ਫ਼ੈਸਲੇ ਕਰਨ ਵਾਲੇ ਡਰਾਈਵਰਾਂ ਦੀ ਸਲਾਹ ਜਰੂਰ ਸੁਣਨ : ਬੀ.ਸੀ. ਟਰੱਕਿੰਗ ਗਰੁੱਪ

Avatar photo

ਬ੍ਰਿਟਿਸ਼ ਕੋਲੰਬੀਆ ’ਚ ਇੱਕ ਪੇਸ਼ੇਵਰ ਡਰਾਈਵਰਾਂ ਦਾ ਗਰੁੱਪ ਸਰਕਾਰ ਨੂੰ ਟਰੱਕਰਸ ਨਾਲ ਜੋੜਨ ਵਾਲਾ ਪੁਲ ਬਣਨਾ ਚਾਹੁੰਦਾ ਹੈ।

Picture of West Coast Trucking Association officials and members
ਡਬਲਿਊ.ਸੀ.ਟੀ.ਏ. ਦੇ ਅਧਿਕਾਰੀ ਅਤੇ ਮੈਂਬਰ। ਤਸਵੀਰ: ਲੀਓ ਬਾਰੋਸ

ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ (ਡਬਲਿਊ.ਸੀ.ਟੀ.ਏ.) ਦੇ ਖ਼ਜ਼ਾਨਚੀ ਹਰਮੀਤ ਸਿੰਘ ਨਿੱਝਰ ਨੇ ਕਿਹਾ ਕਿ ਪ੍ਰੋਵਿੰਸ ਦੇ ਵੱਖੋ-ਵੱਖ ਹਿੱਸਿਆਂ ’ਚੋਂ ਲੰਘਦੇ ਸਮੇਂ ਟਰੱਕਰਸ ਜੋ ਵੀ ਵੇਖਦੇ ਅਤੇ ਅਹਿਸਾਸ ਕਰਦੇ ਹਨ ਉਸ ਤੋਂ ਫ਼ੈਸਲਾ ਕਰਨ ਵਾਲੇ ਮਹੱਤਵਪੂਰਨ ਸੂਚਨਾ ਪ੍ਰਾਪਤ ਕਰ ਸਕਦੇ ਹਨ।

ਐਸੋਸੀਏਸ਼ਨ ਦੀ ਰਚਨਾ ਮਈ 2021 ’ਚ ਕੀਤੀ ਗਈ ਸੀ ਅਤੇ ਇਸ ਦੇ ਮੈਂਬਰਾਂ ’ਚ 350 ਡਰਾਈਵਰ ਅਤੇ ਓਨਰ ਆਪਰੇਟਰ ਸ਼ਾਮਲ ਹਨ।

