ਸਰਹੱਦ ਪਾਰ ਢੋਆ-ਢੁਆਈ ਤਕਨਾਲੋਜੀ ’ਤੇ ਭਾਈਵਾਲੀ ਕਰਨਗੇ ਓਂਟਾਰੀਓ, ਮਿਸ਼ੀਗਨ
ਓਂਟਾਰੀਓ ਅਤੇ ਮਿਸ਼ੀਗਨ ਆਟੋਮੋਟਿਵ, ਢੋਆ-ਢੁਆਈ ਅਤੇ ਗਤੀਸ਼ੀਲਤਾ ਤਕਨਾਲੋਜੀਆਂ ਨੂੰ ਬਿਹਤਰ ਬਣਾਉਣ ਲਈ ਇੱਕ ਨਵੀਂ ਭਾਈਵਾਲੀ ਰਾਹੀਂ ਆਪਣੇ ਸਹਿਯੋਗ ਦਾ ਵਿਸਤਾਰ ਕਰ ਰਹੇ ਹਨ, ਤਾਂ ਕਿ ਲੋਕਾਂ ਅਤੇ ਵਸਤਾਂ ਦੀ ਜ਼ਮੀਨ, ਹਵਾਈ ਅਤੇ ਪਾਣੀ ਰਾਹੀਂ ਆਵਾਜਾਈ ’ਚ ਮੱਦਦ ਮਿਲ ਸਕੇ। ਇਸ ਬਾਰੇ ਬੁੱਧਵਾਰ ਨੂੰ ਇੱਕ ਬਿਆਨ ਰਾਹੀਂ ਜਾਣਕਾਰੀ ਦਿੱਤੀ ਗਈ।

ਓਂਟਾਰੀਓ ਸਰਕਾਰ ਨੇ, ਓਂਟਾਰੀਓ ਦੇ ਆਟੋਨੋਮਸ ਵਹੀਕਲ ਇਨੋਵੇਸ਼ਨ ਨੈੱਟਵਰਕ ਰਾਹੀਂ, ਅਤੇ ਸਟੇਟ ਆਫ਼ ਮਿਸ਼ੀਗਨ ਨੇ, ਆਪਣੇ ਮਿਸ਼ੀਗਨ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਰਾਹੀਂ, ਇੱਕ ਯਾਦ-ਪੱਤਰ ’ਤੇ ਹਸਤਾਖ਼ਰ ਕੀਤੇ ਹਨ ਤਾਂ ਕਿ ਸਰਹੱਦ ਪਾਰ ਪਰਖ ਵਾਤਾਵਰਣ ਨੂੰ ਲਾਗੂ ਕਰਨ ਦੇ ਤਰੀਕੇ ਲੱਭੇ ਜਾ ਸਕਣ ਜਿਸ ਨਾਲ ਓਂਟਾਰੀਓ ’ਚ ਆਟੋ ਅਤੇ ਟਰਾਂਸਪੋਰਟੇਸ਼ਨ ਤਕਨਾਲੋਜੀਆਂ ਦੇ ਵਪਾਰੀਕਰਨ ਅਤੇ ਅਪਨਾਉਣ ’ਚ ਮੱਦਦ ਮਿਲ ਸਕੇਗੀ।
ਸਹਿਯੋਗ ਦੇ ਟੀਚਿਆਂ ’ਚ ਸ਼ਾਮਲ ਹਨ:
– ਓਂਟਾਰੀਓ ਅਤੇ ਮਿਸ਼ੀਗਨ ਵਿਚਕਾਰ ਆਟੋਮੋਟਿਵ ਅਤੇ ਢੋਆ-ਢੁਆਈ ਤਕਨਾਲੋਜੀਆਂ ਦੇ ਵਧੇ ਹੋਏ ਸਹਿਯੋਗ ਤੋਂ ਸੰਭਾਵਤ ਆਰਥਕ, ਸਮਾਜਕ ਅਤੇ ਵਾਤਾਵਰਣ ਦੇ ਲਾਭਾਂ ਦੀ ਪਛਾਣ ਕਰਨਾ।
