ਸਸਕੈਚਵਨ ਟਰੱਕਿੰਗ ਐਸੋਸੀਏਸ਼ਨ ਕੈਰੀਅਰਜ਼ ਨੂੰ ਫ਼ਿਊਲ ਦੀ ਬਚਤ ਕਰਨ ‘ਚ ਮਦਦ ਕਰੇਗੀ
ਸਸਕੈਚਵਨ ਟਰੱਕਿੰਗ ਐਸੋਸੀਏਸ਼ਨ (ਐਸ.ਟੀ.ਏ.) ਨੇ ਕੁਦਰਤੀ ਸਰੋਤ ਕੈਨੇਡਾ (ਐਨ.ਆਰ.ਸੀ.) ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ, ਜਿਸ ‘ਚ ਐਸੋਸੀਏਸ਼ਨ ਕੈਰੀਅਰਜ਼ ਨੂੰ ਫ਼ਿਊਲ ਬਚਤ ‘ਚ ਮਦਦ ਕਰਨ ਲਈ ਕਈ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਦੇਵੇਗਾ।
ਐਸ.ਟੀ.ਏ. ਦੇ ਨੀਤੀ ਅਤੇ ਸੰਚਾਰ ਬਾਰੇ ਡਾਇਰੈਕਟਰ ਨਿਕੋਲ ਸਿਨਕਲੇਅਰ ਨੇ ਕਿਹਾ, ”ਮੈਂਬਰ ਕੰਪਨੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਬਾਰੇ ਸਿਖਿਅਤ ਕਰਨਾ ਐਸ.ਟੀ.ਏ. ਲਈ ਮਹੱਤਵਪੂਰਨ ਹੈ ਕਿਉਂਕਿ ਇਹ ਕੰਪਨੀਆਂ ਲਈ ਲਾਹੇਵੰਦ ਹੁੰਦਾ ਹੈ।” ਉਨ੍ਹਾਂ ਅੱਗੇ ਕਿਹਾ, ”ਕਾਰਬਨ ਟੈਕਸ ਵੀ ਸਸਕੈਚਵਨ ‘ਚ ਛੇਤੀ ਹੀ ਲਾਗੂ ਹੋਣ ਵਾਲਾ ਹੈ, ਇਸ ਲਈ ਫ਼ਿਊਲ ਦੀ ਬਚਤ ਇਸ ਵੇਲੇ ਸੱਭ ਤੋਂ ਮਹੱਤਵਪੂਰਨ ਮੁੱਦਾ ਹੈ।”
ਐਸ.ਟੀ.ਏ. ਦੀਆਂ ਕੋਸ਼ਿਸ਼ਾਂ ‘ਚ ਮੈਂਬਰ ਕੈਰੀਅਰਜ਼ ਨੂੰ ਐਨ.ਆਰ.ਸੀ. ਦੇ ਸਮਾਰਟਵੇ ਟਰਾਂਸਪੋਰਟ ਪਾਰਟਨਰਸ਼ਿਪ ਪ੍ਰੋਗਰਾਮ ਬਾਰੇ ਮਦਦ ਦੇਣਾ ਸ਼ਾਮਲ ਹੈ।
ਫ਼ਿਊਲ ਦੀ ਲਾਗਤ ਘੱਟ ਕਰਨ, ਕਾਰਗੁਜ਼ਾਰੀ ਬਿਹਤਰ ਕਰਨ, ਅਤੇ ਢੋਆ-ਢੁਆਈ ਸਪਲਾਈ ਲੜੀ ‘ਚ ਬਿਹਤਰੀਨ ਕਾਰਜਪ੍ਰਣਾਲੀ ਅਮਲ ‘ਚ ਲਿਆਉਣ ਦੇ ਮੰਤਵ ਨਾਲ ਸਮਾਰਟਵੇਅ ਪ੍ਰੋਗਰਾਮ ਨੇ 3,600 ਉੱਤਰੀ ਅਮਰੀਕੀ ਕੰਪਨੀਆਂ ਨੂੰ ਇਸ ਉੱਦਮ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ।
ਪ੍ਰੋਗਰਾਮ ਨੂੰ ਮੂਲ ਰੂਪ ‘ਚ ਯੂ.ਐਸ. ਵਾਤਾਵਰਨ ਸੁਰੱਖਿਆ ਏਜੰਸੀ ਨੇ 2004 ‘ਚ ਸ਼ੁਰੂ ਕੀਤਾ ਸੀ ਅਤੇ ਕੈਨੇਡਾ ‘ਚ ਇਸ ਨੂੰ 2012 ਤੋਂ ਚਲਾਇਆ ਜਾ ਰਿਹਾ ਹੈ। ਇਹ ਸਵੈਇੱਛਤ ਪ੍ਰੋਗਰਾਮ ਹੈ ਜੋ ਕਿ ਕਾਰੋਬਾਰਾਂ ਨੂੰ ਆਪਣੀਆਂ ਕਾਰਵਾਈਆਂ ਦੇ ਮਾਨਦੰਡ ਮਿੱਥਣ, ਫ਼ਿਊਲ ਦੀ ਖਪਤ ਦਾ ਹਿਸਾਬ ਰੱਖਣ, ਅਤੇ ਕੁਲ ਮਿਲਾ ਕੇ ਕਾਰਗੁਜ਼ਾਰੀ ਮਾਪਣ ‘ਚ ਮਦਦ ਕਰਦਾ ਹੈ।