ਨਿੱਝਰ ਨੇ ਕਿਹਾ ਕਿ ਟਰੱਕਰਸ ਦੇ ਦਰਪੇਸ਼ ਵੱਡੀਆਂ ਸਮੱਸਿਆਵਾਂ ’ਚ ਸੁਰੱਖਿਅਤ ਰੂਪ ’ਚ ਪਾਰਕ ਕਰਨ ਅਤੇ ਸੌਣ ਲਈ ਆਰਾਮ ਘਰਾਂ ਦੀ ਕਮੀ, ਸਾਫ਼-ਸੁਥਰੇ ਪਖਾਨਿਆਂ ਤੱਕ ਪਹੁੰਚ ’ਚ ਮੁਸ਼ਕਲ, ਰੇਸਤਰਾਂ ’ਚੋਂ ਭੋਜਨ ਚੁੱਕਣ ਲਈ ਪਾਰਕਿੰਗ ਦੀਆਂ ਥਾਵਾਂ ਦੀ ਕਮੀ, ਅਤੇ ਸੜਕਾਂ ’ਤੇ ਖੱਡੇ ਸ਼ਾਮਲ ਹਨ ਜੋ ਕਿ ਉਪਕਰਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਡਬਲਿਊ.ਸੀ.ਟੀ.ਏ. ਦੇ ਜਨਰਲ ਸਕੱਤਰ ਅਜੇ ਸਿੰਘ ਤੂਰ ਨੇ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇਵੇ ਅਤੇ ਟਰੱਕਰਸ ਨੂੰ ਬ੍ਰਿਟਿਸ਼ ਕੋਲੰਬੀਆ ’ਚ ਆਰਾਮ ਘਰਾਂ ਦੀ ਉਸਾਰੀ ਕਰਨ ’ਚ ਮੱਦਦ ਕਰੇ। ਉਨ੍ਹਾਂ ਕਿਹਾ, ‘‘ਦੋ ਕੁ ਸਾਲ ਪਹਿਲਾਂ ਉਹ ਸਾਨੂੰ ਹੀਰੋ ਦਾ ਰੁਤਬਾ ਦਿੰਦੇ ਸਨ ਅਤੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਸਾਂ, ਹੁਣ ਸੜਕਾਂ ’ਤੇ ਚੱਲਣ ਵਾਲੇ ਹੋਰ ਵਿਅਕਤੀ ਸਾਨੂੰ ਗਾਲ੍ਹਾਂ ਕੱਢ ਕੇ ਅੱਗੇ ਲੰਘ ਜਾਂਦੇ ਹਨ।’’

ਤੂਰ ਦੀ ਉਦਾਹਰਣ ਅਨੁਸਾਰ ਜਦੋਂ ਇੱਕ ਡਰਾਈਵਰ ਕੈਲਗਰੀ, ਅਲਬਰਟਾ ’ਚ ਲੋਡ ਲੈ ਕੇ ਜਾਂਦਾ ਹੈ ਤਾਂ ਸੱਤ ਤੋਂ ਅੱਠ ਘੰਟਿਆਂ ਦੀ ਡਰਾਈਵ ਬ੍ਰਿਟਿਸ਼ ਕੋਲੰਬੀਆ’ਚੋਂ ਹੋ ਕੇ ਲੰਘਦੀ ਹੈ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਚਾਰ ਆਰਾਮ ਘਰ- ਪੂਰਬ ਅਤੇ ਪੱਛਮ ਦੋਹਾਂ ਪਾਸਿਆਂ ’ਤੇ, ਇਸ ਰੂਟ ਉੱਪਰ ਹੋਣੇ ਚਾਹੀਦੇ ਹਨ।

Trucks parked on a residential street in B.C.
ਇੱਕ ਰਿਹਾਇਸ਼ੀ ਗਲੀ ਕਿਨਾਰੇ ਪਾਰਕ ਕੀਤੇ ਗਏ ਟਰੱਕ। ਤਸਵੀਰ: ਸਪਲਾਈਡ

ਡਰਾਈਵਰਾਂ ਨੂੰ ਆਪਣੇ ਟਰੱਕ ਗੈਸ ਸਟੇਸ਼ਨਾਂ ’ਤੇ ਪਾਰਕ ਕਰਨ ਦੀ ਇਜਾਜ਼ਤ ਹੁੰਦੀ ਹੈ, ਜੇਕਰ ਉਹ ਇੱਥੋਂ ਫ਼ਿਊਲ ਭਰਦੇ ਹਨ। ਤੂਰ ਨੇ ਕਿਹਾ ਕਿ ਡਰਾਈਵਰਾਂ ਨੂੰ ਕੁੱਝ ਘੰਟੇ ਸੌਣ ਤੋਂ ਬਾਅਦ ਉਠਾ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੇ ਇੱਥੋਂ ਫ਼ਿਊਲ ਖ਼ਰੀਦੇ ਬਗ਼ੈਰ ਪਾਰਕ ਕੀਤਾ ਹੈ ਤਾਂ ਉਹ ਚਲੇ ਜਾਣ। ਜਦੋਂ ਇਲੈਕਟ੍ਰੋਨਿਕ ਲੌਗਬੁੱਕ ਉਲੰਘਣਾਵਾਂ ਪੈਦਾ ਹੁੰਦੀਆਂ ਹਨ, ਤਾਂ ਡਰਾਈਵਰ ਜ਼ਿੰਮੇਵਾਰ ਹੁੰਦਾ ਹੈ।

