ਸੈਕਿੰਡ ਹਾਰਵੈਸਟ ਦੇ ਟਰੱਕ ਡਰਾਈਵਰ ਸੈਮੀ ਅਬਦੁੱਰਹੀਮ ਨੂੰ ਮਿਲਿਆ ਹਾਈਵੇ ਸਟਾਰ ਦਾ ਖ਼ਿਤਾਬ

ਸੈਕਿੰਡ ਹਾਰਵੈਸਟ ਫ਼ੂਡ ਰੈਸਕਿਊ ਆਰਗੇਨਾਈਜੇਸ਼ਨ ਲਈ ਪ੍ਰਮੁੱਖ ਟਰੱਕ ਡਰਾਈਵਰ ਸੈਮੀ ਅਬਦੁੱਰਹੀਮ ਨੂੰ 2022 ਦੇ ਵਰ੍ਹੇ ਲਈ ਹਾਈਵੇ ਸਟਾਰ ਦਾ ਖ਼ਿਤਾਬ ਦਿੱਤਾ ਗਿਆ ਹੈ – ਜਿਸ ਨੂੰ ਕੈਨੇਡਾ ਟਰੱਕਿੰਗ ਉਦਯੋਗ ਦੇ ਸਿਖਰਲੇ ਸਨਮਾਨਾਂ ’ਚੋਂ ਇੱਕ ਮੰਨਿਆ ਜਾਂਦਾ ਹੈ।

Sami Abdurahim, Second Harvest
ਸੈਮੀ ਅਬਦੁਰਹੀਮ ਵਰ੍ਹੇ 2022 ਦਾ ਹਾਈਵੇ ਸਟਾਰ ਹੈ। (ਤਸਵੀਰ: ਸੈਕਿੰਡ ਹਾਰਵੈਸਟ)

ਸਾਲਾਨਾ ਪੁਰਸਕਾਰ ਟੂਡੇਜ਼ ਟਰੱਕਿੰਗ ਮੈਗਜ਼ੀਨ ਵੱਲੋਂ ਜਾਰੀ ਕੀਤੇ ਜਾਂਦੇ ਹਨ, ਅਤੇ ਇਨ੍ਹਾਂ ਦੇ ਸਪਾਂਸਰ ਫ਼ਰੇਟਲਾਈਨਰ, ਹਸਕੀਪ੍ਰੋ, ਅਤੇ ਈਬਰਸਪੀਚਰ ਹਨ। ਇਸ ’ਚ 10 ਹਜ਼ਾਰ ਡਾਲਰ ਦੀ ਰਕਮ ਅਤੇ ਕੁੱਝ ਹੋਰ ਚੋਣਵੇਂ ਪੁਰਸਕਾਰ ਸ਼ਾਮਲ ਹਨ।

ਇਹ ਸਨਮਾਨ ਹਰ ਦੋ ਵਰਿ੍ਹਆਂ ਮਗਰੋਂ ਹੋਣ ਵਾਲੇ ਟਰੱਕ ਵਰਲਡ ਟਰੇਡ ਸ਼ੋਅ ਦੌਰਾਨ ਪੇਸ਼ ਕੀਤਾ ਗਿਆ ਜਿਸ ਨੂੰ ਨਿਊਕਾਮ ਸ਼ੋਅ ਡਿਵੀਜ਼ਨ ਨੇ ਕਰਵਾਇਆ। ਨਿਊਕਾਮ ਮੀਡੀਆ ਦੇ ਟਰੱਕਿੰਗ ਪਬਲੀਕੇਸ਼ਨ ’ਚ ਟੂਡੇਜ਼ ਟਰੱਕਿੰਗ, ਟਰਾਂਸਪੋਰਟ ਰਾਊਟੀਅਰ, ਰੋਡ ਟੂਡੇ, ਅਤੇ TruckNews.comਵਰਗੀ ਉਨ੍ਹਾਂ ਦੀ ਮਾਨਤਾ ਪ੍ਰਾਪਤ ਵੈੱਬਸਾਈਟ ਸ਼ਾਮਲ ਹੈ।

