ਸਪਲਾਈ ਚੇਨ ’ਚ ਰੁਕਾਵਟਾਂ ਨਾਲ ਜੂਝਦਿਆਂ ਮੈਕ ਨੇ ਬਾਜ਼ਾਰ ’ਚ ਆਪਣੀ ਹਿੱਸੇਦਾਰੀ ਵਧਾਈ

Avatar photo

ਅਜਿਹੇ ਬਾਜ਼ਾਰ ’ਚ ਜਿੱਥੇ ਮੰਗ ਸਪਲਾਈ ਤੋਂ ਵੱਧ ਰਹੀ ਹੈ, ਮੈਕ ਟਰੱਕਸ ਅਜੇ ਵੀ ਕੈਨੇਡਾ ਅਤੇ ਉੱਤਰੀ ਅਮਰੀਕੀ ਬਾਜ਼ਾਰ ’ਚ ਕੁੱਲ ਮਿਲਾ ਕੇ ਆਪਣੀ ਹਿੱਸੇਦਾਰੀ ਨੂੰ ਵਧਾਉਣ ’ਚ ਸਫ਼ਲ ਰਿਹਾ ਹੈ।

ਵਾਰਡ ਦੇ ਅੰਕੜਿਆਂ ਅਨੁਸਾਰ ਅਗਸਤ ਦੌਰਾਨ ਮੈਕ ਦੀ ਸ਼੍ਰੇਣੀ 8 ਮਾਰਕੀਟ ਹਿੱਸੇਦਾਰੀ ਇਸ ਸਾਲ ਕੈਨੇਡਾ ’ਚ ਲਗਭਗ 1% ਵੱਧ ਕੇ 7.2% ਹੋ ਗਈ। ਸੇਲਸ ਅਤੇ ਕਮਰਸ਼ੀਅਲ ਕਾਰਵਾਈਆਂ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਅਨੁਸਾਰ ਅਮਰੀਕਾ/ਕੈਨੇਡਾ ਦੇ ਸਾਂਝੇ ਬਾਜ਼ਾਰ ’ਚ ਮੈਕ ਦਾ ਵਿਕਾਸ ਲਗਭਗ ਅੱਧਾ ਫ਼ੀਸਦੀ ਰਿਹਾ। ਉਹ ਸਟੀਵ ਜੁਗੋਵਿਚ  ਰੀਜਨਲ ਵਾਇਸ-ਪ੍ਰੈਜ਼ੀਡੈਂਟ, ਕੈਨੇਡਾ ਨਾਲ ਨਿਊਕਾਮ ਮੀਡੀਆ ਦੇ ਐਡੀਟਰਾਂ ਨੂੰ ਕੈਨੇਡੀਅਨ ਬਾਜ਼ਾਰ ਬਾਰੇ ਅਪਡੇਟ ਪ੍ਰਦਾਨ ਕਰ ਰਹੇ ਸਨ।

ਮੈਕ ਐਮ.ਡੀ. ਮੀਡੀਅਮ-ਡਿਊਟੀ ਟਰੱਕ। (ਤਸਵੀਰ: ਮੈਕ ਟਰੱਕਸ)

ਨਵਾਂ ਐਮ.ਡੀ. ਟਰੱਕ ਪੇਸ਼ ਕਰਨ ਨਾਲ ਵੀ ਮੀਡੀਅਮ-ਡਿਊਟੀ ਖੇਤਰ ’ਚ ਮੈਕ ਆਪਣਾ ਹਿੱਸਾ ਲਗਭਗ 3% ਕਰਨ ’ਚ ਸਫ਼ਲ ਰਿਹਾ।

ਰੈਂਡਲ ਨੇ ਕਿਹਾ, ‘‘ਅਸੀਂ ਇੱਕ ਸਾਲ ਅੰਦਰ ਹੀ ਬਾਜ਼ਾਰ ’ਚ ਸਿਫ਼ਰ ਤੋਂ 3% ਹਿੱਸੇਦਾਰੀ ਤੱਕ ਪਹੁੰਚ ਗਏ ਹਾਂ।’’ ਉਨ੍ਹਾਂ ਕਿਹਾ ਕਿ ਜੇਕਰ ਐਮ.ਡੀ. ਨੂੰ ਏਅਰ ਬ੍ਰੇਕਸ ਤੋਂ ਬਗ਼ੈਰ ਖ਼ਰੀਦਿਆ ਜਾ ਸਕਦਾ ਤਾਂ ਇਹ ਹੋਰ ਵੱਧ ਹੋਣੀ ਸੀ, ਜਿਸ ਕਰਕੇ ਇਸ ਨੂੰ ਵੱਡੀ ਗਿਣਤੀ ’ਚ ਡਰਾਈਵਰ ਚਲਾਉਣ ਦੇ ਸਮਰੱਥ ਬਣ ਸਕਦੇ ਸਨ।