ਨਿੱਝਰ ਨੇ ਕਿਹਾ ਕਿ ਪਖਾਨਿਆਂ ’ਚ ਸੁਧਾਰ ਕਰਨ ਦੀ ਤੁਰੰਤ ਬਹੁਤ ਜ਼ਿਆਦਾ ਜ਼ਰੂਰਤ ਹੈ, ਵਿਸ਼ੇਸ਼ ਕਰ ਕੇ ਦੂਰ-ਦੁਰਾਡੇ ਸਥਾਨਾਂ ’ਤੇ। ਜੋ ਮੌਜੂਦ ਹਨ ਉਨ੍ਹਾਂ ਦੀ ਨਿਯਮਤ ਸਫ਼ਾਈ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ’ਚ ਪਾਣੀ ਚਲਦਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹਾਈਵੇਜ਼ ਕਿਨਾਰੇ ਬਹੁਤ ਸਾਰੇ ਸ਼ਹਿਰ ਟਰੱਕਾਂ ਦੀ ਆਮਦ ਨੂੰ ਪਸੰਦ ਨਹੀਂ ਕਰਦੇ ਹਾਲਾਂਕਿ ਉਨ੍ਹਾਂ ਦੀਆਂ ਜ਼ਿਆਦਾਤਰ ਵਸਤਾਂ ਕਮਰਸ਼ੀਅਲ ਗੱਡੀਆਂ ਰਾਹੀਂ ਹੀ ਉਨ੍ਹਾਂ ਨੂੰ ਮਿਲਦੀਆਂ ਹਨ। ਜੇਕਰ ਡਰਾਈਵਰ ਸੜਕ ਕਿਨਾਰੇ ਕਿਸੇ ਰੇਸਤਰਾਂ ’ਚੋਂ ਕੁੱਝ ਖਾਣ ਲਈ ਜਾਂ ਕੌਫ਼ੀ ਪੀਣ ਲਈ ਰੁਕ ਜਾਂਦੇ ਹਨ ਤਾਂ ਉਨ੍ਹਾਂ ਦਾ ਚਲਾਨ ਕਰ ਦਿੱਤਾ ਜਾਂਦਾ ਹੈ।

ਈ-ਕਾਮਰਸ ’ਚ ਵਾਧਾ ਹੋਣ ਕਰਕੇ ਡਰਾਈਵਰਾਂ ’ਤੇ ਵਾਧੂ ਬੋਝ ਪਿਆ ਹੈ। ਫ਼ਲੀਟਸ ਨੂੰ ਆਪਣੀਆਂ ਡਿਲੀਵਰੀਆਂ ਸਮੇਂ ਸਿਰ ਪੂਰੀਆਂ ਕਰਨੀਆਂ ਹੁੰਦੀਆਂ ਹਨ ਅਤੇ ਉਹ ਫ਼ਰੇਟ ਨੂੰ ਜਿੰਨਾ ਛੇਤੀ ਹੋ ਸਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਨ। ਡਰਾਈਵਰਾਂ ਨੂੰ ਟਰੈਫ਼ਿਕ ਅਤੇ ਉਸਾਰੀਆਂ ਚਲਦੀਆਂ ਹੋਣ ਕਰਕੇ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਉਨ੍ਹਾਂ ਨੂੰ ਈ.ਐਲ.ਡੀ. ਜ਼ਰੂਰਤਾਂ ਅਤੇ ਗਤੀ ਸੀਮਾ ਦੀ ਵੀ ਪਾਲਣਾ ਕਰਨੀ ਪੈਂਦੀ ਹੈ। ਨਿੱਝਰ ਨੇ ਕਿਹਾ, ‘‘ਜੇਕਰ ਤੁਹਾਡੇ ’ਤੇ ਸਮੇਂ ਸਿਰ ਡਿਲੀਵਰ ਕਰਨ ਦਾ ਦਬਾਅ ਹੈ ਤਾਂ ਤੁਸੀਂ ਸੁਰੱਖਿਅਤ ਤਰੀਕੇ ਨਾਲ ਕਿਸ ਤਰ੍ਹਾਂ ਡਰਾਈਵ ਕਰ ਸਕਦੇ ਹੋ?’’