ਸੈਕਿੰਡ ਹਾਰਵੈਸਟ ’ਚ ਅਬਦੁੱਰਹੀਮ ਅਤੇ ਉਨ੍ਹਾਂ ਦੇ ਸਾਥੀ ਡਰਾਈਵਰ ਪੂਰੀ ਸਪਲਾਈ ਚੇਨ ’ਚੋਂ ਭੋਜਨ ਇਕੱਠਾ ਕਰ ਕੇ ਗ੍ਰੇਟਰ ਟੋਰਾਂਟੋ ਏਰੀਆ ਦੇ ਸੈਂਕੜੇ ਲਾਭਮੁਕਤ ਸੰਗਠਨਾਂ ਤੱਕ ਪਹੁੰਚਾਉਂਦੇ ਹਨ। ਉਹ 20 ਸਾਲ ਪਹਿਲਾਂ ਕੈਨੇਡਾ ’ਚ ਆਏ ਸਨ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੇ ਪਾਰਟ-ਟਾਈਮ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 2006 ’ਚ ਇੱਕ ਟਰੱਕ ਡਰਾਈਵਰ ਵਜੋਂ ਸੈਕਿੰਡ ਹਾਰਵੈਸਟ ’ਚ ਕੰਮ ਕਰਨਾ ਸ਼ੁਰੂ ਕੀਤਾ ਸੀ।

ਉਨ੍ਹਾਂ ਦੇ ਨਿਯਮਤ ਰੂਟਾਂ ’ਚ ਸ਼ਾਮਲ ਹਨ ਦੱਖਣ-ਪੱਛਮੀ ਓਂਟਾਰੀਓ ਦੇ ਗ੍ਰੀਨਹਾਊਸ, ਵੰਡ ਕੇਂਦਰ, ਅਤੇ ਅਖ਼ੀਰ ’ਚ ਟੋਰਾਂਟੋ-ਖੇਤਰੀ ਸ਼ੈਲਟਰ, ਫ਼ੂਡ ਬੈਂਕ, ਅਤੇ ਕਮਜ਼ੋਰ ਭਾਈਚਾਰਿਆਂ ਦੀ ਮੱਦਦ ਕਰ ਰਹੇ ਸੰਗਠਨ। ਆਪਣੇ ਕੰਮ ਦੌਰਾਨ, ਉਨ੍ਹਾਂ ਨੇ ਵੱਖੋ-ਵੱਖ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨਾਲ ਗੱਲਬਾਤ ਦੌਰਾਨ ਸਬਰ ਅਤੇ ਮੱਦਦ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ।

ਨਿਊਕਾਮ ਮੀਡੀਆ ਦੇ ਪ੍ਰੈਜ਼ੀਡੈਂਟ ਜੋਅ ਗਲੀਓਨਾ ਨੇ ਕਿਹਾ, ‘‘ਵਰ੍ਹੇ ਦਾ ਹਾਈਵੇ ਸਟਾਰ ਕੈਨੇਡਾ ਦੇ ਟਰੱਕ ਡਰਾਈਵਰਾਂ ਦੀ ਪ੍ਰਤੀਨਿਧਗੀ ਕਰਦਾ ਹੈ ਜੋ ਕਿ ਆਪਣੇ ਉਦਯੋਗ, ਸੁਰੱਖਿਆ ਅਤੇ ਭਾਈਚਾਰੇ ਪ੍ਰਤੀ ਸਮਰਪਣ ਦਾ ਪ੍ਰਦਰਸ਼ਨ ਕਰਦੇ ਹਨ। ਸੈਮੀ ਅਬਦੁੱਰਹੀਮ ਕੈਨੇਡਾ ਦੇ ਟਰੱਕਿੰਗ ਉਦਯੋਗ ਵੱਲੋਂ ਪੇਸ਼ ਸਰਬੋਤਮ ਉਦਾਹਰਣ ਹਨ।’’

