ਸੀਟਾਂ ਦਾ ਮਾਮਲਾ – ਸਿਹਤ ਅਤੇ ਆਰਾਮ ਲਈ ਮਹੱਤਵਪੂਰਨ ਹੈ ਡਰਾਈਵਰ ਵੱਲੋਂ ਸੀਟ ਦੀ ਚੋਣ ਅਤੇ ਸਹੀ ਬੈਠਣ ਦਾ ਤਰੀਕਾ

ਉੱਚੀਆਂ-ਨੀਵੀਆਂ ਸੜਕਾਂ ’ਤੇ ਟਰੱਕ ਚਲਾਉਂਦਿਆਂ ਟਰੱਕਰ ਘੰਟਿਆਂਬੱਧੀ ਕੈਬ ’ਚ ਬੈਠੇ ਰਹਿੰਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਨ੍ਹਾਂ ਨੂੰ ਮਾਸਪੇਸ਼ੀਆਂ ’ਚ ਦਰਦ ਅਤੇ ਅਕੜਾਅ ਦੀ ਸ਼ਿਕਾਇਤ ਰਹਿੰਦੀ ਹੈ।

ਲੋਂਗ-ਹੌਲ ਡਰਾਈਵਰ ਸਮੀਰ ਵਿੱਜ ਕੰਮ ਕਰਨ ਦੌਰਾਨ ਦਰਦ ਅਤੇ ਬੇਆਰਾਮੀ ਨੂੰ ਘੱਟ ਕਰਨ ਲਈ ਪੋਸਚਰ-ਕੁਰੈਕਸ਼ਨ ਉਪਕਰਨ ਪਹਿਨਦਾ ਹੈ ਅਤੇ ਆਪਣੇ ਪੱਟ ਹੇਠਾਂ ਕਮੀਜ਼ ਨੂੰ ਰੋਲ ਕਰ ਕੇ ਰੱਖ ਲੈਂਦਾ ਹੈ। ਫੋਟੋ : ਲੀਓ ਬਾਰੋਸ

ਲੋਂਗ-ਹੌਲ ਡਰਾਈਵਰ ਸਮੀਰ ਵਿੱਜ ਇਨ੍ਹਾਂ ਸਭ ਤੋਂ ਵਾਕਫ਼ ਹੈ। ਉਹ ਡਰਾਈਵਿੰਗ ਦੌਰਾਨ ਅਤੇ ਇਸ ਤੋਂ ਬਾਅਦ ਅਕਸਰ ਪਿੱਠ ਅਤੇ ਮੋਢਿਆਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦਾ ਹੈ। ਉਸ ਨੇ ਕਿਹਾ, ‘‘ਦਰਦ ਦੀ ਮਾਤਰਾ ਅਤੇ ਦੁਹਰਾਅ ਸਫ਼ਰ ਦੇ ਸਮੇਂ, ਸੜਕ ਦੇ ਹਾਲਾਤ ਅਤੇ ਲੋਡ ਦੇ ਭਾਰ ’ਤੇ ਨਿਰਭਰ ਕਰਦਾ ਹੈ।’’

ਅਕਸਰ ਟਰੱਕ ਡਰਾਈਵਰਾਂ ਦਾ ਇਲਾਜ ਕਰਨ ਵਾਲੀ ਫ਼ੀਜ਼ੀਓਥੈਰੇਪਿਸਟ ਮੈਰੀ ਮੀਊਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਮੁੱਖ ਸਮੱਸਿਆਵਾਂ ਸੁਣਨ ਨੂੰ ਮਿਲਦੀਆਂ ਹਨ ਉਹ ਗਰਦਨ ਬਾਰੇ, ਪਿੱਠ ਦੇ ਵਿਚਕਾਰ ਅਤੇ ਹੇਠਾਂ ਦਰਦ ਬਾਰੇ, ਪੈਰਾਂ ’ਚ ਕਰੈਂਪ, ਬੈਠਕ ਵਾਲੇ ਹਿੱਸੇ ’ਚ ਦਰਦ ਜਾਂ ਅਕੜਾਅ ਦੇ ਨਾਲ ਹੀ ਮੋਢਿਆਂ ਦੇ ਦਰਦ ਬਾਰੇ ਵੀ ਹੁੰਦੀਆਂ ਹਨ। ਇਨ੍ਹਾਂ ’ਚੋਂ ਹਰ ਸਮੱਸਿਆ ਲੰਮੇ ਸਮੇਂ ਤਕ ਬੈਠਣ ਅਤੇ ਗੱਡੀ ਚਲਾਉਣ, ਗ਼ਲਤ ਤਰੀਕੇ ਨਾਲ ਬੈਠਣ, ਦਬਾਅ ਅਤੇ ਤਣਾਅ ਕਰਕੇ ਹੋ ਸਕਦੀ ਹੈ।