Truck parked along the side of the road in B.C.
ਇੱਕ ਸੜਕ ਕਿਨਾਰੇ ਪਾਰਕ ਕੀਤਾ ਟਰੱਕ। ਤਸਵੀਰ: ਸਪਲਾਈਡ

ਨਿੱਝਰ ਨੇ ਕਿਹਾ ਕਿ ਡਬਲਿਊ.ਸੀ.ਟੀ.ਏ. ਹੜਤਾਲਾਂ ਅਤੇ ਰੈਲੀਆਂ ਕਰਨ ਦਾ ਇੱਛੁਕ ਨਹੀਂ ਹੈ। ਆਪਣੀਆਂ ਚਿੰਤਾਵਾਂ ਵੱਲ ਧਿਆਨ ਦਿਵਾਏ ਜਾਣ ਲਈ ਐਸੋਸੀਏਸ਼ਨ ਦਾ ਟੀਚਾ ਗੱਲਬਾਤ ਅਤੇ ਸੰਚਾਰ ਨੂੰ ਅਪਨਾਉਣ ਦਾ ਹੈ। ਤੂਰ ਨੇ ਕਿਹਾ ਕਿ ਟਰੱਕਰਸ ਨੇ ਅਦਾਇਗੀਆਂ ਕਰਨੀਆਂ ਹੁੰਦੀਆਂ ਹਨ ਅਤੇ ਜੇਕਰ ਕੋਈ ਗੱਡੀ ਵਿਹਲੀ ਖੜ੍ਹੀ ਰਹਿੰਦੀ ਹੈ ਅਤੇ ਕੰਮ ਬੰਦ ਹੋ ਜਾਂਦਾ ਹੈ ਤਾਂ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ।

ਡਬਲਿਊ.ਸੀ.ਟੀ.ਏ. ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਵਾਜਾਈ ਅਤੇ ਮੁਢਲਾ ਢਾਂਚਾ, ਕਮਰਸ਼ੀਅਲ ਵਹੀਕਲ ਸੇਫ਼ਟੀ ਐਂਡ ਇਨਫ਼ੋਰਸਮੈਂਟ, ਅਤੇ ਹਾਈਵੇਜ਼ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਖੇਤਰੀ ਠੇਕੇਦਾਰਾਂ ਨਾਲ ਗੱਲਬਾਤ ਜਾਰੀ ਰੱਖਣਗੇ ਤਾਂ ਕਿ ਟਰੱਕ ਡਰਾਈਵਰਾਂ ਅਤੇ ਹੋਰ ਸੜਕ ਪ੍ਰਯੋਗਕਰਤਾਵਾਂ ਵੱਲੋਂ ਦਰਪੇਸ਼ ਚੁਨੌਤੀਆਂ ਦਾ ਹੱਲ ਕੀਤਾ ਜਾ ਸਕੇ।

ਲੀਓ ਬਾਰੋਸ ਵੱਲੋਂ

 

 

 

 

Avatar photo

Leo Barros is the associate editor of Today’s Trucking. He has been a journalist for more than two decades, holds a CDL and has worked as a longhaul truck driver. Reach him at leo@newcom.ca