ਵਰ੍ਹੇ ਦੇ ਹਾਈਵੇ ਸਟਾਰ ਲਈ ਨਾਮਜ਼ਦਗੀਆਂ ਪੂਰੇ ਕੈਨੇਡਾ ਤੋਂ ਜਮ੍ਹਾ ਕਰਵਾਈਆਂ ਜਾਂਦੀਆਂ ਹਨ ਅਤੇ ਇਸ ਦੀ ਸਮੀਖਿਆ ਨਿਊਕਾਮ ਮੀਡੀਆ ਦੇ ਸੰਪਾਦਕ ਕਰਦੇ ਹਨ ਜੋ ਕਿ ਜੇਤੂ ਦੀ ਚੋਣ ਲਈ ਜ਼ਿੰਮੇਵਾਰ ਹਨ।

TruckNews.com ਅਤੇ ਟੂਡੇਜ਼ ਟਰੱਕਿੰਗ ਦੇ ਸੰਪਾਦਕ ਜੇਮਸ ਮੈਂਜੀਜ਼ ਨੇ ਕਿਹਾ, ‘‘ਜਦੋਂ ਸੈਮੀ ਨੂੰ ਪਤਾ ਲੱਗਾ ਕਿ ਉਸ ਨੂੰ ਵਰ੍ਹੇ ਦਾ ਹਾਈਵੇ ਸਟਾਰ ਚੁਣਿਆ ਗਿਆ ਹੈ ਤਾਂ ਉਸ ਦੀ ਪਹਿਲੀ ਪ੍ਰਤੀਕਿਰਆ ਇਸ ਸਨਮਾਨ ਨੂੰ ਆਪਣੇ ਸਹਿਕਰਮੀਆਂ ਅਤੇ ਸਾਥੀ ਡਰਾਈਵਰਾਂ ਨਾਲ ਸਾਂਝਾ ਕਰਨ ਦੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਉਹ ਕਿੰਨਾ ਨਿਰਸਵਾਰਥ ਵਿਅਕਤੀ ਹੈ। ਅਸੀਂ ਸੈਮੀ ਨੂੰ 2022 ਵਰ੍ਹੇ ਦੇ ਹਾਈਵੇ ਸਟਾਰ ਦਾ ਖ਼ਿਤਾਬ ਦੇ ਕੇ ਬਹੁਤ ਉਤਸ਼ਾਹਿਤ ਹਾਂ।’’

ਨਿਊਕਾਮ ਮੀਡੀਆ ਦੇ ਵਾਇਸ-ਪ੍ਰੈਜ਼ੀਡੈਂਟ – ਸੰਪਾਦਕੀ, ਜੌਨ ਜੀ. ਸਮਿੱਥ ਨੇ ਕਿਹਾ, ‘‘ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡੀਅਨ ਲੋਕ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੋ ਗਏ ਹਨ ਕਿ ਟਰੱਕ ਡਰਾਈਵਰ ਕਿੰਨੇ ਜ਼ਰੂਰੀ ਅਤੇ ਵੱਖੋ-ਵੱਖ ਤਰ੍ਹਾਂ ਦੇ ਕੰਮ ਕਰਦੇ ਹਨ। ਲੋਂਗ ਹੌਲ ਤੋਂ ਲੈ ਕੇ ਆਖ਼ਰੀ ਮੰਜ਼ਿਲ ਤੱਕ – ਅਤੇ ਖੁੱਲ੍ਹੇ ਹਾਈਵੇ ਤੋਂ ਲੈ ਕੇ ਬਰਫ਼ ਨਾਲ ਭਰੀਆਂ ਸੜਕਾਂ ਤੱਕ, ਉਸਾਰੀ ਵਾਲੀਆਂ ਥਾਵਾਂ, ਅਤੇ ਸ਼ਹਿਰਾਂ ਦੀਆਂ ਗਲੀਆਂ ਤੱਕ – ਇਹ ਡਰਾਈਵਰ ਵਾਰ-ਵਾਰ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ।’’