ਉਨ੍ਹਾਂ ਇਹ ਵੀ ਕਿਹਾ, ‘‘ਮੇਰੇ ਕਈ ਮਰੀਜ਼ ਅਨਿਯਮਤ ਕੰਮ ਕਰਨ ਦੇ ਸਮੇਂ ਬਾਰੇ ਵੀ ਸ਼ਿਕਾਇਤ ਕਰਦੇ ਹਨ ਜੋ ਕਿ ਟਰੱਕਿੰਗ ਉਦਯੋਗ ਨਾਲ ਰਹਿੰਦੇ ਹਨ, ਜਿਸ ਕਰਕੇ ਉਹ ਆਪਣੇ ਇਲਾਜ ਲਈ ਹਾਜ਼ਰ ਨਹੀਂ ਹੋ ਸਕਦੇ। ਹੋਰਨਾਂ ਸ਼ਿਕਾਇਤਾਂ ’ਚ ਬੈਠੇ ਰਹਿਣ ਵਾਲੀ ਜੀਵਨਸ਼ੈਲੀ ਅਤੇ ਸਿਹਤਮੰਦ ਭੋਜਨ ਤਕ ਸੀਮਤ ਪਹੁੰਚ ਸ਼ਾਮਲ ਹੈ।’’

ਸੀਟਾਂ ’ਚ ਸੁਧਾਰ

ਡਰਾਈਵਰ ਦੀ ਸੀਟ ਆਪਣੇ ਆਪ ’ਚ ਆਰਾਮ ਯਕੀਨੀ ਕਰਨ ਦਾ ਮੁੱਖ ਤਰੀਕਾ ਹੋ ਸਕਦੀ ਹੈ। ਪਰ ਇਸ ਨੂੰ ਅਪਗਰੇਡ ਕਰਨਾ ਜਾਂ ਬਦਲ ਦੇਣਾ ਫ਼ਲੀਟਸ ਜਾਂ ਓਨਰ-ਆਪਰੇਟਰਾਂ ਦੀਆਂ ਪਹਿਲਾਂ ਦੀ ਸੂਚੀ ’ਚ ਹੇਠਾਂ ਹੀ ਰਹਿੰਦਾ ਹੈ।

ਇਸ ਸਥਿਤੀ ’ਚ ਬਦਲਾਅ ਹੋ ਸਕਦਾ ਹੈ। ਸੀਟ ਨਿਰਮਾਤਾ ਆਪਣੇ ਉਤਪਾਦਾਂ ਨੂੰ ਬਿਹਤਰ ਕਰ ਰਹੇ ਹਨ ਤਾਂ ਕਿ ਸਫ਼ਰ ਝਟਕਾ ਰਹਿਤ, ਆਰਾਮਦਾਇਕ ਅਤੇ ਥਕਾਵਟ ਘੱਟ ਕਰਨ ਵਾਲਾ ਹੋ ਸਕੇ।

ਨੋਡਲਰ ਏਅਰ ਚੀਫ਼ : ਪੋਲੀ-ਡਾਇਨਾਮਿਕਸ ਸਸਪੈਂਸ਼ਨ ਨਾਲ ਏਅਰ ਚੀਫ਼ ਨੋਡਲਰ ਦੀ ਸਭ ਤੋਂ ਮਸ਼ਹੂਰ ਸੀਟ ਹੈ। ਤਸਵੀਰ : ਨੋਡਲਰ

ਉਦਾਹਰਣ ਵਜੋਂ ਨੋਡਲਰ ਮੈਨੂਫ਼ੈਕਚਰਰਸ ਕੈਨੇਡਾ ਹੁਣ ਪ੍ਰੋਬਾਕਸ – ਜੋ ਲੜੀਵਾਰ ਫ਼ੋਮ ਦੇ ਟੁਕੜੇ ਹੁੰਦੇ ਹਨ ਜਿਨ੍ਹਾਂ ਨੂੰ ਸਹੀ ਜੀਓਮੈਟਰਿਕ ਆਕਾਰਾਂ ਅਤੇ ਥਾਵਾਂ ’ਤੇ ਭਰਿਆ ਜਾਂਦਾ ਹੈ – ਦੀ ਵਰਤੋਂ ਕਰ ਕੇ ਬਿਹਤਰ ਬੈਠਣ ਦੀ ਮੁਦਰਾ ਯਕੀਨੀ ਕਰਦਾ ਹੈ।

