ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ ਅਰਾਈਵਕੈਨ ਐਪ ਦਾ ਪ੍ਰਯੋਗ ਕਰਨ ਲਈ ਕਿਹਾ ਗਿਆ

ਕੈਨੇਡਾ-ਯੂ.ਐਸ. ਸਰਹੱਦ ਨੂੰ ਲੰਘਣ ਵਾਲੇ ਟਰੱਕ ਡਰਾਈਵਰਾਂ ਲਈ ਹੁਣ ਕੈਨੇਡਾ ਅੰਦਰ ਦਾਖ਼ਲ ਹੋਣ ਸਮੇਂ ਅਰਾਈਵਕੈਨ ਐਪ ਰਾਹੀਂ ਆਪਣਾ ਆਵਾਜਾਈ ਅਤੇ ਸੰਪਰਕ ਵੇਰਵਾ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ।

ਇਹ ਜ਼ਰੂਰਤ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹਣ ਲਈ ਅੱਧੀ ਰਾਤ ਤੋਂ ਲਾਗੂ ਤਾਜ਼ਾ ਪ੍ਰਕਿਰਿਆਵਾਂ ‘ਚੋਂ ਇੱਕ ਹੈ।

ਜਿਨ੍ਹਾਂ ਕੋਲ ਸਮਾਰਟਫ਼ੋਨ ਜਾਂ ਐਪ ਨਹੀਂ ਹਨ ਉਨ੍ਹਾਂ ਲਈ ਸੰਬੰਧਤ ਵੈੱਬ ਪੋਰਟਲ ਅਤੇ ਜ਼ੁਬਾਨੀ ਐਲਾਨਨਾਮਾ ਦੇਣ ਦਾ ਵਿਕਲਪ ਹੈ। ਵੈੱਬ ਪੋਰਟਲ ਦਾ ਪ੍ਰਯੋਗ ਕਰਨ ਲਈ ਡਰਾਈਵਰਾਂ ਨੂੰ ਈ-ਮੇਲ ਪਤੇ ਦੀ ਜ਼ਰੂਰਤ ਪਵੇਗੀ।

(ਤਸਵੀਰ: ਆਈਸਟਾਕ)

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਆਪਣੇ ਮੈਂਬਰਾਂ ਨੂੰ ਜਾਰੀ ਇੱਕ ਬੁਲੇਟਿਨ ‘ਚ ਕਿਹਾ, ”ਜ਼ੁਬਾਨੀ ਐਲਾਨ ਮਹਾਂਮਾਰੀ ਦੇ ਹਾਲਾਤ ਸੁਧਰਨ ਤਕ ਹੀ ਜ਼ਰੂਰੀ ਹੋਵੇਗਾ, ਤਾਂ ਕਿ ਸਰਹੱਦ ਪਾਰ ਵਪਾਰ ਕਰਨ ‘ਚ ਆਸਾਨੀ ਹੋ ਸਕੇ।”

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਕਿਹਾ, ”ਭਾਵੇਂ ਇਸ ਵੇਲੇ ਸਰਹੱਦ ਪਾਰ ਕਰਨ ਤੋਂ ਪਹਿਲਾਂ ਸੂਚਨਾ ਦੀ ਅਗਾਊਂ ਸਪੁਰਦਗੀ ਲਾਜ਼ਮੀ ਨਹੀਂ ਹੈ, ਪਰ ਯਾਤਰੀਆਂ ਨੂੰ ਆਪਣੀ ਸੂਚਨਾ ਨੂੰ ਅਰਾਈਵਕੈਨ ਜ਼ਰੀਏ ਪਹਿਲਾਂ ਹੀ ਜਮ੍ਹਾਂ ਕਰਵਾਉਣ ਦੀ ਸਖ਼ਤ ਸਿਫ਼ਾਰਸ਼ ਕੀਤੀ ਜਾਂਦੀ ਹੈ।”