ਸਮਿੱਥ ਅਨੁਸਾਰ, ਜਿਵੇਂ ਕਿ ਕਿਹਾ ਜਾਂਦਾ ਹੈ, ‘‘ਜੋ ਕੁੱਝ ਵੀ ਤੁਹਾਡੇ ਹੱਥਾਂ ’ਚ ਹੈ, ਉਹ ਟਰੱਕਾਂ ’ਚੋਂ ਨਿਕਲ ਕੇ ਆਇਐ। ਸੈਮੀ ਅਬਦੁੱਰਹੀਮ ਇਨ੍ਹਾਂ ਟਰੱਕ ਡਰਾਈਵਰਾਂ ਵੱਲੋਂ ਕੀਤੇ ਜਾਂਦੇ ਕੰਮ ਦਾ ਕਾਬਲ ਪ੍ਰਤੀਨਿਧੀ ਹੈ।’’

ਸੈਕਿੰਡ ਹਾਰਵੈਸਟ ਦੇ ਸੀ.ਈ.ਓ. ਲੋਰੀ ਨਿਕੇਲ ਨੇ ਕਿਹਾ, ‘‘ਸੈਮੀ ਸੈਕਿੰਡ ਹਾਰਵੈਸਟ ਦੀ ਟੀਮ ਦੇ ਸਨਮਾਨਤ ਅਤੇ ਪ੍ਰਮੁੱਖ ਮੈਂਬਰ ਹਨ ਅਤੇ ਉਨ੍ਹਾਂ ਨੇ ਪੂਰੇ ਓਂਟਾਰੀਓ ’ਚ ਸਥਿਤ ਭਾਈਚਾਰਿਆਂ ਦੇ ਕਮਜ਼ੋਰਾਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਸਾਡੇ ਨਾਲ 2006 ਤੋਂ ਲੈ ਕੇ ਅਣਥੱਕ ਕੰਮ ਕੀਤਾ ਹੈ। ਸਾਡੇ ਪ੍ਰਮੁੱਖ ਡਰਾਈਵਰ ਅਤੇ ਦੂਤ ਹੋਣ ਦੇ ਨਾਤੇ, ਉਹ ਤਾਜ਼ਾ, ਸਿਹਤਮੰਦ ਭੋਜਨ ਇਕੱਠਾ ਕਰਦੇ ਹਨ ਅਤੇ ਇਸ ਨੂੰ ਬੇਘਰਾਂ ਦੇ ਬਸੇਰਿਆਂ, ਭੋਜਨ ਬੈਂਕਾਂ, ਬਜ਼ੁਰਗ ਕੇਂਦਰਾਂ, ਆਫ਼ਟਰ-ਸਕੂਲ ਪ੍ਰੋਗਰਾਮ, ਅਤੇ ਹੋਰ ਨਾਨ-ਪ੍ਰੋਫ਼ਿਟ ਨੂੰ ਦਿੰਦੇ ਹਨ।’’

‘‘ਸੈਮੀ ਦਾ ਪੇਸ਼ੇਵਰਾਨਾ ਅਤੇ ਮੱਦਦਗਾਰ ਵਤੀਰਾ ਸਾਡੇ ਉਦਯੋਗ ਅਤੇ ਚੈਰੀਟੇਬਲ ਪਾਰਟਨਰਾਂ ’ਚ ਮਸ਼ਹੂਰ ਹੈ। ਸਾਨੂੰ ਉਸ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਅਸੀਂ ਸੈਕਿੰਡ ਹਾਰਵੈਸਟ ਦੇ ਮਿਸ਼ਨ ‘ਕੂੜਾ ਨਹੀਂ, ਭੁੱਖ ਨਹੀਂ’ ਪ੍ਰਤੀ ਸਮਰਪਣ ਲਈ ਉਸ ਦੇ ਰਿਣੀ ਰਹਾਂਗੇ।