ਸੇਂਟ ਹੂਬਰਟ, ਕਿਊਬੈੱਕ ਦੇ ਨਿਰਮਾਤਾ ਲਈ ਗ੍ਰਾਹਕ ਸਰਵਿਸ ਏਜੰਟ ਗੇਲ ਸੋਕੇਲਸਕੀ ਨੇ ਕਿਹਾ, ‘‘ਫ਼ੋਮ ਅਧਾਰਤ ਸੀਟਾਂ ’ਚ ਅਕਸਰ ਵੇਖੀ ਜਾਣ ਵਾਲੀ ਨੀਵੀਂ ਮੁਦਰਾ ਨੂੰ ਹਟਾਉਣ ਨਾਲ ਬੈਠਣ ਵਾਲਿਆਂ ਦੀ ਪਿੱਠ ’ਚ ਦਰਦ ਅਤੇ ਮਾਸਪੇਸ਼ੀਆਂ ’ਚ ਦਰਦ ਦੀ ਕਮੀ ਵੇਖੀ ਗਈ।

ਸੀਟਸ ਕੈਨੇਡਾ ਟਰੈਂਪੋਲੀਨ-ਕਿਸਮ ਦੇ ਪਦਾਰਥ ਦੀ ਵਰਤੋਂ ਕਰਦਾ ਹੈ ਜਿਸ ਨੂੰ ਈ.ਵੀ.ਸੀ. (ਇਲਾਸਟੋਮੇਰਿਕ ਵਾਈਬਰੇਸ਼ਨ ਕੰਟਰੋਲ) ਕਿਹਾ ਜਾਂਦਾ ਹੈ ਜੋ ਕਿ ਡਰਾਈਵਰ ਵੱਲੋਂ ਮਹਿਸੂਸ ਕੀਤੇ ਜਾਂਦੇ ਕੰਪਨ ਨੂੰ ਘੱਟ ਕਰਦਾ ਹੈ। ਮਿਸੀਸਾਗਾ, ਓਂਟਾਰੀਓ ਵਿਖੇ ਸਥਿਤ ਕੰਪਨੀ ਦੇ ਸੇਲਜ਼ ਮੈਨੇਜਰ ਐਡਮ ਲਿੰਡਲੋਫ਼ ਨੇ ਕਿਹਾ, ‘‘ਫ਼ਲੀਟ ਸੀਟਾਂ ਨੂੰ ਕਾਫ਼ੀ ਮਹੱਤਵ ਦਿੰਦੇ ਹਨ ਤਾਂ ਕਿ ਉਨ੍ਹਾਂ ਦੇ ਡਰਾਈਵਰ ਟਰੱਕਾਂ ਨੂੰ ਲੰਮੇ ਸਮੇਂ ਤਕ ਚਲਾਉਂਦੇ ਰਹਿਣ।’’

ਆਰਾਮ ਦਾ ਮਾਮਲਾ

ਕਾਇਰੋਪ੍ਰੈਕਟਰ ਡਾ. ਜੌਨ ਕਿਮ ਦਾ ਕਹਿਣਾ ਹੈ ਕਿ ਟਰੱਕਰ ਆਮ ਤੌਰ ’ਤੇ ਪਿੱਠ, ਗਰਦਨ ਅਤੇ ਸਿਰ ਦੇ ਦਰਦ ਤੋਂ ਪਾਰ ਪਾ ਸਕਦੇ ਹਨ। ਪਰ ਇਸ ਨਾਲ ਉਨ੍ਹਾਂ ਦੀਆਂ ਰੋਜ਼ਾਨਾ ਗਤੀਵਿਧੀਆਂ ਚੁਨੌਤੀਪੂਰਨ ਅਤੇ ਗ਼ੈਰਆਰਾਮਦਾਇਕ ਹੋ ਜਾਣ ਕਾਰਨ  ਕਈ ਵਾਰੀ ਦਰਦਨਾਕ ਵੀ ਹੋ ਸਕਦੀਆਂ ਹਨ।

