ਖ਼ੁਦਮੁਖਤਿਆਰ ਟਰੱਕਾਂ ਦੇ ਖੇਤਰ ’ਚ ਰਾਈਡਰ ਨੇ ਗਤਿਕ ਨਾਲ ਹੱਥ ਮਿਲਾਇਆ

Avatar photo

ਅਮਰੀਕਾ ਅਤੇ ਕੈਨੇਡਾ ’ਚ ਇੱਕ ਖ਼ੁਦਮੁਖਤਿਆਰ ਲੋਜਿਸਟਿਕਸ ਨੈੱਟਵਰਕ ਸਥਾਪਤ ਕਰਨ ਲਈ ਮਿਡਲ-ਮਾਈਲ ਖ਼ੁਦਮੁਖਤਿਆਰ ਟਰੱਕ ਨਿਰਮਾਤਾ ਗਤਿਕ ਨਾਲ ਮਿਲ ਕੇ ਰਾਈਡਰ ਸਿਸਟਮ ਨੇ ਇੱਕ ਸਮਝੌਤਾ ਕੀਤਾ ਹੈ।

ਰਾਈਡਰ ਨੇ ਗਤਿਕ ’ਚ ਆਪਣੇ ਵੈਂਚਰ ਕੈਪੀਟਲ ਫ਼ੰਡ ਰਾਈਡਰ ਵੈਂਚਰਸ ਰਾਹੀਂ ਵੀ ਨਿਵੇਸ਼ ਕੀਤਾ ਹੈ, ਜੋ ਕਿ ਕਿਸੇ ਖ਼ੁਦਮੁਖਤਿਆਰ ਟਰੱਕਿੰਗ ਕੰਪਨੀ ’ਚ ਇਸ ਦਾ ਪਹਿਲਾ ਨਿਵੇਸ਼ ਹੈ।

ਸਾਂਝੇਦਾਰੀ ਦੇ ਹਿੱਸੇ ਵਜੋਂ, ਗਤਿਕ ਮਾਈਕਰੋ-ਫ਼ੁਲਫ਼ਿਲਮੈਂਟ ਸੈਂਟਰਾਂ ਤੋਂ ਰਿਟੇਲ ਟਿਕਾਣਿਆਂ ਤੱਕ ਵਸਤਾਂ ਦੀ ਆਵਾਜਾਈ ਲਈ ਰਾਈਡਰ ਤੋਂ ਮੀਡੀਅਮ-ਡਿਊਟੀ ਬਹੁ-ਤਾਪਮਾਨ ਬਾਕਸ ਟਰੱਕ ਕਿਰਾਏ ’ਤੇ ਲਏਗਾ। ਇਸ ਤੋਂ ਬਾਅਦ ਇਹ ਆਪਣੀ ਸਵੈ-ਡਰਾਈਵਿੰਗ ਤਕਨਾਲੋਜੀ ਨੂੰ ਕਿਰਾਏ ’ਤੇ ਲਏ ਫ਼ਲੀਟ ’ਚ ਏਕੀਕਿ੍ਰਤ ਕਰੇਗਾ, ਜਿਸ ਨਾਲ ਕਿ ਗਤਿਕ ਇੱਕ ‘‘ਖ਼ੁਦਮੁਖਤਿਆਰ-ਡਿਲੀਵਰੀ ਵਜੋਂ ਸੇਵਾ (ਏ.ਡੀ.ਏ.ਏ.ਐਸ.)’’ ਮਾਡਲ ਗ੍ਰਾਹਕਾਂ ਨੂੰ ਪ੍ਰਦਾਨ ਕਰ ਸਕੇਗਾ।

ਰਾਈਡਰ ਟਰੱਕਾਂ ਦੀ ਸਰਵਿਸ ਅਤੇ ਮੁਰੰਮਤ ਕਰੇਗਾ, ਅਤੇ ਭਵਿੱਖ ’ਚ ਹੋ ਸਕਦਾ ਹੈ ਕਿ ਰਾਈਡਰ ਹੀ ਖ਼ੁਦਮੁਖਤਿਆਰ ਫ਼ਲੀਟ ਦੀਆਂ ਕਾਰਵਾਈਆਂ ਦਾ ਪ੍ਰਬੰਧਨ ਕਰੇਗਾ।