ਬਦਕਿਸਮਤੀ ਨਾਲ, ਮੈਕ ਨੇ ਵੀ, ਬਾਕੀ ਸਾਰੇ ਓ.ਈ.ਐਮ. ਵਾਂਗ ਪ੍ਰਮੁੱਖ ਕਲਪੁਰਜ਼ਿਆਂ – ਪਲਾਸਟਿਕ ਰੇਜ਼ਿਨ ਤੋਂ ਲੈ ਕੇ ਮਾਈਕ੍ਰੋਪ੍ਰੋਸੈਸਰਾਂ ਤੱਕ – ਦੀ ਕਮੀ ਕਰਕੇ ਉਤਪਾਦਨ ’ਚ ਕਮੀ ਵੇਖੀ ਹੈ। ਅਤੇ ਰੈਂਡਲ ਨੂੰ ਇਸ ਸਮੱਸਿਆ ਦਾ ਕੋਈ ਅੰਤ ਨਹੀਂ ਦਿਸਦਾ।

ਉਨ੍ਹਾਂ ਕਿਹਾ, ‘‘ਇਸ ਸਾਲ ਦੇ ਬਚੇ ਹੋਏ ਮਹੀਨਿਆਂ ਅਤੇ ਅਗਲੇ ਸਾਲ ਤੱਕ ਮੰਗ ਬਹੁਤ ਜ਼ਿਆਦਾ ਹੈ। ਪਰ ਸਪਲਾਈ ਦੇ ਦਬਾਅ ਅਤੇ ਗੜਬੜੀਆਂ ਕਰਕੇ, ਸਾਨੂੰ ਲਗਦਾ ਹੈ, ਆਉਣ ਵਾਲੇ ਕਾਫ਼ੀ ਸਮੇਂ ਤੱਕ ਇਹ ਸਥਿਤੀ ਕਾਇਮ ਰਹੇਗੀ। ਪਹਿਲੀ ਤਿਮਾਹੀ ’ਚ, ਇੰਜ ਲਗਦਾ ਸੀ ਕਿ ਇਸ ਸਾਲ ਦੇ ਅੰਤ ਤੱਕ ਸਥਿਤੀ ’ਚ ਸੁਧਾਰ ਹੋਵੇਗਾ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸਾਨੂੰ ਪਤਾ ਲੱਗਾ ਕਿ ਅਜਿਹਾ ਨਹੀਂ ਹੋਣ ਵਾਲਾ… ਸਾਨੂੰ ਲਗਦਾ ਹੈ ਕਿ ਇਹ ਹਾਲਾਤ ਕਾਫ਼ੀ ਸਮੇਂ ਤਕ ਜਾਰੀ ਰਹਿਣਗੇ।’’

ਰੈਂਡਲ ਨੇ ਕਿਹਾ ਕਿ ਟਰੱਕ ਨਿਰਮਾਤਾਵਾਂ ਲਈ ਹਰ ਰੋਜ਼ ਨਵੀਂਆਂ ਤੰਗੀਆਂ ਅਤੇ ਚੁਨੌਤੀਆਂ ਪੈਦਾ ਹੋ ਰਹੀਆਂ ਹਨ। ਪਰ ਉਨ੍ਹਾਂ ਕਿਹਾ ਕਿ ਵੋਲਵੋ ਗਰੁੱਪ ਦਾ ਹਿੱਸਾ ਬਣਨ ਨਾਲ ਕੰਪਨੀ ਨੂੰ ਕੌਮਾਂਤਰੀ ਪੱਧਰ ’ਤੇ ਕਲਪੁਰਜ਼ਿਆਂ ਨੂੰ ਪ੍ਰਾਪਤ ਕਰਨ ’ਚ ਅਤੇ ਆਪਣੀ ਕੌਮਾਂਤਰੀ ਖ਼ਰੀਦ ਸ਼ਕਤੀ ਨੂੰ ਵਧਾਉਣ ’ਚ ਮੱਦਦ ਮਿਲੀ ਹੈ। ਦੂਜੀ ਕਤਾਰ ਦੇ ਸਪਲਾਈਕਰਤਾਵਾਂ ਨਾਲ ਕੰਮ ਕਰਨ ’ਚ ਇਸ ਦੀ ਨੇੜਤਾ ਵਧੀ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਜਦੋਂ ਪਹਿਲੀ ਕਤਾਰ ਦੇ ਸਪਲਾਈਕਰਤਾਵਾਂ ਕੋਲ ਸਾਮਾਨ ਘੱਟ ਜਾਵੇ ਤਾਂ ਉਨ੍ਹਾਂ ਤੋਂ ਸਪਲਾਈ ਵਧਾਈ ਜਾ ਸਕੇ।