ਸਮੇਂ ਦੇ ਨਾਲ ਕਈ ਸਮੱਸਿਆਵਾਂ ਇਕੱਠੀਆਂ ਹੋ ਜਾਂਦੀਆਂ ਹਨ। ਵਿੱਜ ਨੂੰ ਪਤਾ ਹੈ ਕਿ ਉਸ ਦਾ ਸਰੀਰ ਸੜਕ ’ਤੇ ਪਏ ਉਭਾਰ ਕਰਕੇ ਸੰਤੁਲਨ ਬਣਾਉਣ ਲਈ ਖੱਬੇ ਪਾਸੇ ਨੂੰ ਝੁਕ ਜਾਂਦਾ ਹੈ, ਜੋ ਕਿ ਖੱਬੇ ਤੋਂ ਸੱਜੇ ਪਾਸੇ ਨੂੰ ਥੋੜ੍ਹਾ ਝੁਕਿਆ ਹੁੰਦਾ ਹੈ। ਦਿਨ ’ਚ ਕਈ ਘੰਟੇ ਇਸੇ ਤਰੀਕੇ ਨਾਲ ਬੈਠੇ ਰਹਿਣ ਨਾਲ ਦਰਦ ਅਤੇ ਬੇਆਰਾਮੀ ਹੁੰਦੀ ਹੈ। ਇਸ ਨਾਲ ਮੁਕਾਬਲਾ ਕਰਨ ਅਤੇ ਆਰਾਮ ਮੁਹੱਈਆ ਕਰਵਾਉਣ ਲਈ, ਉਹ ਕਈ ਵਾਰੀ ਆਪਣੀ ਜੈਕਟ ਜਾਂ ਕਮੀਜ਼ ਨੂੰ ਆਪਣੇ ਸੱਜੇ ਪੱਟ ਹੇਠਾਂ ਰੱਖ ਲੈਂਦਾ ਹੈ ਤਾਂ ਕਿ ਦੋਹਾਂ ਪੱਟਾਂ ਦਾ ਸੰਤੁਲਨ ਬਣ ਜਾਵੇ। ਡਰਾਈਵਿੰਗ ਦੌਰਾਨ ਬੈਠਣ ਮੁੱਦਰਾ ਦਰੁਸਤ ਕਰਨ ਵਾਲਾ ‘ਪੋਸਚਰ ਕੁਰੈਕਟਰ’ ਪਹਿਨਣ ਨਾਲ ਵੀ ਦਰਦ ਅਤੇ ਅਕੜਾਅ ਤੋਂ ਰਾਹਤ ਮਿਲੀ ਹੈ।

ਟਰੱਕਰ ਰਵੀਸ਼ ਗਰਗ ਦਾ ਕਹਿਣਾ ਹੈ ਕਿ ਜਦੋਂ ਉਹ ਲੰਮੇ ਸਮੇਂ ਤਕ ਡਰਾਈਵ ਕਰਦਾ ਹੈ ਤਾਂ ਉਸ ਦੇ ਪੱਟਾਂ ਦੀਆਂ ਮਾਸਪੇਸ਼ੀਆਂ ਥੱਕ ਜਾਂਦੀਆਂ ਹਨ। ਇਸ ਓਨਰ ਆਪਰੇਟਰ ਦਾ ਕਹਿਣਾ ਹੈ, ‘‘ਮੈਨੂੰ ਪਿੱਠ ਦਰਦ ਦੀ ਕੋਈ ਸਮੱਸਿਆ ਨਹੀਂ ਹੈ, ਪਰ ਡਰਾਈਵਿੰਗ ਕਰਕੇ ਮੇਰੀ ਗਰਦਨ ਅਤੇ ਮੋਢਿਆਂ ਦੇ ਹਿੱਸਿਆਂ ’ਚ ਦਰਦ ਰਹਿੰਦਾ ਹੈ। ਮਾਸਪੇਸ਼ੀਆਂ ਆਕੜ ਜਾਂਦੀਆਂ ਹਨ। ਕਈ ਵਾਰੀ ਤਾਂ ਗਰਦਨ ਨੂੰ ਹੱਥ ਲਾਉਣ ਨਾਲ ਵੀ ਦਰਦ ਹੁੰਦਾ ਹੈ। ਬਹੁਤ ਜ਼ਿਆਦਾ।’’

ਰਜਿਸਟਰਡ ਮਸਾਜ ਥੈਰੇਪਿਸਟ ਅਮਾਂਡਾ ਪਿਕਰਿੰਗ ਨੇ ਕਿਹਾ ਕਿ ਜ਼ਿਆਦਾਤਰ ਟਰੱਕ ਡਰਾਈਵਰ ਉਸ ਕੋਲ ਗਰਦਨ ਅਤੇ ਮੋਢਿਆਂ ’ਚ ਤਣਾਅ ਦੀ ਸ਼ਿਕਾਇਤ ਅਤੇ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਦੇ ਇਲਾਜ ਲਈ ਆਉਂਦੇ ਹਨ। ਐਕਟਨ ਅਤੇ ਮਿਲਟਨ, ਓਂਟਾਰੀਓ ’ਚ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਇਸ ਥੈਰੇਪਿਸਟ ਨੇ ਕਿਹਾ, ‘‘ਮੈਂ ਵੇਖਦੀ ਹਾਂ ਕਿ ਟਰੱਕ ਡਰਾਈਵਰ ਕਾਫ਼ੀ ਸਮੇਂ ਤਕ ਕੰਮ ਕਰਦੇ ਹਨ ਅਤੇ ਕਦੇ-ਕਦਾਈਂ ਹੀ ਛੁੱਟੀ ਲੈਂਦੇ ਹਨ, ਭਾਵੇਂ ਉਨ੍ਹਾਂ ਨੂੰ ਛੁੱਟੀ ਲੈਣ ਨਾਲ ਲਾਭ ਹੀ ਹੁੰਦਾ ਹੈ।’’

