ਅਮਰੀਕਾ ਨੇ ਭਾਰਤੀ ਮੂਲ ਦੇ ਟਰੱਕਰ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਹਟਾਏ

Avatar photo

ਪਿਛਲੇ ਮਹੀਨੇ ਬੱਫ਼ਲੋ, ਨਿਊਯਾਰਕ ਦੀ ਪੀਸ ਬ੍ਰਿਜ ਕਾਰਗੋ ਫ਼ੈਸੇਲਿਟੀ ‘ਤੇ 20 ਮਿਲੀਅਨ ਅਮਰੀਕੀ ਡਾਲਰ ਦੀ ਭੰਗ ਨਾਲ ਗ੍ਰਿਫ਼ਤਾਰ ਕੀਤੇ ਗਏ ਟਰੱਕ ਡਰਾਈਵਰ ਨੂੰ ਛੱਡ ਦਿੱਤਾ ਗਿਆ ਹੈ ਅਤੇ ਵਾਪਸ ਕੈਨੇਡਾ ਭੇਜ ਦਿੱਤਾ ਗਿਆ ਹੈ। ਵੈਸਟਰਨ ਨਿਊਯਾਰਕ ਦੇ ਯੂ.ਐਸ. ਅਟੋਰਨੀ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ।

ਅਮਰੀਕੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਅਫ਼ਸਰਾਂ ਵੱਲੋਂ 26 ਵਰ੍ਹਿਆਂ ਦੇ ਪ੍ਰਭਜੋਤ ਨਾਗਰਾ ਨੂੰ 25 ਜੂਨ ਨੂੰ ਕੈਨੇਡਾ ਤੋਂ ਅਮਰੀਕਾ ‘ਚ ਦਾਖ਼ਲ ਹੋਣ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਕੋਲੋਂ 4,300 ਕਿੱਲੋ ਭੰਗ ਮਿਲੀ ਸੀ ਜੋ ਕਿ ਉਸ ਦੇ ਟਰੇਲਰ ਦੇ ਸਟੋਰੇਜ ਕੰਟੇਨਰਾਂ ‘ਚ ਲੁਕਾ ਕੇ ਰੱਖੀ ਗਈ ਸੀ।

ਨਾਗਰਾ ‘ਤੇ ਅਮਰੀਕਾ ‘ਚ ਭੰਗ ਵੰਡਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਗਏ ਸਨ। ਉਸ ਨੂੰ ਇਸ ਜੁਰਮ ‘ਚ 10 ਸਾਲਾਂ ਦੀ ਜੇਲ  ਹੋ ਸਕਦੀ ਸੀ।

ਯੂ.ਐਸ. ਅਟੋਰਨੀ ਜੇਮਸ ਕੈਨੇਡੀ, ਜੂਨੀਅਰ ਨੇ ਰੋਡ ਟੂਡੇ ਨੂੰ ਈ-ਮੇਲ ਕੀਤੇ ਆਪਣੇ ਬਿਆਨ ‘ਚ ਕਿਹਾ, ”ਇਹ ਦੋਸ਼ ਬਗ਼ੈਰ ਕਿਸੇ ਵਿਤਕਰੇ ਤੋਂ ਖ਼ਾਰਜ ਕਰ ਦਿੱਤੇ ਗਏ ਹਨ ਤਾਂ ਕਿ ਸਰਕਾਰ ਨੂੰ ਕੁੱਝ ਇਲੈਕਟ੍ਰਾਨਿਕ ਸਬੂਤਾਂ ਦੀ ਪੂਰੀ ਜਾਂਚ ਕਰਨ ਦਾ ਮੌਕਾ ਮਿਲ ਸਕੇ ਜੋ ਕਿ ਜ਼ਬਤੀ ਦੌਰਾਨ ਪ੍ਰਾਪਤ ਹੋਏ ਹਨ ਅਤੇ ਇਸ ਮਾਮਲੇ ਦੀ ਜਾਂਚ ਲਈ ਹੋਰ ਕਦਮ ਚੁੱਕੇ ਜਾ ਸਕਣ। ਉਮੀਦ ਹੈ ਕਿ ਅਗਲੇਰੀ ਜਾਂਚ ਨਾ ਸਿਰਫ਼ ਬੰਦ ਟਰੇਲਰ ‘ਚ ਪਏ ਸਮਾਨ ਬਾਰੇ ਨਾਗਰਾ ਦੀ ਜਾਣਕਾਰੀ ‘ਤੇ ਰੌਸ਼ਨੀ ਪਾਉਣਗੇ, ਜੋ ਕਿ ਉਹ ਚਲਾ ਰਿਹਾ ਸੀ, ਬਲਕਿ ਇਸ ਅੰਦਰ ਪਈ ਟਨਾਂ ਦੇ ਹਿਸਾਬ ਨਾਲ ਭੰਗ ਦੇ ਸਰੋਤ ਅਤੇ ਮੰਜ਼ਿਲ ਬਾਰੇ ਵੀ ਜਾਣਕਾਰੀ ਦੇ ਸਕਣਗੇ।”

ਨਾਗਰਾ ਭਾਰਤ ਦਾ ਨਾਗਰਿਕ ਹੈ ਜੋ ਕੈਨੇਡਾ ਦਾ ਪੱਕਾ ਵਾਸੀ ਬਣ ਚੁੱਕਾ ਹੈ। ਉਸ ਨੇ ਕਿਹਾ ਕਿ ਉਸ ਨੂੰ ਲੁਕਾ ਕੇ ਰੱਖੀ ਭੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਸੀ.ਬੀ.ਪੀ. ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਜਿਸ ਨੇ ਇਸ ਬਰਾਮਦਗੀ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਉੱਤਰੀ ਸਰਹੱਦ ‘ਤੇ ਨਸ਼ਿਆਂ ਦੀ ਫੜੀ ਗਈ ਸਭ ਤੋਂ ਵੱਡੀ ਖੇਪ ਦਸਿਆ ਸੀ।

ਕੈਨੇਡਾ ਅਤੇ ਅਮਰੀਕਾ ਦੇ ਕੁੱਝ ਸੂਬਿਆਂ ‘ਚ ਭੰਗ  ਦਾ ਪ੍ਰਯੋਗ ਕਰਨਾ ਅਤੇ ਰੱਖਣਾ ਕਾਨੂੰਨੀ  ਹੈ, ਪਰ ਦੋਹਾਂ ਦੇਸ਼ਾਂ ਵਿਚਕਾਰ ਇਸ ਨਸ਼ੇ ਦੀ ਤਸਕਰੀ ਫ਼ੈਡਰਲ ਜੁਰਮ ਹੈ।

ਇਸ ਤੋਂ ਇਲਾਵਾ ਅਮਰੀਕੀ ਆਵਾਜਾਈ ਵਿਭਾਗ (ਡੀ.ਓ.ਟੀ.) ਨੇ ਭੰਗ ਦੇ ਪ੍ਰਯੋਗ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੋਈ ਹੈ, ਭਾਵੇਂ ਇਹ ਕਾਨੂੰਨੀ ਤੌਰ ‘ਤੇ ਜਾਇਜ਼ ਹੋਵੇ ਜਾਂ ਨਾ।