– ਕੁੱਝ ਵਿਸ਼ੇਸ਼ ਕਿਸਮ ਦੇ ਸਰਹੱਦ ਪਾਰ ਕਰਨ (ਜ਼ਮੀਨ, ਹਵਾਈ ਅਤੇ ਪਾਣੀ ਰਾਹੀਂ) ਨਾਲ ਲੋਕਾਂ ਅਤੇ ਵਸਤਾਂ, ਦੋਹਾਂ ਨਾਲ ਸੰਬੰਧਤ ਮੁੱਦਿਆਂ ਅਤੇ ਚੁਨੌਤੀਆਂ ਦੀ ਪਛਾਣ ਕਰਨਾ ਅਤੇ ਢੋਆ-ਢੁਆਈ ਦੀਆਂ ਤਕਨਾਲੋਜੀਆਂ ਇਨ੍ਹਾਂ ਦਾ ਹੱਲ ਕਿਸ ਤਰ੍ਹਾਂ ਕਰ ਸਕਦੀਆਂ ਹਨ।
– ਸੰਬੰਧਤ ਰੈਗੂਲੇਟਰੀ ਅਤੇ ਨੀਤੀ ਬਾਰੇ ਸੋਚ-ਵਿਚਾਰ ਕਰਨਾ।
– ਲਾਗੂ ਕਰਨ ਲਈ ਖਾਕਾ ਤਿਆਰ ਕਰਨਾ, ਜਿਨ੍ਹਾਂ ’ਚ ਢੋਆ-ਢੁਆਈ ਤਕਨਾਲੋਜੀਆਂ ਲਈ ਸਰਹੱਦ ਪਾਰ ਪਰਖਾਂ ਸ਼ਾਮਲ ਹਨ।
ਓਂਟਾਰੀਓ ਅਤੇ ਮਿਸ਼ੀਗਨ ਮਿਲ ਕੇ ਉੱਤਰੀ ਅਮਰੀਕਾ ਦੇ 22 ਫ਼ੀਸਦੀ ਆਟੋਮੋਟਿਵ ਆਊਟਪੁੱਟ ਲਈ ਜ਼ਿੰਮੇਵਾਰ ਹਨ। ਸਟੇਟ ਅਤੇ ਪ੍ਰੋਵਿੰਸ ਵਿਚਕਾਰ ਉੱਚ ਏਕੀਕਿ੍ਰਤ ਆਟੋਮੋਟਿਵ ਸਪਲਾਈ ਚੇਨ ਸਾਂਝੀ ਹੈ, ਜਿਨ੍ਹਾਂ ’ਚੋਂ ਗੱਡੀਆਂ ਦੇ ਕਲਪੁਰਜ਼ੇ ਮੁਕੰਮਲ ਗੱਡੀਆਂ ’ਚ ਲੱਗਣ ਤੋਂ ਪਹਿਲਾਂ ਕਈ ਵਾਰੀ ਸਰਹੱਦ ਦੇ ਇਧਰ-ਉਧਰ ਸਫ਼ਰ ਕਰਦੇ ਹਨ। ਸਾਲ 2020 ਦੌਰਾਨ ਮਿਸ਼ੀਗਨ ਅਤੇ ਓਂਟਾਰੀਓ ਵਿਚਕਾਰ ਵਸਤਾਂ ਦਾ ਕਾਰੋਬਾਰ 60.1 ਅਰਬ ਡਾਲਰ ਸੀ।
ਪ੍ਰਸਤਾਵ ਲਈ ਅਪੀਲਾਂ (ਆਰ.ਐਫ਼.ਪੀ.) ਇਸ ਵੇਲੇ ਮੰਗਵਾਈਆਂ ਜਾ ਰਹੀਆਂ ਹਨ, ਤਾਂ ਕਿ ਵਿਸਤਾਰਿਤ ਸਰਹੱਦੀ ਸਮਰੱਥਾ ਅਤੇ ਹੋਰ ਲਾਭਾਂ ਦੀ ਆਰਥਕ ਸਮਰੱਥਾ ਬਾਰੇ ਪਰਖ ਅਤੇ ਸਮੀਖਿਆ ਕੀਤੀ ਜਾ ਸਕੇ ਜੋ ਕਿ ਕੌਮਾਂਤਰੀ ਸਰਹੱਦ ਲਾਂਘਿਆਂ ’ਤੇ ਉੱਨਤ ਆਟੋਮੋਟਿਵ ਅਤੇ ਸਮਾਰਟ ਮੋਬਿਲਟੀ ਸਲਿਊਸ਼ਨਜ਼ ਲਾਉਣ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਆਰ.ਐਫ਼.ਪੀ. ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 13 ਸਤੰਬਰ ਹੈ।