ਆਪਣੇ ਵੱਲੋਂ ਦਰਦ ਘੱਟ ਕਰਨ ਲਈ ਵਿੱਜ ਸੜਕ ’ਤੇ ਸਫ਼ਰ ਦੌਰਾਨ ਯੋਗਾ ਅਤੇ ਪਿੱਠ ਦੀ ਕਸਰਤ ਕਰਦਾ ਹੈ, ਪਰ ਛੁੱਟੀ ਵਾਲੇ ਦਿਨ ਘਰ ਰਹਿਣ ਦੌਰਾਨ ਉਹ ਕਿਸੇ ਸਿਹਤ ਪੇਸ਼ੇਵਰ ਕੋਲ ਨਹੀਂ ਜਾਂਦਾ।

ਉਸ ਨੇ ਕਿਹਾ, ‘‘ਡਾਕਟਰ ਨਾਲ ਮਿਲਣ ਦਾ ਸਮਾਂ ਲੈਣਾ ਬਹੁਤ ਮੁਸ਼ਕਲ ਹੈ, ਵਿਸ਼ੇਸ਼ ਕਰਕੇ ਮਹਾਂਮਾਰੀ ਦੌਰਾਨ। ਮੈਨੂੰ ਸਰਹੱਦ ਪਾਰ ਜਾਣਾ ਪੈਂਦਾ ਹੈ, ਅਤੇ ਮੈਡੀਕਲ ਪ੍ਰਸ਼ਨ-ਪੱਤਰ ’ਚ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਪਿਛਲੇ 14 ਦਿਨਾਂ ਦੌਰਾਨ ਕੈਨੇਡਾ ਤੋਂ ਬਾਹਰ ਗਏ ਹੋ? ਮੇਰਾ ਜਵਾਬ ਹਾਂ ਹੁੰਦਾ ਹੈ, ਅਤੇ ਉਨ੍ਹਾਂ ਨੂੰ ਅਜਿਹੇ ਮਰੀਜ਼ਾਂ ਨੂੰ ਵੇਖਣ ਦੀ ਇਜਾਜ਼ਤ ਨਹੀਂ ਹੈ ਜਿਨ੍ਹਾਂ ਨੇ ਦੇਸ਼ ਤੋਂ ਬਾਹਰ ਸਫ਼ਰ ਕੀਤਾ ਹੁੰਦਾ ਹੈ।’’

ਗਰਗ ਨੇ ਕਿਹਾ ਕਿ ਉਹ ਬਹੁਤ ਘੱਟ ਸਮੇਂ ਲਈ ਘਰ ਆਉਂਦਾ ਹੈ, ਜਿਸ ਕਰਕੇ ਉਸ ਕੋਲ ਕਿਸੇ ਥੈਰੇਪਿਸਟ ਕੋਲ ਜਾਣ ਦਾ ਸਮਾਂ ਨਹੀਂ ਹੁੰਦਾ। ਉਸ ਨੇ ਕਿਹਾ, ‘‘ਕਈ ਵਾਰੀ ਮੈਂ ਖ਼ੁਦ ਹੀ ਦਰਦ ਵਾਲੀ ਥਾਂ ਨੂੰ ਘੁੱਟ ਲੈਂਦਾ ਹਾਂ।’’

ਸਲਾਹ ਪ੍ਰਾਪਤ ਕਰਨਾ ਅਤੇ ਮੰਨਣਾ

ਕਿਮ ਦਾ ਕਹਿਣਾ ਹੈ ਕਿ ਡਰਾਈਵਰ ਉਦੋਂ ਤਕ ਕੁੱਝ ਨਹੀਂ ਕਰਦੇ ਜਦੋਂ ਤਕ ਉਨ੍ਹਾਂ ਨੂੰ ਦਰਦ ਹੋਣਾ ਸ਼ੁਰੂ ਨਹੀਂ ਹੁੰਦਾ ਅਤੇ ਫਿਰ ਉਹ ਮੈਡੀਕਲ ਮਦਦ ਭਾਲਦੇ ਹਨ।

ਕਾਇਰੋਪ੍ਰੈਕਟਰ ਨੇ ਕਿਹਾ, ‘‘ਸਮੱਸਿਆਵਾਂ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਹਨ।’’ ਵਿਸ਼ੇਸ਼ ਕਰ ਕੇ ਜੇਕਰ ਤੁਸੀਂ ਘੰਟਿਆਂਬੱਧੀ ਬੈਠੇ ਰਹਿੰਦੇ ਹੋ ਤਾਂ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਬਚਾਉਣ ਲਈ ਰੱਖ-ਰਖਾਅ, ਸਮੱਸਿਆਵਾਂ ਨੂੰ ਜਮ੍ਹਾਂ ਹੋਣ ਤੋਂ ਬਚਾਈ ਰੱਖੇਗਾ। ‘‘ਇਹ ਕਿਸੇ ਦੰਦਾਂ ਦੇ ਡਾਕਟਰ ਕੋਲ ਜਾਣ ਵਰਗਾ ਹੀ ਹੁੰਦਾ ਹੈ, ਤੁਸੀਂ ਦੰਦ ਦਰਦ ਕਰਨ ਤੋਂ ਪਹਿਲਾਂ ਹੀ ਉਸ ਦਾ ਇਲਾਜ ਕਰਨਾ ਚਾਹੁੰਦੇ ਹੋ।’’