ਰੈਂਡਲ ਨੇ ਕਿਹਾ ਕਿ ਖ਼ਰਾਬ ਪਏ ਟਰੱਕਾਂ ਲਈ ਕਲਪੁਰਜ਼ਿਆਂ ਦੀ ਖ਼ਰੀਦ ਨੂੰ ਪਹਿਲ ਦਿੱਤੀ ਜਾਂਦੀ ਹੈ, ਭਾਵੇਂ ਉਨ੍ਹਾਂ ਟਰੱਕਾਂ ਨੂੰ ਮੁਰੰਮਤ ਲਈ ਫ਼ੈਕਟਰੀ ’ਚ ਹੀ ਕਿਉਂ ਨਾ ਲਿਆਉਣਾ ਪਵੇ। ਉਨ੍ਹਾਂ ਕਿਹਾ, ‘‘ਖ਼ਰਾਬ ਟਰੱਕ ਨੂੰ ਅਸੀਂ ਹਮੇਸ਼ਾ ਪਹਿਲ ਦਿੰਦੇ ਹਾਂ।’’

ਇਸ ਦੌਰਾਨ ਜੋ ਗ੍ਰਾਹਕ ਨਿਰਮਾਣ ਸਲਾਟ ਨੂੰ ਪ੍ਰਾਪਤ ਨਹੀਂ ਕਰ ਸਕਦੇ ਹਨ ਉਹ ਟਰੇਡ-ਇਨ ਸਾਈਕਲ ਦਾ ਵਿਸਤਾਰ ਕਰ ਰਹੇ ਹਨ ਜਾਂ ਆਪਣੀ ਲੀਜ਼ ਦੇ ਅੰਤ ਸਮੇਂ ਤੱਕ ਉਡੀਕ ਕਰ ਰਹੇ ਹਨ। ਰੈਂਡਲ ਨੇ ਕਿਹਾ, ‘‘ਸਾਨੂੰ ਲਗਦਾ ਹੈ ਕਿ ਸਾਡੇ ਡੀਲਰ ਆਪਣੇ ਗ੍ਰਾਹਕਾਂ ਨਾਲ ਕੰਮ ਕਰਨ ’ਚ ਰਚਨਾਤਮਕ ਅਤੇ ਲਚੀਲੇ ਹਨ ਤਾਂ ਕਿ ਇਹ ਯਕੀਨੀ ਕਰ ਸਕੇ ਕਿ ਉਨ੍ਹਾਂ ਦੇ ਗ੍ਰਾਹਕ ਅਜੇ ਵੀ ਆਪਣੇ ਗ੍ਰਾਹਕਾਂ ਦੀ ਮੰਗ ਪੂਰੀ ਕਰਨ ਦੇ ਕਾਬਲ ਹਨ।’’

ਮੈਕ ਦੇ ਮਸ਼ਹੂਰ ਐਂਥਮ ਹਾਈਵੇ ਟਰੈਕਟਰ ਨੇ ਸ਼੍ਰੇਣੀ 8 ਸੈਗਮੈਂਟ ’ਚ ਇਸ ਦੀ ਹਿੱਸੇਦਾਰੀ ਨੂੰ ਵਧਾਉਣ ’ਚ ਮੱਦਦ ਕੀਤੀ ਹੈ। (ਤਸਵੀਰ: ਮੈਕ ਟਰੱਕਸ)

ਰੈਂਡਲ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਮੰਗ ਲੋਂਗਹੌਲ ਟਰੈਕਟਰ ਦੀ ਹੈ, ਜੋ ਕਿ ਅਮਰੀਕਾ ਅਤੇ ਕੈਨੇਡਾ ’ਚ ਇਸ ਸਾਲ ਨਵੇਂ ਟਰੱਕਾਂ ਦੀ ਰਜਿਸਟਰੇਸ਼ਨ ਦਾ 48% ਰਹੀ, ਜੋ ਕਿ ਪਿਛਲੇ ਸਾਲ ਤੋਂ 42% ਵੱਧ ਹੈ। ਹਾਲਾਂਕਿ, ਉਸਾਰੀ ਟਰੱਕਾਂ ਦੀ ਮੰਗ ਵੀ ਜ਼ਿਆਦਾ  ਰਹੀ, ਭਾਵੇਂ ਗਤੀਵਿਧੀ ਕਮਰਸ਼ੀਅਲ ਉਸਾਰੀ ਤੋਂ ਬਦਲ ਕੇ ਰਿਹਾਇਸ਼ੀ ਉਸਾਰੀ ਵੱਲ ਚਲੀ ਗਈ ਹੈ।