ਸਮਾਰਟਡਰਾਈਵਰ ਦੇ ਨਾਲ ਫ਼ਲੀਟਸਮਾਰਟ ਵੀ ਇਕ ਹੋਰ ਪ੍ਰੋਗਰਾਮ ਹੈ ਜਿਸ ਨੂੰ ਕੈਰੀਅਰਜ਼ ਵੱਲੋਂ ਲਾਗੂ ਕਰਨ ‘ਚ ਐਸ.ਟੀ.ਏ. ਮਦਦ ਕਰੇਗੀ ਜੋ ਕਿ ਐਨ.ਆਰ.ਸੀ. ਨਾਲ ਸਾਂਝੇਦਾਰੀ ਦਾ ਹੀ ਹਿੱਸਾ ਹੋਵੇਗਾ।
ਫ਼ਲੀਟਸਮਾਰਟ ਕਾਰੋਬਾਰੀ ਅਤੇ ਉਦਯੋਗਿਕ ਫ਼ਲੀਟਜ਼ ਨੂੰ ਫ਼ਿਊਲ ਦੀ ਬਚਤ ਘੱਟ ਕਰਨ ‘ਚ ਵੀ ਮਦਦ ਕਰਦੀ ਹੈ, ਜਿਸ ਦੇ ਬਦਲੇ ਉਨ੍ਹਾਂ ਨੂੰ ਪ੍ਰਦੂਸ਼ਣ ਘੱਟ ਕਰਨ ‘ਚ ਮਦਦ ਮਿਲਦੀ ਹੈ।
ਫ਼ਲੀਟਸਮਾਰਟ ਰਾਹੀਂ ਡਰਾਈਵਰ, ਸਿਖਿਅਕ, ਅਤੇ ਫ਼ਲੀਟ ਮੈਨੇਜਰ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਡਰਾਈਵਿੰਗ ਦੀਆਂ ਆਦਤਾਂ, ਕਾਰੋਬਾਰੀ ਪ੍ਰੈਕਟੀਸਿਜ਼, ਅਤੇ ਊਰਜਾ-ਕੁਸ਼ਲ ਗੱਡੀਆਂ ਦਾ ਲਾਗਤਾਂ, ਪ੍ਰਦੂਸ਼ਣ, ਅਤੇ ਉਤਪਾਦਕਤਾ ‘ਤੇ ਕੀ ਅਸਰ ਪੈਂਦਾ ਹੈ।
ਸਮਾਰਟਡਰਾਈਵਰ ਨੂੰ ਫ਼ਲੀਟਸਮਾਰਟ ਨਾਲ ਜੋੜ ਕੇ ਪ੍ਰੋਗਰਾਮ ਲਈ ਵੈੱਬ-ਅਧਾਰਤ ਸਿਖਲਾਈ ਵਸੀਲਾ ਬਣਾਇਆ ਜਾ ਸਕਦਾ ਹੈ, ਜਿਸ ਨਾਲ ਅਜਿਹੀਆਂ ਡਰਾਈਵਿੰਗ ਆਦਤਾਂ ਸਿਖਾਈਆਂ ਜਾ ਸਕਦੀਆਂ ਹਨ ਜੋ ਫ਼ਿਊਲ ਬਚਤ ਨੂੰ ਵਧਾਉਂਦੀਆਂ ਹਨ।
ਅਖ਼ੀਰ ‘ਚ, ਗ੍ਰੀਨ ਫ਼ਰੇਟ ਅਸੈਸਮੈਂਟ ਪ੍ਰੋਗਰਾਮ ਐਨ.ਆਰ.ਸੀ. ਵੱਲੋਂ ਇਕ ਉੱਦਮ ਹੈ ਜੋ ਕਿ ਕੈਰੀਅਰਜ਼ ਨੂੰ ਆਪਣੇ ਫ਼ਲੀਟ ਦੀ ਹਾਲਤ ਦੀ ਸਮੀਖਿਆ ਕਰਨ ਲਈ 10,000 ਡਾਲਰ ਦਾ ਯੋਗਦਾਨ ਦਿੰਦਾ ਹੈ। ਮੁਲਾਂਕਣ ਕੰਪਨੀਆਂ ਨੂੰ ਫ਼ਿਊਲ ਦੀ ਲਾਗਤ ਅਤੇ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਘੱਟ ਕਰਨ ਬਾਰੇ ਜਾਗਰੂਕ ਫ਼ੈਸਲਾ ਲੈਣ ‘ਚ ਮਦਦ ਕਰਦਾ ਹੈ।
ਐਸ.ਟੀ.ਏ. ਦਾ ਕਹਿਣਾ ਹੈ ਕਿ ਆਵਾਜਾਈ ਖੇਤਰ ‘ਚ ਹੈਵੀ-ਡਿਊਟੀ ਟਰੱਕ ਵੱਡੀ ਮਾਤਰਾ ‘ਚ ਉਤਸਰਜਨ ਕਰਦੇ ਹਨ, ਅਤੇ ਕਿਰਾਏ-ਭਾੜੇ ਦੀ ਮੰਗ ਲਗਾਤਾਰ ਆਰਥਿਕਤਾ ਦੇ ਨਾਲ ਵੱਧਦੀ ਜਾ ਰਹੀ ਹੈ।