ਫ਼ੀਜ਼ੀਓਥੈਰੇਪਿਸਟ ਮੈਰੀ ਮੀਊਲਰ  ਫੋਟੋ : ਸਪਲਾਈਡ

ਇਲਾਜ ਕਰਵਾਉਂਦੇ ਰਹਿਣ ਨਾਲ ਵੀ ਫ਼ਰਕ ਪਵੇਗਾ। ਫ਼ਿਜ਼ੀਓਥੈਰੇਪਿਸਟ ਮੀਊਲਰ ਨੇ ਕਿਹਾ ਕਿ ਕੁੱਝ ਟਰੱਕਰ ਇੱਕ ਜਾਂ ਦੋ ਸੈਸ਼ਨ ਲੈ ਕੇ ਲੰਮੇ ਸਮੇਂ ਲਈ ਕੰਮ ’ਤੇ ਚਲੇ ਜਾਂਦੇ ਹਨ। ਪਰ ਉਹ ਅਜਿਹੀਆਂ ਕਸਰਤਾਂ ਦੱਸਦੀ ਹੈ ਜੋ ਕਿ ਟਰੱਕਰ ਸੜਕ ’ਤੇ ਸਫ਼ਰ ਦੌਰਾਨ ਵੀ ਕਰ ਸਕਦੇ ਹਨ। ਜਿਨ੍ਹਾਂ ’ਚ ਕੁੱਝ ਬੈਠਣ ਦੀ ਮੁਦਰਾ ਸਹੀ ਕਰਨ ਦੀਆਂ ਰਣਨੀਤੀਆਂ, ਢੁਕਵੀਂ ਵਿਊਂਤਬੰਦੀ, ਸੁਪੋਰਟ ਅਤੇ ਸਿਰ੍ਹਾਣੇ ਸ਼ਾਮਲ ਹੁੰਦੇ ਹਨ ਜੋ ਮੱਦਦ ਕਰਦੇ ਹਨ।

ਮੀਊਲਰ ਨੇ ਕਿਹਾ ਕਿ ਆਮ ਤਬਦੀਲੀਆਂ ਦੀਆਂ ਉਦਾਹਰਣਾਂ ’ਚ ਸ਼ਾਮਲ ਹਨ ਡਰਾਈਵਿੰਗ ਦੌਰਾਨ ਪਿਛਲੀਆਂ ਜੇਬਾਂ ਨੂੰ ਖ਼ਾਲੀ ਕਰਨਾ ਤਾਂ ਕਿ ਪੇਡੂ ਟੇਢਾ ਨਾ ਹੋਵੇ, ਅਤੇ ਹਰ 30 ਮਿੰਟਾਂ ਬਾਅਦ ਸੀਟ ਦੀ ਪੁਜੀਸ਼ਨ ਨੂੰ 30 ਡਿਗਰੀ ਤਕ ਬਦਲ ਦੇਣਾ।

ਪਿਕਰਿੰਗ ਨੇ ਕਿਹਾ ਕਿ ਨਿਯਮਤ ਮਾਲਿਸ਼ ਨਾਲ ਮਾਸਪੇਸ਼ੀਆਂ ਦੇ ਤਣਾਅ ਤੋਂ ਮੁਕਤੀ ਮਿਲਦੀ ਹੈ ਅਤੇ ਖ਼ੂਨ ਦਾ ਦੌਰਾ ਬਿਹਤਰ ਹੁੰਦਾ ਹੈ। ਉਨ੍ਹਾਂ ਕਿਹਾ, ‘‘ਇਹ ਯਕੀਨੀ ਕਰੋ ਕਿ ਤੁਹਾਡੇ ਕੋਲ ਚੰਗੀ ਸਹਾਰਾ ਦੇਣ ਵਾਲੀ ਸੀਟ ਹੈ। ਘਸੀ ਹੋਈ ਸੀਟ ਕਰਕੇ ਤੁਹਾਨੂੰ ਅਣਸਾਵੇਂ ਤਰੀਕੇ ਨਾਲ ਬੈਠਣਾ ਪਵੇਗਾ, ਜਿਸ ਨਾਲ ਸ਼ਿਕਾਇਤਾਂ ’ਚ ਵਾਧਾ ਹੋਵੇਗਾ।’’

