ਸਪਲਾਈ ਚੇਨ ਚੁਨੌਤੀਆਂ ਕਰਕੇ ਟਰੱਕ ਆਰਡਰਾਂ ਦੇ ਰਾਹ ’ਚ ਰੇੜਕਾ ਜਾਰੀ : ਸਮੀਖਿਅਕ

ਮਜ਼ਬੂਤ ਉਦਯੋਗਿਕ ਮੰਗ ਦੇ ਬਾਵਜੂਦ ਸ਼੍ਰੇਣੀ 8 ਟਰੱਕਾਂ ਦੇ ਆਰਡਰਾਂ ’ਚ ਕੋਈ ਜ਼ਿਆਦਾ ਵਾਧਾ ਵੇਖਣ ਨੂੰ ਨਹੀਂ ਮਿਲਿਆ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਓ.ਈ.ਐਮ. ਨੂੰ ਸਪਲਾਈ ਚੇਨ ਚੁਨੌਤੀਆਂ ਦੇ ਅਜੇ ਕੁੱਝ ਸਮੇਂ ਤੱਕ ਕਾਇਮ ਰਹਿਣ ਦੀ ਉਮੀਦ ਹੈ।

ਐਫ਼.ਟੀ.ਆਰ. ਦੇ ਕਮਰਸ਼ੀਅਲ ਵਹੀਕਲਜ਼ ਦੇ ਵਾਇਸ-ਪ੍ਰੈਜ਼ੀਡੈਂਟ ਡੌਨ ਏਕ ਨੇ ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ ’ਚ ਕਿਹਾ, ‘‘ਹੋਰ ਜ਼ਿਆਦਾ ਆਰਡਰ ਬੁੱਕ ਨਾ ਕਰਕੇ, ਓ.ਈ.ਐਮ. ਇਹ ਸੰਕੇਤ ਦੇ ਰਹੇ ਹਨ ਕਿ ਸਪਲਾਈ ਚੇਨ ’ਚ ਤੰਗੀ ਚਲ ਰਹੀ ਹੈ, ਅਤੇ ਉਨ੍ਹਾਂ ਨੂੰ ਅਗਲੇ ਕੁੱਝ ਮਹੀਨਿਆਂ ਦੌਰਾਨ ਉਤਪਾਦਨ ’ਚ ਤੇਜ਼ੀ ਆਉਂਦੀ ਨਹੀਂ ਦਿਸ ਰਹੀ।’’

(ਤਸਵੀਰ: ਐਫ਼.ਟੀ.ਆਰ.)

ਉੱਤਰੀ ਅਮਰੀਕਾ ’ਚ ਫ਼ਰਵਰੀ ਮਹੀਨੇ ਦੌਰਾਨ ਸ਼੍ਰੇਣੀ 8 ਟਰੱਕਾਂ ਦੇ 21,000 ਆਰਡਰ ਰਜਿਸਟਰਡ ਕੀਤੇ ਗਏ, ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ 2% ਘੱਟ ਸਨ ਪਰ ਪਿਛਲੇ ਸਾਲ ਮੁਕਾਬਲੇ 53% ਘੱਟ ਰਹੇ।

ਏਕ ਨੇ ਕਿਹਾ, ‘‘ਇਕਸਾਰ ਆਰਡਰ ਨਵੇਂ ਟਰੱਕਾਂ ਦੀ ਵੱਡੀ ਮੰਗ ਨੂੰ ਪ੍ਰਦਰਸ਼ਿਤ ਨਹੀਂ ਕਰਦੇ ਹਨ। ਨਵੇਂ ਅਤੇ ਪੁਰਾਣੇ ਟਰੱਕਾਂ ਦੀ ਬਹੁਤ ਕਮੀ ਹੈ ਅਤੇ ਆਰਥਿਕਤਾ ਦੇ ਸਾਰੇ ਖੇਤਰਾਂ ’ਚ ਫ਼ਰੇਟ ਦੀ ਮਾਤਰਾ ’ਚ ਨਿਰੰਤਰ ਵਾਧਾ ਜਾਰੀ ਹੈ। ਪਿੱਛੇ ਜਿਹੇ ਬੁਕਿੰਗ ਦੇ ਸੁਸਤ ਰਹਿਣ ਦੇ ਬਾਵਜੂਦ, ਪਿਛਲੇ 12 ਮਹੀਨਿਆਂ ਦੌਰਾਨ ਆਰਡਰਾਂ ਦੀ ਗਿਣਤੀ 320,000 ਇਕਾਈਆਂ ਰਹੀ, ਜੋ ਕਿ ਕਾਫ਼ੀ ਜ਼ਿਆਦਾ ਹੈ।’’

