ਸਿਫ਼ਰ ਉਤਸਰਜਨ ਗੱਡੀਆਂ ’ਤੇ ਫ਼ੈਡਰਲ ਬਜਟ ’ਚ ਵੱਡਾ ਵਾਧਾ

Avatar photo

2022 ਦੇ ਫ਼ੈਡਰਲ ਬਜਟ ’ਚ ਐਲਾਨੀਆਂ ਵਚਨਬੱਧਤਾਵਾਂ ਅਧੀਨ ਕੈਨੇਡਾ ਦੀ ਫ਼ੈਡਰਲ ਸਰਕਾਰ ਅਗਲੇ ਪੰਜ ਸਾਲਾਂ ਦੌਰਾਨ ਮੀਡੀਅਮ- ਅਤੇ ਹੈਵੀ-ਡਿਊਟੀ ਸਿਫ਼ਰ-ਉਤਸਰਜਨ ਗੱਡੀਆਂ (ਜ਼ੈੱਡ.ਈ.ਵੀ.) ’ਤੇ 780.9 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।

(ਫ਼ਾਈਲ ਫ਼ੋਟੋ : ਵੋਲਵੋ ਟਰੱਕਸ ਨੌਰਥ ਅਮਰੀਕਾ)

ਬਜਟ ਦਸਤਾਵੇਜ਼ ’ਚ ਲਿਖਿਆ ਹੈ, ‘‘ਪੂਰੇ ਕੈਨੇਡਾ ’ਚ ਕਾਰੋਬਾਰ ਆਪਣੇ ਫ਼ਲੀਟ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਜਲਵਾਯੂ ਤਬਦੀਲੀ ਦਾ ਹੱਲ ਕੱਢਣ ਲਈ ਆਪਣਾ ਯੋਗਦਾਨ ਦੇ ਸਕਣ। ਹਾਲਾਂਕਿ, ਇਹ ਅਪਗ੍ਰੇਡ ਬਹੁਤ ਖ਼ਰਚੀਲੇ ਹੋ ਸਕਦੇ ਹਨ, ਅਤੇ ਕਾਰੋਬਾਰਾਂ ਨੂੰ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਜ਼ੈੱਡ.ਈ.ਵੀ. ਉਨ੍ਹਾਂ ਦੀਆਂ ਵਸਤਾਂ ਨੂੰ ਭਰੋਸੇਯੋਗ ਤਰੀਕੇ ਨਾਲ ਬਾਜ਼ਾਰ ਤੱਕ ਪਹੁੰਚਾ ਸਕਦੇ ਹੋਣ।’’

ਅਗਲੇ ਚਾਰ ਸਾਲਾਂ ਦੌਰਾਨ ਮੀਡੀਅਮ- ਅਤੇ ਹੈਵੀ-ਡਿਊਟੀ ਜ਼ੈੱਡ.ਈ.ਵੀ. ਲਈ ਨਵੀਂ ਟਰਾਂਸਪੋਰਟ ਕੈਨੇਡਾ ਖ਼ਰੀਦ ਪਹਿਲ ਪ੍ਰੋਗਰਾਮ ’ਚ 547.5 ਮਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਜਾਵੇਗਾ। ਫ਼ੰਡ 2022-23 ’ਚ 11 ਮਿਲੀਅਨ ਡਾਲਰ ਤੋਂ ਵੱਧ ਕੇ 2023-24 ’ਚ 97 ਮਿਲੀਅਨ ਡਾਲਰ, 2024-25 ’ਚ 149 ਮਿਲੀਅਨ  ਡਾਲਰ, 2025-26 ’ਚ 290 ਮਿਲੀਅਨ ਡਾਲਰ ਹੋ ਜਾਣਗੇ।

ਹੋਰ 33.8 ਮਿਲੀਅਨ ਡਾਲਰਾਂ ਦਾ ਪ੍ਰਯੋਗ ਟਰਾਂਸਪੋਰਟ ਕੈਨੇਡਾ, ਪ੍ਰੋਵਿੰਸ ਅਤੇ ਟੈਰੀਟੋਰੀਜ਼ ’ਚ ਰੈਗੂਲੇਸ਼ਨਾਂ ਨੂੰ ਸੁਸੰਗਤ ਕਰਨ ਅਤੇ ਸਿਫ਼ਰ-ਉਤਸਰਜਨ ਲੋਂਗਹੌਲ ਟਰੱਕਾਂ ਦੀ ਮੁਕੰਮਲ ਸੁਰੱਖਿਆ ਜਾਂਚ ਲਈ ਕੀਤਾ ਜਾਵੇਗਾ।