ਸੀਟ ਦੀ ਚੋਣ

ਇਸ ਦੇ ਨਾਲ ਅਸੀਂ ਸੀਟਾਂ ਨੂੰ ਬਦਲਣ ਜਾਂ ਅਪਗ੍ਰੇਡ ਕਰਨ ਦੇ ਵਿਕਲਪ ’ਤੇ ਵਾਪਸ ਆ ਜਾਂਦੇ ਹਨ।

ਸੋਕੇਲਸਕੀ ਨੇ ਕਿਹਾ ਕਿ ਵਿਸ਼ੇਸ਼ ਜ਼ਰੂਰਤਾਂ ਅਨੁਸਾਰ ਸੀਟ ਆਰਡਰ ਕਰਨਾ ਬਿਹਤਰੀਨ ਰਹੇਗਾ। ‘‘ਜਿਨ੍ਹਾਂ ਵਿਸ਼ੇਸ਼ਤਾਵਾਂ ਦੀ ਤੁਹਾਨੂੰ ਜ਼ਰੂਰਤ ਨਹੀਂ ਉਸ ਲਈ ਕੀਮਤ ਅਦਾ ਕਿਉਂ ਕਰੀਏ?’’

ਗੱਦੀਆਂ ’ਚ ਚੋਣ ਕਰਨ ਲਈ ਕਾਫ਼ੀ ਵਿਕਲਪ ਹੋ ਸਕਦੇ ਹਨ ਜਿਨ੍ਹਾਂ ’ਚ ਚੌੜਾਈ ਤੋਂ ਲੈ ਕੇ ਜੈੱਲ ਪੈਡ, ਮੈਮੋਰੀ ਫ਼ੋਮ, ਅਤੇ ਵੱਖੋ-ਵੱਖ ਉਚਾਈ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹੋ ਸਕਦੀਆਂ ਹਨ।

ਸੀਟਸ ਕੈਨੇਡਾ ਦੇ ਲਿੰਡਲੋਫ਼ ਨੇ ਕਿਹਾ, ‘‘ਕੁੱਝ ਵਿਸ਼ੇਸ਼ ਟਰੱਕਾਂ ਲਈ ਜਾਂ ਜੋ ਵਿਅਕਤੀ ਨੀਵੀਂਆਂ ਸੀਟਾਂ ’ਤੇ ਬੈਠਣਾ ਪਸੰਦ ਕਰਦੇ ਹਨ, ਸਾਡੇ ਕੋਲ ਨੀਵੀਂਆਂ ਸੀਟਾਂ ਵੀ ਹਨ।’’

ਇਸ ਦੌਰਾਨ ਐਰਗੋਨੋਮਿਕਸ ਅਤੇ ਆਰਾਮ ਵਰਗੇ ਮੁੱਦਿਆਂ ’ਤੇ ਖੋਜ ਅਤੇ ਵਿਕਾਸ ਜਾਰੀ ਹੈ। ਨੋਡਲਰ ਅਣਚਾਹੇ ਕੰਪਨ ਤੋਂ ਛੁਟਕਾਰਾ ਦਿਵਾਉਣ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਸੀਟਸ ਕੈਨੇਡਾ ਗੱਡੀਆਂ ਦੇ ਚੱਲਣ ਦੌਰਾਨ ਅੰਕੜੇ ਇਕੱਠੇ ਕਰਦਾ ਹੈ ਅਤੇ ਕੰਪਨ ਤੇ ਹਾਰਮੋਨਿਕ ਬੈਲੰਸ ’ਤੇ ਨਿਗਰਾਨੀ ਰੱਖਦਾ ਹੈ, ਜਦਕਿ ਨਾਲ ਹੀ ਦਬਾਅ ਦਾ ਨਕਸ਼ਾ ਵੀ ਬਣਾਉਂਦਾ ਹੈ।

ਦੋਵੇਂ ਸੀਟ ਨਿਰਮਾਤਾ ਆਪਣੀਆਂ ਸੀਟਾਂ ਲਈ ਟਿਕਾਊ ਕਵਰ ਖ਼ਰੀਦਣ ਦੀ ਵੀ ਸਲਾਹ ਦਿੰਦੇ ਹਨ – ਜੋ ਕਿ ਡਰਾਈਵਰ ਦੀ ਸਿਹਤ ਅਤੇ ਤੰਦਰੁਸਤੀ ’ਚ ਕੀਤੇ ਨਿਵੇਸ਼ ਨੂੰ ਸੁਰੱਖਿਅਤ ਰੱਖਣ ਦਾ ਸਸਤਾ ਤਰੀਕਾ ਹੈ।

 