ਗਤਿਕ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਗੌਤਮ ਨਾਰੰਗ ਨੇ ਕਿਹਾ, ‘‘ਗ੍ਰਾਹਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣਾ ਅਤੇ ਨਾਲ ਹੀ ਅਸਾਸਿਆਂ ਨੂੰ ਹਲਕਾ ਰੱਖਣਾ ਖ਼ੁਦਮੁਖਤਿਆਰ ਟਰੱਕਿੰਗ ਉਦਯੋਗ ’ਚ ਪਹਿਲਾਂ ਕਦੇ ਪ੍ਰਾਪਤ ਨਹੀਂ ਕੀਤਾ ਜਾ ਸਕਿਆ ਹੈ। ਇਸ ਸਾਂਝੇਦਾਰੀ ਨਾਲ ਅਸੀਂ ਕਮਰਸ਼ੀਅਲ ਵਹੀਕਲ ਸੇਵਾਵਾਂ ਅਤੇ ਮੁਰੰਮਤ ’ਚ ਰਾਈਡਰ ਦੀ ਵਿਸ਼ਵ-ਪੱਧਰੀ ਮੁਹਾਰਤ ਦਾ ਲਾਭ ਲੈਣ ਦੇ ਸਮਰੱਥ ਹੋਵਾਂਗੇ, ਅਤੇ ਰਾਈਡਰ ਦੇ ਉੱਤਰ ਅਮਰੀਕੀ ਮੁਢਲਾ ਢਾਂਚੇ ਦੇ ਸਹਾਰੇ ਆਪਣੇ ਫ਼ਲੀਟ ਨੂੰ ਕਈ ਬਾਜ਼ਾਰਾਂ ਤਕ ਛੇਤੀ ਪਹੁੰਚਾਉਣ ’ਚ ਸਮਰੱਥ ਹੋਵਾਂਗੇ। ਰਾਈਡਰ ਨੇ ਲਗਾਤਾਰ ਨਵੀਂ ਖੋਜ ਅਤੇ ਆਪਣੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਸਮਰਪਣ ਵਿਖਾਇਆ ਹੈ – ਇਹੀ ਉਹ ਮੁਢਲੇ ਸਿਧਾਂਤ ਹਨ ਜੋ ਸਾਡੇ ਅੰਦਰ ਡੂੰਘੇ ਸਮਾਏ ਹੋਏ ਹਨ।’’

ਰਾਈਡਰ ਲਈ ਪ੍ਰਮੁੱਖ ਮਾਰਕੀਟਿੰਗ ਅਫ਼ਸਰ ਅਤੇ ਨਵੇਂ ਉਤਪਾਦਾਂ ਦੇ ਮੁਖੀ ਕੇਰੇਨ ਜੋਨਸ ਨੇ ਕਿਹਾ, ‘‘ਸਾਡੇ ਧਿਆਨ ਦਾ ਮੁੱਖ ਕੇਂਦਰ, ਸਿਰਫ਼ ਰਾਈਡਰ ਵੈਂਚਰਸ ਲਈ ਨਹੀਂ ਬਲਕਿ ਪੂਰੀ ਰਾਈਡਰ ਕੰਪਨੀ ਲਈ ਵੀ, ਖ਼ੁਦਮੁਖਤਿਆਰ ਟਰੱਕਿੰਗ ਤਕਨਾਲੋਜੀ ਹੈ। ਇਹ ਉਦਯੋਗ ਦੀ ਸਭ ਤੋਂ ਵੱਡੀ ਸਮੱਸਿਆ ਨੂੰ ਹੱਲ ਕਰਨ ਵੱਲ ਪੁਲਾਂਘ ਹੈ। ਲਗਾਤਾਰ ਵਧਦੀ ਜਾ ਰਹੀ ਗ੍ਰਾਹਕਾਂ ਦੀ ਮੰਗ, ਅਤੇ ਉਸ ’ਤੇ ਸਮਰਥਾ ਦੀਆਂ ਸੀਮਾਵਾਂ, ਡਰਾਈਵਰਾਂ ਦੀ ਕਮੀ ਅਤੇ ਰੈਗੂਲੇਟਰੀ ਤੇ ਸੁਰੱਖਿਆ ਦਬਾਅ ਬਾਰੇ ਸੋਚੋ। ਗਤਿਕ ਵੱਲੋਂ ਸੁਰੱਖਿਆ, ਅਸਰਦਾਰ ਅਤੇ ਸਸਤੇ ਰਹਿਣ ’ਤੇ ਧਿਆਨ ਕੇਂਦਰਤ ਕਰਨਾ ਅਤੇ ਵਿਧੀਵਤ ਖ਼ੁਦਮੁਖਤਿਆਰੀ ਲਈ ਅੱਡਰੀ ਪਹੁੰਚ ਹੀ ਇਸ ਨੂੰ ਖ਼ੁਦਮੁਖਤਿਆਰ ਮਿਡਲ-ਮਾਈਲ ਡਿਲੀਵਰੀ ਦੇ ਖੇਤਰ ’ਚ ਮੋਢੀ ਬਣਾਉਂਦੀ ਹੈ – ਅਤੇ ਰਾਈਡਰ ਲਈ ਬਹੁਤ ਵਧੀਆ ਸਾਂਝੇਦਾਰ ਵੀ।’’