ਗ੍ਰੀਨ ਰੈਟਰੋਫ਼ਿੱਟ

ਕੁਦਰਤੀ ਸਰੋਤ ਕੈਨੇਡਾ ਦਾ ਗ੍ਰੀਨ ਫ਼ਰੇਟ ਅਸੈੱਸਮੈਂਟ ਪ੍ਰੋਗਰਾਮ – ਜਿਸ ਦਾ ਨਾਂ ਬਦਲ ਕੇ ਗ੍ਰੀਨ ਫ਼ਰੇਟ ਪ੍ਰੋਗਰਾਮ ਕਰ ਦਿੱਤਾ ਗਿਆ ਹੈ – ’ਚ ਪੰਜ ਸਾਲਾਂ ਦੌਰਾਨ 199.6 ਮਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਜਾਵੇਗਾ ਤਾਂ ਕਿ ਪਹਿਲਾਂ ਹੀ ਸੜਕਾਂ ’ਤੇ ਚਲ ਰਹੀਆਂ ਗੱਡੀਆਂ ਨੂੰ ਕਾਰਬਨ ਮੁਕਤ ਕੀਤਾ ਜਾ ਸਕੇ। ਬਜਟ ’ਚ ਕਿਹਾ ਗਿਆ ਹੈ, ‘‘ਇਹ ਵੱਧ ਗੱਡੀਆਂ ਦੇ ਮੁਲਾਂਕਣ ਅਤੇ ਰੈੱਟਰੋਫ਼ਿੱਟ ਦਾ ਸਮਰਥਨ ਕਰੇਗਾ ਅਤੇ ਫ਼ਲੀਟ ਤੇ ਗੱਡੀਆਂ ਦੀਆਂ ਕਿਸਮਾਂ ’ਚ ਵੱਧ ਵੰਨ-ਸੁਵੰਨਤਾ ਆਵੇਗੀ।’’

2022-23 ਦੌਰਾਨ ਇਸ ’ਚ 23 ਮਿਲੀਅਨ ਡਾਲਰ ਦੀ ਫ਼ੰਡਿੰਗ ਕੀਤੀ ਜਾਵੇਗੀ, ਜੋ ਕਿ ਅਗਲੇ ਸਾਲਾਂ ਦੌਰਾਨ ਕ੍ਰਮਵਾਰ ਵੱਧ ਕੇ 45 ਮਿਲੀਅਨ ਡਾਲਰ, 53 ਮਿਲੀਅਨ ਡਾਲਰ, 49 ਮਿਲੀਅਨ ਡਾਲਰ ਅਤੇ 29 ਮਿਲੀਅਨ ਡਾਲਰ ਹੋ ਜਾਵੇਗੀ।

ਇਹ ਫ਼ੰਡਿੰਗ ਕੈਨੇਡਾ ’ਚ 2030 ਤੱਕ ਨਵੇਂ ਮੀਡੀਅਮ- ਅਤੇ ਹੈਵੀ-ਡਿਊਟੀ ਉਪਰਕਨਾਂ ਦੀ ਵਿਕਰੀ ’ਚ ਸਿਫ਼ਰ ਉਤਸਰਜਨ ਗੱਡੀਆਂ ਦਾ ਹਿੱਸਾ 35% ਕਰਨ ਦੇ ਮੰਤਵ ਨਾਲ ਕੀਤੀ ਗਈ ਹੈ। ਜਿੱਥੇ ਵੀ ਹੋ ਸਕਦਾ ਹੋਵੇ, 2040 ਤੱਕ ਕੁੱਝ ਕਿਸਮ ਦੀਆਂ ਗੱਡੀਆਂ ਦੀ ਵਿਕਰੀ ਪੂਰੀ ਤਰ੍ਹਾਂ ਸਿਫ਼ਰ-ਉਤਸਰਜਨ ਵਾਲੀ ਹੋਵੇਗੀ।

ਕੈਨੇਡਾ ਇਨਫ਼ਰਾਸਟਰੱਕਚਰ ਬੈਂਕ ਵੱਡੇ-ਪੱਧਰੀ ਸ਼ਹਿਰੀ ਅਤੇ ਕਮਰਸ਼ੀਅਲ ਜ਼ੈੱਡ.ਈ.ਵੀ. ਚਾਰਜਿੰਗ ਅਤੇ ਰੀਫ਼ਿਊਲਿੰਗ ਮੁਢਲਾ ਢਾਂਚਾ ਬਣਾਉਣ ’ਤੇ 500 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਹੋਰ 400 ਮਿਲੀਅਨ ਡਾਲਰਾਂ ਦਾ ਪ੍ਰਯੋਗ ਕੁਦਰਤੀ ਸਰੋਤ ਕੈਨੇਡਾ ਸਬ-ਅਰਬਨ ਅਤੇ ਰਿਮੂਵ ਕਮਿਊਨਿਟੀਜ਼ ’ਚ ਜ਼ੈੱਡ.ਈ.ਵੀ. ਚਾਰਜਿੰਗ ਮੁਢਲਾ ਢਾਂਚਾ ਸਥਾਪਤ ਕਰਨ ਲਈ ਕਰੇਗਾ।