ਐਕਟ ਰਿਸਰਚ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਸਮੀਖਿਅਕ ਕੇਨੀ ਵੇਥ ਨੇ ਕਿਹਾ ਕਿ ਚੁਨੌਤੀਆਂ ਸਿਰਫ਼ ਸ਼੍ਰੇਣੀ 8 ਟਰੱਕਾਂ ਲਈ ਨਹੀਂ ਹਨ। ਫ਼ਰਵਰੀ ਦੇ ਸ਼੍ਰੇਣੀ 5-8 ਆਰਡਰਾਂ ’ਚ ਜਨਵਰੀ ਮੁਕਾਬਲੇ ਕੋਈ ਬਹੁਤਾ ਵਾਧਾ ਦਰਜ ਨਹੀਂ ਕੀਤਾ ਗਿਆ। ਐਕਟ ਰਿਸਰਚ ਅਨੁਸਾਰ ਫ਼ਰਵਰੀ ਦੌਰਾਨ ਸ਼੍ਰੇਣੀ 5-7 ਦੇ ਆਰਡਰ 18,300 ਇਕਾਈਆਂ ਰਹੇ।

ਉਨ੍ਹਾਂ ਕਿਹਾ ਕਿ ਆਰਡਰਾਂ ਦੀ ਮਾਤਰਾ ਮੋਟੇ ਤੌਰ ’ਤੇ ਅਸਲ ਉਤਪਾਦਨ ਗਤੀਵਿਧੀਆਂ ਦਾ ਸੂਚਕ ਹੈ।

‘‘ਘੱਟ ਆਰਡਰਾਂ ਦਾ ਕਾਰਨ ਸਪਲਾਈ ’ਚ ਕਮੀ ਦੱਸਿਆ ਜਾ ਰਿਹਾ ਹੈ, ਪਰ ਅੰਕੜੇ ਇਕੱਠੇ ਕਰਨ ਦੇ ਮੁਢਲੇ ਨਿਯਮ ਮਹੱਤਵਪੂਰਨ ਰੋਲ ਅਦਾ ਕਰਦੇ ਹਨ: ਓ.ਈ.ਐਮ. ਸਿਰਫ਼ ਉਨ੍ਹਾਂ ਆਰਡਰਾਂ ਬਾਰੇ ਦਸਦੇ ਹਨ ਜੋ ਕਿ ਅਗਲੇ 12 ਮਹੀਨਿਆਂ ਦੌਰਾਨ ਬਣਾਏ ਜਾਣੇ ਹਨ। ਬੈਕਲਾਗ ਦੇ 12 ਮਹੀਨਿਆਂ ਤੱਕ ਵੱਧ ਜਾਣ ਕਰਕੇ, ਅਤੇ ਆਉਣ ਸਮੇਂ ਬਾਰੇ ਸਪੱਸ਼ਟਤਾ ਨਾ ਹੋਣ ਕਰਕੇ, ਆਰਡਰਾਂ ਦੀ ਮਾਤਰਾ ਮੋਟੇ ਤੌਰ ’ਤੇ ਉਤਪਾਦਨ ਗਤੀਵਿਧੀਆਂ ਨੂੰ ਦਰਸਾ ਰਹੀ ਹੈ।’’

ਵੇਥ ਨੇ ਜ਼ੋਰ ਦੇ ਕੇ ਕਿਹਾ ਕਿ ਟਰੱਕਿੰਗ ਉਦਯੋਗ ਦੀ ਮਜ਼ਬੂਤੀ ਦਾ ਪੈਮਾਨਾ ਆਰਡਰਾਂ ਦੀ ਮਾਤਰਾ ਦੀ ਬਜਾਏ ਟਰੱਕਾਂ ਲਈ ਲੰਮਾ ਲੀਡ ਸਮਾਂ ਹੈ।