਸੱਭ ਬਦਲ ਗਿਆ ਹੈ, ਪਰ ਇਸ ਲਈ ਬਹੁਤ ਮਿਹਨਤ ਕਰਨੀ ਪਈ ਸੀ।”
ਉਸ ਦੀ ਮਿਹਨਤ ਰੰਗ ਲਿਆਈ ਅਤੇ ਅਹਿਮਦ ਨੂੰ ਕਈ ਸੇਲਜ਼ ਪੁਰਸਕਾਰ ਮਿਲੇ ਅਤੇ ਵੋਲਵੋ ਨੇ ਖ਼ੁਦ ਨੂੰ ਕੈਨੇਡੀਅਨ ਬਾਜ਼ਾਰ ‘ਚ ਇੱਕ ਪ੍ਰਮੁੱਖ ਕੰਪਨੀ ਵੱਜੋਂ ਸਥਾਪਤ ਕਰ ਲਿਆ।
ਉਸ ਨੇ ਰੋਡ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ, ”ਮੇਰੇ ਕਰੀਅਰ ‘ਚ ਸੱਭ ਤੋਂ ਯਾਦਗਾਰੀ ਪਲ ਉਹ ਸੀ ਜਦੋਂ ਮੈਂ 2006 ‘ਚ ਕੈਨੇਡਾ ਦੇ ਬਿਹਤਰੀਨ ਸੇਲਜ਼ਪਰਸਨ ਦਾ ਪੁਰਸਕਾਰ ਹਾਸਲ ਕੀਤਾ। ਉਸ ਸਮੇਂ ਮੈਂ ਇਹ ਪੁਰਸਕਾਰ ਜਿੱਤਣ ਵਾਲਾ ਇਕੋ-ਇੱਕ ਦੱਖਣੀ ਏਸ਼ੀਆਈ ਵਿਅਕਤੀ ਸੀ।”
ਅਹਿਮਦ ਨੂੰ ਇਹ ਪੁਰਸਕਾਰ ਇੱਕ ਵਾਰੀ ਫਿਰ 2014 ‘ਚ ਮਿਲਿਆ।

2017 ਤਕ ਉਸ ਨੂੰ ਕਈ ਹੋਰ ਪੁਰਸਕਾਰ ਵੀ ਮਿਲ ਚੁੱਕੇ ਹਨ, ਜਿਨ੍ਹਾਂ ‘ਚ 14 ਵਾਰੀ ਮਾਸਟਰ ਸੇਲਜ਼ ਲੀਡਰ ਸਿਲਵਰ ਪੁਰਸਕਾਰ ਅਤੇ ਚਾਰ ਵਾਰੀ ਮਾਸਟਰ ਸੇਲਜ਼ ਲੀਡਰ ਗੋਲਡ ਪੁਰਸਕਾਰ ਸ਼ਾਮਲ ਹੈ।
ਪਰ ਅਹਿਮਦ ਨੂੰ ਇਨ੍ਹਾਂ ਮਾਣ-ਸਨਮਾਨਾਂ ‘ਤੇ ਹੰਕਾਰ ਨਹੀਂ ਹੈ।
ਉਹ ਵਰਕਸ਼ਾਪਾਂ ਅਤੇ ਸੈਮੀਨਾਰਾਂ ‘ਚ ਹਿੱਸਾ ਲੈ ਕੇ ਅਤੇ ਵੋਲਵੋ, ਕਮਿੰਸ ਅਤੇ ਪੀਟਰਬਿਲਟ ਵਰਗੇ ਕਈ ਨਿਰਮਾਤਾਵਾਂ ਵੱਲੋਂ ਪੇਸ਼ ਕੀਤੇ ਕੋਰਸਾਂ ਨੂੰ ਪੂਰਾ ਕਰ ਕੇ ਲਗਾਤਾਰ ਆਪਣੇ ਹੁਨਰ ਨੂੰ ਤਰਾਸ਼ਦਾ ਰਹਿੰਦਾ ਹੈ।
