ਸਤੰਬਰ ’ਚ ਹੀ ਹੋਵੇਗਾ ਐਕਸਪੋਕੈਮ : ਨਿਊਕਾਮ ਨੇ ਕੀਤੀ ਪੁਸ਼ਟੀ
ਕੈਨੇਡਾ ਦੇ ਰਾਸ਼ਟਰੀ ਟਰੱਕਿੰਗ ਸ਼ੋਅ, ਐਕਸਪੋਕੈਮ, ਦੇ ਮਾਲਕ ਨਿਊਕਾਮ ਮੀਡੀਆ ਕਿਊਬੈੱਕ ਨੇ ਪੁਸ਼ਟੀ ਕੀਤੀ ਹੈ ਕਿ ਇਹ ਈਵੈਂਟ ਸਤੰਬਰ 22-23, 2021 ਨੂੰ ਈਸਪੇਸ ਸੇਂਟ-ਹਿਆਸਾਂਥ, ਕਿਊਬੈੱਕ ਵਿਖੇ ਹੀ ਹੋਵੇਗਾ।
ਸ਼ੋਅ ਦੇ ਡਾਇਰੈਕਟਰ ਥੀਅਰੀ ਕੁਆਗਲੀਆਤਾ ਨੇ ਕਿਹਾ, ‘‘ਕਿਊਬੈੱਕ ਸਰਕਾਰ ਵੱਲੋਂ ਪ੍ਰੋਵਿੰਸ ਦੇ ਅਰਥਚਾਰੇ ਨੂੰ ਪੂਰੀ ਤਰ੍ਹਾਂ ਖੋਲ੍ਹੇ ਜਾਣ ਬਾਰੇ ਕੀਤੇ ਗਏ ਬਹੁਤ ਸਾਕਾਰਾਤਮਕ ਐਲਾਨ ਤੋਂ ਬਾਅਦ ਅਤੇ ਈਸਪੇਸ ਸੇਂਟ-ਹਿਆਸਾਂਥ ’ਚ ਸਾਡੇ ਹਮਰੁਤਬਾ ਨਾਲ ਗੱਲਬਾਤ ਤੋਂ ਬਾਅਦ ਅਸੀਂ ਬੜੀ ਖ਼ੁਸ਼ੀ ਨਾਲ ਇਹ ਐਲਾਨ ਕਰਦੇ ਹਾਂ ਕਿ ਐਕਸਪੋਕੈਮ 2021 ਹੋਵੇਗਾ।’’
ਐਕਸਪੋਕੈਮ ਦੇ ਆਰਗੇਨਾਈਜ਼ਰ ਸੰਬੰਧਤ ਸਰਕਾਰੀ ਅਥਾਰਟੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮੁੜ ਕੰਮ ਸ਼ੁਰੂ ਕਰਨ ਸੰਬੰਧੀ ਹਦਾਇਤਾਂ ਨੂੰ ਵੇਖਦਿਆਂ ਅਤੇ ਮੌਜੂਦਾ ਵੈਕਸੀਨੇਸ਼ਨ ਦੀ ਦਰ ਨੂੰ ਵੇਖਦਿਆਂ, ਇੰਜ ਲਗਦਾ ਹੈ ਕਿ ਸਤੰਬਰ ’ਚ ਹੋਣ ਵਾਲਾ ਟਰੇਡ ਸ਼ੋਅ ਜ਼ਰੂਰ ਹੋਵੇਗਾ। ਸ਼ੋਅ ਨੂੰ ਉਸ ਸਮੇਂ ਮੌਜੂਦਾ ਸਿਹਤ ਬਾਰੇ ਹਦਾਇਤਾਂ ਦੀ ਪਾਲਣਾ ਕਰਦਿਆਂ ਹੀ ਕਰਵਾਇਆ ਜਾਵੇਗਾ।
ਨਿਊਕਾਮ ਦੇ ਪ੍ਰੈਜ਼ੀਡੈਂਟ ਜੋਅ ਗਲੀਓਨਾ ਨੇ ਕਿਹਾ, ‘‘ਅਸੀਂ ਬਹੁਤ ਉਤਸ਼ਾਹਤ ਹਾਂ। ਅਸੀਂ ਪਿਛਲੇ ਇੱਕ ਸਾਲ ਤੋਂ ਸਰਕਾਰੀ ਨਿਯਮਾਂ ’ਤੇ ਨਜ਼ਰ ਰੱਖ ਰਹੇ ਹਾਂ ਅਤੇ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਐਕਸਪੋਕੈਮ ਕੋਵਿਡ ਤੋਂ ਬਾਅਦ ਹੋਣ ਵਾਲਾ ਪਹਿਲਾ ਟਰੱਕਿੰਗ ਈਵੈਂਟ ਹੋਵੇਗਾ।’’