ਟਰੱਕ ਡਰਾਈਵਰਾਂ ਨੂੰ ਯਾਤਰਾ ਅਤੇ ਸੰਪਰਕ ਵੇਰਵਾ ਦਰਜ ਕਰਵਾਉਣ ਦੀ ਜ਼ਰੂਰਤ ਹੈ ਪਰ ਉਨ੍ਹਾਂ ਲਈ ਸਵਾਲ-ਜਵਾਬ ਪੱਤਰ ‘ਚ ਕੁਆਰੰਟੀਨ ਦਾ ਹਿੱਸਾ ਭਰਨ ਦੀ ਜ਼ਰੂਰਤ ਨਹੀਂ ਹੈ।

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਨੇ ਮੈਂਬਰਾਂ ਨੂੰ ਦਿੱਤੇ ਆਪਣੇ ਸੰਦੇਸ਼ ‘ਚ ਕਿਹਾ, ”ਸੀ.ਬੀ.ਐਸ.ਏ. ਨੇ ਗੱਲਬਾਤ ਦੌਰਾਨ ਸਾਨੂੰ ਭਰੋਸਾ ਦਿੱਤਾ ਹੈ ਕਿ ਅਮਲੀ ਤੌਰ ‘ਤੇ ਉਨ੍ਹਾਂ ਦੀਆਂ ਹਦਾਇਤਾਂ ਉਹੀ ਰਹਿਣਗੀਆਂ, ਉਦਯੋਗ ਨੂੰ ਕਾਨੂੰਨ ਦੀ ਤਾਮੀਲ ਕਰਨ ‘ਚ ਮੱਦਦ ਕਰਨਾ।”

”ਉਹ ਸਰਹੱਦ ਅੰਦਰ ਆਉਂਦੇ ਡਰਾਈਵਰਾਂ ‘ਤੇ ਜੁਰਮਾਨਾ ਥੋਪਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ, ਪਰ ਇਸ ਦੀ ਬਜਾਏ ਸਾਡੇ ਡਰਾਈਵਰਾਂ ਨੂੰ ਅਤੇ ਸਾਡੇ ਉਦਯੋਗ ਨੂੰ ਕਾਨੂੰਨ ਤਾਮੀਲੀ ਲਈ ਸਿੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਫ਼ਸਰਾਂ ਕੋਲ ਸੋਮਵਾਰ ਤੋਂ ਜੁਰਮਾਨੇ ਲਾਉਣ ਦੀ ਤਾਕਤ ਆ ਜਾਵੇਗੀ, ਇਸ ਲਈ ਭਾਵੇਂ ਅਜਿਹਾ ਹੋਣ ਦੀ ਸੰਭਾਵਨਾ ਘੱਟ ਹੈ, ਪਰ ਅਜਿਹਾ ਹੋ ਸਕਦਾ ਹੈ।”

ਅਮਰੀਕਾ ਅਧਾਰਤ ਟਰੱਕ ਡਰਾਈਵਰਾਂ ਨੂੰ ਵੀ ਕੈਨੇਡਾ ਅੰਦਰ ਦਾਖ਼ਲ ਹੋਣ ਸਮੇਂ ਇਹੀ ਪ੍ਰਕਿਰਿਆ ਅਪਨਾਉਣੀ ਹੋਵੇਗੀ। ਕੈਨੇਡੀਅਨ ਨਾਗਰੀਕਾਂ ਤੋਂ ਉਲਟ, ਅਮਰੀਕਾ ਨਾਗਿਰਕਾਂ ਨੂੰ ਕਾਨੂੰਨ ਦੀ ਤਾਮੀਲ ਨਾ ਕੀਤੇ ਜਾਣ ‘ਤੇ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਐਪ ਨੂੰ ਮੁਫ਼ਤ ‘ਚ ਵੈੱਬਸਾਈਟ www.canada.ca/ArriveCAN ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।