ਉਸ ਦੀ ਭਾਸ਼ਾ ‘ਤੇ ਪਕੜ ਨੇ ਵੀ ਉਸ ਨੂੰ ਆਪਣੇ ਕੰਮ ‘ਚ ਅੱਗੇ ਵਧਣ ‘ਚ ਭਰਪੂਰ ਮੱਦਦ ਕੀਤੀ। ਉਹ ਅੰਗ੍ਰੇਜ਼ੀ, ਬੰਗਾਲੀ, ਉਰਦੂ, ਹਿੰਦੀ ਅਤੇ ਤਾਮਿਲ ਵੀ ਬੋਲ ਲੈਂਦਾ ਹੈ।
”ਮੈਂ ਕੁੱਝ ਪੰਜਾਬੀ ਵੀ ਬੋਲ ਲੈਂਦਾ ਹਾਂ।”
ਅਹਿਮਦ ਇਸ ਵੇਲੇ ਕੈਨੇਡਾ ਦੇ ਸੱਭ ਤੋਂ ਵੱਡੇ ਪੀਟਰਬਿਲਟ ਡੀਲਰ ਸਰਵਸ ਇਕੁਇਪਮੈਂਟ – ਮਿਸੀਸਾਗਾ, ਓਂਟਾਰੀਓ ‘ਚ ਅਕਾਊਂਟ ਮੈਨੇਜਰ ਵੱਜੋਂ ਕੰਮ ਕਰਦਾ ਹੈ।
ਅਹਿਮਦ ਨੇ ਕਿਹਾ, ”ਸਾਡੇ ਕੋਲ ਬਿਹਤਰੀਨ ਸੇਲਜ਼, ਪਾਰਟਸ ਅਤੇ ਸਰਵਿਸ ਟੀਮ ਹੈ, ਇਸ ਲਈ ਮੈਨੂੰ ਇੱਥੇ ਕੰਮ ਕਰਨਾ ਪਸੰਦ ਹੈ।”
ਉਸ ਨੇ ਕਿਹਾ, ਇੱਥੇ ਕੰਮ ਕਰਨਾ ਅਕੇਵਾਂ ਨਹੀਂ ਲਗਦਾ, ਹਰ ਦਿਨ ਗਾਹਕਾਂ ਦੀਆਂ ਕਾਲਾਂ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸੁਣਦਿਆਂ ਬਿਲਕੁਲ ਵੱਖਰਾ ਹੁੰਦਾ ਹੈ।
”ਇਹ ਕਾਲ ਅੱਧੀ ਰਾਤ ਨੂੰ ਵੀ ਆ ਸਕਦੀ ਹੈ ਜਿਸ ‘ਚ ਗਾਹਕ ਨੂੰ ਮੱਦਦ ਦੀ ਜ਼ਰੂਰਤ ਹੁੰਦੀ ਹੈ, ਜਾਂ ਕਿਸੇ ਅਜਿਹੇ ਵਿਅਕਤੀ ਦੀ ਕਾਲ ਹੋ ਸਕਦੀ ਹੈ ਜੋ ਕਿ ਵਾਰੰਟੀ ਬਾਰੇ ਜਾਣਕਾਰੀ ਚਾਹੁੰਦਾ ਹੈ।”
ਉਸ ਨੇ ਇਹ ਵੀ ਕਿਹਾ ਕਿ ਕੋਵਿਡ-19 ਨੇ ਟਰੱਕਿੰਗ ਉਦਯੋਗ ‘ਤੇ ਮਾੜਾ ਅਸਰ ਪਾਇਆ ਹੈ ਪਰ ਹੁਣ ਵਿਕਰੀ ਤੇਜ਼ੀ ਫੜਨ ਲੱਗੀ ਹੈ।

ਮਾਰਚ ਮਹੀਨੇ ਤੋਂ ਲੈ ਕੇ ਘਰੋਂ ਹੀ ਆਪਣੇ ਕੰਮ ਨੂੰ ਅੰਜਾਮ ਦੇਣ ਵਾਲਾ ਅਹਿਮਦ ਹੁਣ ਦਫ਼ਤਰ ਪਰਤ ਆਇਆ ਹੈ ਕਿਉਂਕਿ ਗਾਹਕ ਵੀ ਸ਼ੋਅਰੂਮ ‘ਚ ਪੁੱਜਣ ਲੱਗੇ ਹਨ।