ਟੈਕਸ ਕ੍ਰੈਡਿਟ

ਸਿਫ਼ਰ-ਉਤਸਰਜਨ ਤਕਨਾਲੋਜੀਆਂ ਦਾ ਨਿਰਮਾਣ ਕਰਨ ਵਾਲੇ ਕਾਰੋਬਾਰਾਂ ਨੂੰ ਫ਼ੈਡਰਲ ਟੈਕਸਾਂ ’ਚ ਅੱਧੀ ਕਟੌਤੀ ਦਾ ਲਾਭ ਮਿਲੇਗਾ।

ਬਜਟ ’ਚ ਕਿਹਾ ਗਿਆ ਹੈ, ‘‘ਆਵਾਜਾਈ ਮੁਢਲਾ ਢਾਂਚਾ ’ਚ ਨਿਰੰਤਰ ਨਿਵੇਸ਼ ਨਾਲ ਇਹ ਯਕੀਨੀ ਕੀਤਾ ਜਾ ਸਕੇਗਾ ਕਿ ਕੈਨੇਡਾ ਦੀ ਸਪਲਾਈ ਚੇਨ ਸਾਡੀ ਆਰਥਿਕਤਾ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੀ ਹੈ ਅਤੇ ਜਲਵਾਯੂ ਤਬਦੀਲੀ ਤੇ ਕੌਮਾਂਤਰੀ ਘਟਨਾਵਾਂ ਕਰਕੇ ਪੈਦਾ ਹਲਚਲਾਂ ਨੂੰ ਸਹਾਰ ਸਕਦੀ ਹੈ।’’

30% ਤੱਕ ਦੇ ਨਿਵੇਸ਼ ਟੈਕਸ ਕ੍ਰੈਡਿਟ ਦੀ ਸਥਾਪਨਾ ਲਈ ਵੀ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਜੋ ਕਿ ਨੈੱਟ-ਜ਼ੀਰੋ ਤਕਨਾਲੋਜੀਆਂ, ਬੈਟਰੀ ਸਟੋਰੇਜ ਸਲਿਊਸ਼ਨਜ਼ ਅਤੇ ਸਵੱਛ ਹਾਈਡ੍ਰੋਜਨ ’ਤੇ ਕੇਂਦਰਤ ਹੋਣਗੇ। ਵੇਰਵੇ 2022 ਦੇ ਪਤਝੜ ਮੌਸਮ ਦੇ ਆਰਥਕ ਅਤੇ ਮਾਲੀਆ ਅਪਡੇਟ ’ਚ ਪੇਸ਼ ਕੀਤੇ ਜਾਣਗੇ।

ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਬਜਟ ਪੇਸ਼ ਕਰਦਿਆਂ ਕਿਹਾ, ‘‘ਕੈਨੇਡਾ ਅੰਦਰ ਅਤੇ ਪੂਰੀ ਦੁਨੀਆਂ ’ਚ ਜਲਵਾਯੂ ਕਾਰਵਾਈ ਸਿਆਸੀ ਚਰਚਾ ਜਾਂ ਵਿਅਕਤੀਗਤ ਨਿਸ਼ਚਾ ਨਹੀਂ ਰਹਿ ਗਿਆ ਹੈ। ਇਹ ਦਰਪੇਸ਼ ਚੁਨੌਤੀ ਹੈ। ਇਸ ਦਾ ਮਤਲਬ ਹੈ ਕਿ ਇਹ ਆਰਥਕ ਜ਼ਰੂਰਤ ਵੀ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਤੀਬਰਤਾ ਵਾਲਾ ਆਰਥਿਕ ਪਰਿਵਰਤਨ ਹੈ। ਵਿਸ਼ਵ ਆਰਥਿਕਤਾ ਹਰਿਤ ਹੋਣ ਜਾ ਰਹੀ ਹੈ। ਜੇ ਕੈਨੇਡਾ ਇਸ ਮਾਮਲੇ ’ਚ ਮੋਹਰੀ ਨਹੀਂ ਬਣਦਾ ਹੈ ਤਾਂ ਅਸੀਂ ਪਿੱਛੜ ਜਾਵਾਂਗੇ।’’