ਸਸਕੈਚਵਨ ਅਤੇ ਅਲਬਰਟਾ ਟਰੱਕਿੰਗ ਐਸੋਸੀਏਸ਼ਨਾਂ ਨੇ ਸਿਖਲਾਈ ਦੇਣ ਲਈ ਕੀਤੀ ਸਾਂਝੇਦਾਰੀ

ਐਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏ.) ਅਤੇ ਸਸਕੈਚਵਨ ਟਰੱਕਿੰਗ ਐਸੋਸੀਏਸ਼ਨ (ਐਸ.ਟੀ.ਏ.) ਨੇ ਆਪਣੇ ਮੈਂਬਰਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਇਕੱਠਿਆਂ ਅੱਗੇ ਵਧਾਉਣ ਲਈ ਹੱਥ ਮਿਲਾਇਆ ਹੈ।

ਸਮਝੌਤੇ ਅਨੁਸਾਰ, ਏ.ਐਮ.ਟੀ.ਏ. ਆਪਣੇ ਕੋਰਸਾਂ ਨੂੰ ਵਿਸ਼ੇਸ਼ ਰੂਪ ਦੇ ਰਿਹਾ ਹੈ, ਜੋ ਕਿ ਸਸਕੈਚਵਨ ਦੇ ਕਮਰਸ਼ੀਅਲ ਟਰਾਂਸਪੋਰਟੇਸ਼ਨ ਉਦਯੋਗਾਂ ਨੂੰ ਮੁਫ਼ਤ ‘ਚ ਮੁਹੱਈਆ ਕਰਵਾਇਆ ਜਾਵੇਗਾ। ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਹਦਾਇਤ ਸਮੱਗਰੀ ਅਤੇ ਮੁਲਾਂਕਣ ਨੂੰ ਸਸਕੈਚਵਨ ਦੇ ਕਾਨੂੰਨਾਂ ਦੀਆਂ ਜ਼ਰੂਰਤਾਂ ਅਨੁਸਾਰ ਢਾਲਣ ਲਈ ਏ.ਐਮ.ਟੀ.ਏ. ਐਸ.ਟੀ.ਏ. ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਏ.ਐਮ.ਟੀ.ਏ. ‘ਚ ਸੱਟਾਂ ‘ਚ ਕਮੀ, ਸਿਖਲਾਈ ਅਤੇ ਸੀ.ਓ.ਆਰ. ਦੇ ਡਾਇਰੈਕਟਰ ਐਰਿਕ ਸ਼ਰਮਨ ਨੇ ਕਿਹਾ, ”ਮਿਲ ਕੇ ਸਿਖਲਾਈ ਦੇਣਾ ਬਿਹਤਰੀਨ ਕਾਰਜਪ੍ਰਣਾਲੀ ਦਾ ਮਾਨਕੀਕਰਨ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਕਦਮ ਹੈ। ਅੰਤਰਸੂਬਾਈ ਪੱਧਰ ‘ਤੇ ਕੰਮ ਕਰਨ ਵਾਲੇ ਕੈਰੀਅਰ ਇਸ ਸਿਖਲਾਈ ਪ੍ਰਤੀ ਨਿਰੰਤਰ ਪਹੁੰਚ ਤੋਂ ਲਾਭ ਪ੍ਰਾਪਤ ਕਰਨਗੇ, ਜਦਕਿ ਸਾਡੀਆਂ ਕੰਮ ਕਰਨ ਦੀਆਂ ਥਾਵਾਂ ਨੂੰ ਸੁਰੱਖਿਅਤ ਬਣਾਉਣ ਲਈ ਐਸੋਸੀਏਸ਼ਨਾਂ ਅੰਤਰ-ਜੁਡੀਸ਼ੀਅਲ ਸਹਿਯੋਗ ਦੀ ਉਦਾਹਰਣ ਸਥਾਪਤ ਕਰਨਗੀਆਂ।”

ਐਸ.ਟੀ.ਏ. ਦੀ ਕਾਰਜਕਾਰੀ ਡਾਇਰੈਕਟਰ ਸੂਜ਼ੈਨ ਈਵਾਰਟ ਨੇ ਕਿਹਾ, ”ਅਸੀਂ ਆਪਣੇ ਕੈਰੀਅਰਾਂ ਲਈ ਨਵੇਂ ਪ੍ਰੋਗਰਾਮ ਲਿਆਉਣ ਲਈ ਏ.ਐਮ.ਟੀ.ਏ. ਨਾਲ ਆਪਣੀ ਭਾਈਵਾਲੀ ਦਾ ਐਲਾਨ ਕਰ ਕੇ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ। ਇਸ ਨਾਲ ਉਦਯੋਗ ਅਧਾਰਤ ਸਿੱਖਿਆ ਅਤੇ ਸੁਰੱਖਿਆ ‘ਚ ਭਾਈਵਾਲੀ ਲਈ ਨਵਾਂ ਮਾਨਕ ਸਥਾਪਤ ਹੋਵੇਗਾ ਅਤੇ ਐਸ.ਟੀ.ਏ. ਲਈ ਸਾਡੇ ਮੈਂਬਰਾਂ ਨੂੰ ਸੀ.ਓ.ਆਰ. ਸਰਟੀਫ਼ੀਕੇਸ਼ਨ ਪੇਸ਼ਕਸ਼ ਕਰਨ ਦਾ ਰਾਹ ਪੱਧਰਾ ਹੋਵੇਗਾ। ਇਸ ਭਾਈਵਾਲੀ ਨਾਲ ਸਸਕੈਚਵਨ ਨੂੰ ਜੋ ਫ਼ਾਇਦਾ ਹੋਵੇਗਾ ਉਸ ਤੋਂ ਸਾਨੂੰ ਵੱਡੀ ਉਮੀਦ ਹੈ ਅਤੇ ਇਸ ਟੀਚੇ ਨੂੰ ਸਰ ਕਰਨ ਲਈ ਅਸੀਂ ਏ.ਐਮ.ਟੀ.ਏ. ਦਾ ਧੰਨਵਾਦ ਕਰਦੇ ਹਾਂ।”