ਬੈਠਣ ਦੀ ਮੁਦਰਾ ਬਾਰੇ ਨੁਕਤੇ

ਸਰੀਰ ਦੇ ਮਕੈਨਿਕਸ ਨੂੰ ਬਿਹਤਰ ਕਰਨ ਦੇ 6 ਨੁਕਤੇ

ਸੀਟ ਅਡਜਸਟਮੈਂਟ ਵੀ ਸੀਟ ਦੀ ਪਸੰਦ ਜਿੰਨੀ ਹੀ ਮਹੱਤਵਪੂਰਨ ਹੋ ਸਕਦੀ ਹੈ। ਫ਼ਿਜ਼ੀਓਥੈਰੇਪਿਸਟ ਮੈਰੀ ਮੀਊਲਰ ਨੇ ਡਰਾਈਵਰਾਂ ਨੂੰ ਹੇਠਾਂ ਲਿਖੀ ਸਲਾਹ ਦਿੰਦੀ ਹੈ:

  • ਅਜਿਹੀ ਸਥਿਤੀ ਦੀ ਚੋਣ ਕਰੋ ਤਾਂ ਕਿ ਤੁਸੀਂ ਬਗ਼ੈਰ ਵਾਧੂ ਖਿਚਾਅ ਅਤੇ ਤਣਾਅ ਤੋਂ ਆਸਾਨੀ ਨਾਲ ਪੈਡਲਾਂ ਤਕ ਪਹੁੰਚ ਸਕੋ।
  • ਸੀਟ ਨੂੰ ਏਨਾ ਉੱਪਰ ਰੱਖੋ ਕਿ ਤੁਸੀਂ ਸਾਰੀਆਂ ਖਿੜਕੀਆਂ ਤੋਂ ਬਾਹਰ ਅਤੇ ਸਟੀਅਰਿੰਗ ਵ੍ਹੀਲ ਤੋਂ ਘੱਟ ਤੋਂ ਘੱਟ ਤਿੰਨ ਇੰਚ ਉੱਪਰ ਸਪੱਸ਼ਟ ਰੂਪ ’ਚ ਵੇਖ ਸਕੋ।
  • ਅਜਿਹੀ ਸਥਿਤੀ ਬਣਾਈ ਰੱਖੋ ਜਿੱਥੇ ਤੁਸੀਂ ਸਟੀਅਰਿੰਗ ਵ੍ਹੀਲ ਤਕ ਬਗ਼ੈਰ ਕਿਸੇ ਖਿਚਾਅ ਤੋਂ ਪਹੁੰਚ ਸਕੋ। ਇਸ ਦਾ ਮਤਲਬ ਹੈ ਸਟੀਅਰਿੰਗ ਵ੍ਹੀਲ ਤੁਹਾਡੇ ਸਰੀਰ ਤੋਂ 10-12 ਇੰਚ ਦੂਰ ਹੋਵੇ।
  • ਇਹ ਯਕੀਨੀ ਕਰੋ ਕਿ ਤੁਹਾਡਾ ਸਾਰਾ ਪੱਟ ਸੀਟ ਦੀ ਗੱਦੀ ’ਤੇ ਹੋਵੇ।
  • ਸੀਟ ਦੇ ਹੈੱਡ ਰਿਸਟਰੇਨਰ ਨੂੰ ਏਨਾ ਉੱਚਾ ਚੁੱਕੋ ਕਿ ਇਹ ਤੁਹਾਡੇ ਸਿਰ ਦੇ ਸਿਖਰ ਨੂੰ ਛੂਹੇ, ਗੱਦੀ ਵੀ ਥੋੜ੍ਹੀ ਅੱਗੇ ਨੂੰ ਝੁਕੀ ਹੋਵੇ ਤਾਂ ਕਿ ਗਰਦਨ ਨੂੰ ਸਹਾਰਾ ਮਿਲੇ।
  • ਯਕੀਨੀ ਕਰੋ ਕਿ ਤੁਹਾਡੀ ਪੂਰੀ ਪਿੱਠ ਸੀਟ ਦੀ ਗੱਦੀ ਦੇ ਸਹਾਰੇ ਹੈ। ਜੇਕਰ ਪਿੱਠ ਬਹੁਤ ਪਿੱਛੇ ਹੈ ਤਾਂ ਤੁਹਾਨੂੰ ਆਪਣਾ ਸਿਰ ਅਤੇ ਗਰਦਨ ਅੱਗੇ ਨੂੰ ਝੁਕਾਉਣੀ ਪਵੇਗੀ ਜਿਸ ਨਾਲ ਗਰਦਨ ਅਤੇ ਉਪਰਲੀ ਪਿੱਠ ਦੀਆਂ ਮਾਸਪੇਸ਼ੀਆਂ ’ਤੇ ਜ਼ੋਰ ਵਧੇਗਾ।

 

– ਲੀਓ ਬਾਰੋਸ ਵੱਲੋਂ