”ਉਹ ਟਰੱਕ ਖ਼ਰੀਦਣ ਲੱਗੇ ਹਨ। ਮੈਂ ਹੁਣੇ ਸੱਤ ਟਰੱਕਾਂ ਲਈ ਸੌਦਾ ਕੀਤਾ ਹੈ ਅਤੇ ਉਸ ਨੂੰ 15 ਟਰੱਕ ਹੋਰ ਚਾਹੀਦੇ ਸਨ।”
ਤੀਹਰੀ ਖ਼ੁਸ਼ੀ
ਅਹਿਮਦ ਦੀ ਜ਼ਿੰਦਗੀ ‘ਚ ਸੱਭ ਤੋਂ ਖ਼ੁਸ਼ੀਆਂ ਭਰਿਆ ਦਿਨ 1998 ‘ਚ ਆਇਆ, ਜਦੋਂ ਉਸ ਦੀ ਪਤਨੀ ਪ੍ਰਵੀਨ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ‘ਚੋਂ ਦੋ ਮੁੰਡੇ ਅਤੇ ਇੱਕ ਕੁੜੀ ਸੀ।
ਅਹਿਮਦ ਨੇ ਕਿਹਾ, ”ਉਹ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਸਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਵੱਡੀ ਚੁਨੌਤੀ ਸੀ।”
ਅੱਜ 22 ਸਾਲਾਂ ਬਾਅਦ ਰਹੀਮ, ਰਹਿਮਾਨ ਅਤੇ ਫ਼ਾਤਿਮਾ ਆਪਣੀ ਪੋਸਟ-ਗਰੈਜੁਏਸ਼ਨ ਪੜ੍ਹਾਈ ਕਰ ਰਹੇ ਹਨ।
ਅਹਿਮਦ ਨੇ ਕਿਹਾ ਕਿ ਹੋਰਨਾਂ ਨੌਜੁਆਨ ਕੈਨੇਡੀਅਨਾਂ ਵਾਂਗ, ਉਨ੍ਹਾਂ ਨੂੰ ਵੀ ਟਰੱਕਿੰਗ ‘ਚ ਕੋਈ ਦਿਲਚਸਪੀ ਨਹੀਂ ਹੈ।
ਉਸ ਨੇ ਕਿਹਾ, ”ਰਹੀਮ ਇੱਕ ਡਾਕਟਰ ਬਣਨਾ ਚਾਹੁੰਦਾ ਹੈ, ਫ਼ਾਤਿਮਾ ਦੰਦਾਂ ਦੀ ਡਾਕਟਰ ਅਤੇ ਰਹਿਮਾਨ ਇੱਕ ਗੇਮ ਡਿਜ਼ਾਈਨਰ ਬਣਨ ਵਲ ਵੱਧ ਰਿਹਾ ਹੈ।”
ਅਹਿਮਦ ਆਪਣਾ ਖ਼ਾਲੀ ਸਮਾਂ ਗੀਤ-ਸੰਗੀਤ ਸੁਣਨ ਅਤੇ ਭਾਰਤੀ ਫ਼ਿਲਮਾਂ ਜਾਂ ਕ੍ਰਿਕਟ ਵੇਖਣ ‘ਚ ਬਤੀਤ ਕਰਦਾ ਹੈ।
”ਮੈਂ ਤਾਂ ਬਹੁਤਾ ਸਮਾਂ ਕ੍ਰਿਕਟ ਵੇਖਦਾ ਰਹਿੰਦਾ ਹਾਂ।”
ਅਹਿਮਦ ਬਰੈਂਪਟਨ, ਓਂਟਾਰੀਓ ‘ਚ ਆਪਣੀ ਮਾਂ, ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਹੈ।
ਅਬਦੁਲ ਲਤੀਫ਼ ਵੱਲੋਂ