ਮੈਕ ਇਸ ਸਾਲ ਕੈਨੇਡਾ ’ਚ ਆਪਣੀ 100ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਅਤੇ ਡੀਲਰਾਂ ਤੇ ਗ੍ਰਾਹਕ ਟਿਕਾਣਿਆਂ ’ਤੇ ਵਿਸ਼ੇਸ਼ ਈਵੈਂਟ ਕਰਵਾਏ ਜਾ ਰਹੇ ਹਨ।

ਜੁਗੋਵਿਚ ਨੇ ਕਿਹਾ, ‘‘ਇਹ ਬਹੁਤ ਵੱਡੀ ਪ੍ਰਾਪਤੀ ਹੈ। ਅਤੇ ਅਸੀਂ ਬਹੁਤ ਚੰਗੀ ਤਰ੍ਹਾਂ ਅਗਲੇ 100 ਸਾਲਾਂ ਦੇ ਜਸ਼ਨ ਮਨਾਉਣ ਦੀ ਸਥਿਤੀ ’ਚ ਵੀ ਹਾਂ।’’

ਜੁਗੋਵਿਚ ਵਿਸ਼ਾਲ ਮੁਢਲਾ ਢਾਂਚਾ ਪ੍ਰਾਜੈਕਟਾਂ ਬਾਰੇ ਬਹੁਤ ਉਤਸ਼ਾਹਿਤ ਹਨ, ਜਿਨ੍ਹਾਂ ’ਚ ਟੋਰਾਂਟੋ ’ਚ ਰੋਜਰਸ ਸੈਂਟਰ ਦੀ ਸੰਭਾਵਤ ਮੁੜਉਸਾਰੀ ਸ਼ਾਮਲ ਹੈ, ਜਿੱਥੇ ਉਨ੍ਹਾਂ ਨੂੰ ਉਮੀਦ ਹੈ ਕਿ ਮੈਕ ਟਰੱਕਸ ਮਹੱਤਵਪੂਰਨ ਰੋਲ ਅਦਾ ਕਰਨਗੇ।

ਰੈਂਡਲ ਨੇ ਕਿਹਾ ਕਿ ਜਦੋਂ ਮੈਕ ਇੱਥੇ ਆਪਣੀ ਦੂਜੀ ਸ਼ਤਾਬਦੀ ’ਚ ਕਦਮ ਰੱਖ ਰਿਹਾ ਹੈ, ਤਕਨਾਲੋਜੀ ’ਚ ਤਰੱਕੀ ਦੀ ਗਤੀ ਹੋਰ ਤੇਜ਼ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਹੁਣ 95 ਫ਼ੀਸਦੀ ਮੈਕ ਐਂਥਮ ਟਰੱਕ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ਨਾਲ ਖ਼ਰੀਦੇ ਜਾ ਰਹੇ ਹਨ, ਜਿਸ ਬਾਰੇ 20 ਸਾਲ ਪਹਿਲਾਂ ਤੱਕ ਸੋਚਿਆ ਵੀ ਨਹੀਂ ਜਾ ਸਕਦਾ ਸੀ।

ਉਨ੍ਹਾਂ ਤਕਨਾਲੋਜੀਕਲ ਤਰੱਕੀ ਬਾਰੇ ਬੋਲਦਿਆਂ ਕਿਹਾ, ‘‘ਪਿਛਲੇ 100 ਸਾਲਾਂ ’ਚ ਇਹ ਨਿਰੰਤਰ ਗਤੀ ਨਾਲ ਵਧਦੀ ਰਹੀ ਹੈ। ਮੈਨੂੰ ਲਗਦਾ ਹੈ ਕਿ ਤਕਨਾਲੋਜੀਆਂ ਨੂੰ ਅਪਨਾਉਣਾ ਅਤੇ ਅੱਗੇ ਵਧਾਉਣ ਦੀ ਗਤੀ ਵਧਦੀ ਜਾ ਰਹੀ ਹੈ ਅਤੇ ਜਿਸ ਚੀਜ਼ ਨੂੰ ਲਾਗੂ ਕਰਨ ’ਚ ਪਹਿਲਾਂ 25 ਸਾਲ ਲਗਦੇ ਸਨ ਉਹ ਹੁਣ ਪੰਜ ਜਾਂ 10 ਸਾਲਾਂ ਦਾ ਸਮਾਂ ਬਣ ਗਿਆ ਹੈ।’’