ਸਾਰੇ ਸਰਹੱਦੀ ਲਾਂਘਿਆਂ ‘ਤੇ ਡਰਾਈਵਰਾਂ ਕੋਲੋਂ ਪ੍ਰਾਪਤ ਕੀਤੀ ਜਾਵੇਗੀ ਵਿਅਕਤੀਗਤ ਸੂਚਨਾ

ਪੂਰੇ ਕੈਨੇਡਾ-ਅਮਰੀਕੀ ਦਾਖ਼ਲਾ ਸਥਾਨਾਂ ‘ਤੇ 30 ਜੁਲਾਈ ਤੋਂ ਬਾਅਦ ਟਰੱਕ ਡਰਾਈਵਰਾਂ ਕੋਲੋਂ ਵਿਅਕਤੀਗਤ ਸੰਪਰਕ ਸੂਚਨਾ ਇਕੱਠੀ ਕੀਤੀ ਜਾਵੇਗੀ। ਇਹ ਕੋਵਿਡ-19 ਵਿਰੁੱਧ ਜੰਗ ‘ਚ ਸੰਪਰਕ ਹੇਠ ਆਏ ਲੋਕਾਂ ਦੀ ਥਹੁ-ਪਤਾ ਲਾਉਣ ਲਈ ਸ਼ੁਰੂ ਕੀਤੀ ਪ੍ਰਕਿਰਿਆ ਦਾ ਆਖ਼ਰੀ ਕਦਮ ਹੋਵੇਗਾ।
ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਅਨੁਸਾਰ ਜਦੋਂ ਇਸ ਪ੍ਰਕਿਰਿਆ ਦਾ ਇਸ ਮਹੀਨੇ ਦੀ ਸ਼ੁਰੂਆਤ ‘ਚ ਆਗਾਜ਼ ਕੀਤਾ ਗਿਆ ਸੀ ਤਾਂ ਕੁੱਝ ਲੰਮੀਆਂ ਕਤਾਰਾਂ ਕਰਕੇ ਦੇਰ ਲਗਦੀ ਵੇਖੀ ਗਈ ਸੀ, ਪਰ ਵਿਅਕਤੀਗਤ ਸੂਚਨਾ ਸਿਰਫ਼ ਇੱਕ ਵਾਰੀ ਪ੍ਰਾਪਤ ਕਰਨੀ ਹੁੰਦੀ ਹੈ ਅਤੇ ਇਸ ਨੂੰ ਦੂਜੀ ਵਾਰੀ ਸਰਹੱਦ ਪਾਰ ਕਰਨ ‘ਤੇ ਦਰਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਟਰੱਕ ਡਰਾਈਵਰਾਂ ਨੂੰ ਸਰਹੱਦ ‘ਤੇ ਪਹੁੰਚਣ ਤੋਂ ਪਹਿਲਾਂ ਹੀ ਜ਼ਰੂਰੀ ਸੂਚਨਾ ਫ਼ੈਡਰਲ ਸਰਕਾਰ ਦੀ ਅਰਾਇਵਕੈਨ ਐਪ ‘ਤੇ ਦਰਜ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਸਰਹੱਦੀ ਸੇਵਾ ਅਫ਼ਸਰਾਂ ਨੂੰ ਪਹਿਲੀਆਂ ਜਾਂਚ ਕਤਾਰਾਂ ‘ਚ ਜ਼ਰੂਰੀ ਅੰਕੜੇ ਦਰਜ ਕਰਨ ਦੀ ਘੱਟ ਜ਼ਰੂਰਤ ਪਵੇ।
ਜ਼ਰੂਰੀ ਸੂਚਨਾ ‘ਚ ਸੰਪਰਕ ਸੂਚਨਾ ਅਤੇ ਸਵੈ-ਸੂਚਿਤ ਲੱਛਣ ਸ਼ਾਮਲ ਹਨ, ਹਾਲਾਂਕਿ ਟਰੱਕ ਡਰਾਈਵਰਾਂ ਨੂੰ ਹਰ ਹਾਲਤ ‘ਚ ਸੂਚਨਾ ਦਰਜ ਕਰਵਾਉਣੀ ਹੁੰਦੀ ਹੈ, ਭਾਵੇਂ ਉਨ੍ਹਾਂ ‘ਚ ਕੋਵਿਡ-19 ਦੇ ਲੱਛਣ ਹੋਣ ਜਾਂ ਨਾ ਹੋਣ।
ਇਹ ਪ੍ਰਕਿਰਿਆ ਹਰ ਉਸ ਵਿਅਕਤੀ ‘ਤੇ ਲਾਗੂ ਹੁੰਦੀ ਹੈ ਜੋ ਕਿ ਸਰਹੱਦ ਪਾਰ ਕਰ ਰਿਹਾ ਹੈ ਅਤੇ ਜਿਸ ਨੂੰ 14 ਦਿਨਾਂ ਦੀਆਂ ਏਕਾਂਤਵਾਸ ਜ਼ਰੂਰਤਾਂ ਤੋਂ ਛੋਟ ਦਿੱਤੀ ਗਈ ਹੈ।