ਅਲਬਰਟਾ ਅਤੇ ਬੀ.ਸੀ. ਬਾਰਡਰਾਂ ’ਤੇ ਘੇਰਾਬੰਦੀ ਹਟਾਈ ਗਈ, ਸੀ.ਬੀ.ਐਸ.ਏ. ਨੇ ਕੀਤੀ ਪੁਸ਼ਟੀ
ਐਮਰਜੈਂਸੀਜ਼ ਐਕਟ ਹੇਠ ਨਵੀਂ ਤਾਕਤਾਂ ਦੇ ਪ੍ਰਯੋਗ ਦਾ ਐਲਾਨ ਕਰਨ ਤੋਂ ਇੱਕ ਦਿਨ ਅੰਦਰ ਕੈਨੇਡਾ-ਅਮਰੀਕਾ ਸਰਹੱਦ ’ਤੇ ਦੋ ਘੇਰਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ।

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਦੀ ਬੁਲਾਰਾ ਨੇ roadtoday.com ਨੂੰ ਪੁਸ਼ਟੀ ਕਰਦਿਆਂ ਕਿਹਾ ਕਿ ਕੂਟਸ, ਅਲਬਰਟਾ. ਬਾਰਡਰ ਕਰਾਸਿੰਗ ’ਤੇ ਅਤੇ ਬੀ.ਸੀ. ’ਚ ਪੈਸੇਫ਼ਿਕ ਹਾਈਵੇ ਕਰਾਸਿੰਗ ’ਤੇ ਕਾਰਵਾਈਆਂ ਮੁੜ ਸ਼ੁਰੂ ਹੋ ਗਈਆਂ ਹਨ।
ਆਜ਼ਾਦੀ ਕਾਫ਼ਲੇ ਅਤੇ ਹੋਰ ਹਮਾਇਤੀਆਂ ਵੱਲੋਂ ਮਹਾਂਮਾਰੀ ਨਾਲ ਸੰਬੰਧਤ ਪਾਬੰਦੀਆਂ ਵਿਰੁੱਧ ਲੜਾਈ ’ਚ ਡਾਊਨਟਾਊਨ ਓਟਾਵਾ ’ਤੇ ਕਬਜ਼ਾ ਸ਼ੁਰੂ ਕਰਨ ਤੋਂ ਬਾਅਦ ਕੂਟਸ ਬਾਰਡਰ ਘੇਰਾਬੰਦੀ ਸਭ ਤੋਂ ਲੰਮੇ ਚੱਲਣ ਵਾਲੇ ਪ੍ਰਦਰਸ਼ਨਾਂ ਦਾ ਘਰ ਰਿਹਾ ਹੈ।
ਸਰਹੱਦ ’ਤੇ ਪ੍ਰਦਰਸ਼ਨ 29 ਜਨਵਰੀ ਨੂੰ ਸ਼ੁਰੂ ਹੋਏ ਸਨ, ਅਤੇ ਬਹੁਤ ਥੋੜ੍ਹੀ ਟ੍ਰੈਫ਼ਿਕ ਨੂੰ ਲੰਘਣ ਦਿੱਤਾ ਜਾ ਰਿਹਾ ਸੀ। ਪਰ ਕੱਲ੍ਹ ਸਥਿਤੀ ਖ਼ਰਾਬ ਹੋਣੀ ਸ਼ੁਰੂ ਹੋ ਗਈ ਸੀ ਜਦੋਂ 13 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਇਨ੍ਹਾਂ ’ਚੋਂ 11 ਗਿ੍ਰਫ਼ਤਾਰੀਆਂ ਉਦੋਂ ਕੀਤੀਆਂ ਗਈਆਂ ਜਦੋਂ ਪੁਲਿਸ ਨੇ ਉਨ੍ਹਾਂ ਕੋਲੋਂ ਕਈ ਹਥਿਆਰ ਅਤੇ ਗੋਲੀਆਂ ਰੋਕਣ ਵਾਲੇ ਕਵਚ ਬਰਾਮਦ ਕੀਤੇ। ਦੋ ਹੋਰ ਗਿ੍ਰਫ਼ਤਾਰੀਆਂ ਉਦੋਂ ਕੀਤੀਆਂ ਗਈਆਂ ਜਦੋਂ ਉੱਤਰ ਦਿਸ਼ਾ ਵੱਲ ਜਾ ਰਿਹਾ ਇੱਕ ਟਰੱਕ ਮਿਲਕ ਰਿਵਰ, ਅਲਬਰਟਾ ਦੇ ਉੱਤਰ ਵੱਲ ਸਥਿਤ ਆਰ.ਸੀ.ਐਮ.ਪੀ. ਦੀ ਚੈੱਕ ਪੋਸਟ ਵੱਲ ਤੇਜ਼ੀ ਨਾਲ ਵਧਿਆ। ਆਖ਼ਰੀ ਪਲ ’ਤੇ ਇਹ ਰੁਕ ਕੇ ਟ੍ਰੈਫ਼ਿਕ ਕੋਨ ਨਾਲ ਟਕਰਾ ਗਿਆ।
ਸਰ੍ਰੀ ’ਚ ਵੀ ਆਰ.ਸੀ.ਐਮ.ਪੀ. ਨੇ ਬੀ.ਸੀ. ’ਚ ਪੈਸੇਫ਼ਿਕ ਹਾਈਵੇ ਬਾਰਡਰ ਕਰਾਸਿੰਗ ਦੀ ਘੇਰਾਬੰਦੀ ਖਿੱਲਰਨਾ ਸ਼ੁਰੂ ਹੋਣ ਤੋਂ ਬਾਅਦ ਐਤਵਾਰ ਨੂੰ ਚਾਰ ਸ਼ਰਾਰਤੀ ਅਨਸਰਾਂ ਨੂੰ ਗਿ੍ਰਫ਼ਤਾਰ ਕੀਤਾ। 12 ਹੋਰ ਵਿਅਕਤੀਆਂ ਨੂੰ ਸੋਮਵਾਰ ਰਾਤ ਨੂੰ ਗਿ੍ਰਫ਼ਤਾਰ ਕੀਤਾ ਗਿਆ। ਸਰ੍ਰੀ ਆਰ.ਸੀ.ਐਮ.ਪੀ. ਦੇ ਆਫ਼ਿਸ ਇੰਚਾਰਜ ਸਹਾਇਕ ਕਮਿਸ਼ਨਰ ਬਰਾਇਨ ਐਡਵਰਡਸ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘‘ਵੀਕਐਂਡ ਦੌਰਾਨ ਮੈਂ ਪੁਲਿਸ ਦੀਆਂ ਕਾਰਵਾਈਆਂ ’ਚ ਸਾਥ ਦੇਣ ਅਤੇ ਹਾਈਵੇ 15 ’ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜਿਆ। ਇਸ ਸਥਿਤੀ ਦਾ ਅੰਤ ਚਾਹੁਣ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਮੈਂ ਸਮਝ ਸਕਦਾ ਹਾਂ।’’
ਵਿੰਡਸਰ, ਓਂਟਾਰੀਓ ’ਚ ਅੰਬੈਸਡਰ ਬ੍ਰਿਜ ਐਤਵਾਰ ਨੂੰ ਇੱਕ ਹਫ਼ਤੇ ਤਕ ਘੇਰਾਬੰਦੀ ਤੋਂ ਬਾਅਦ ਦੇਰ ਸ਼ਾਮ ਨੂੰ ਖੁੱਲ੍ਹ ਗਿਆ। ਪ੍ਰਦਰਸ਼ਨ ਵਿਰੁੱਧ ਓਂਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਦਾ ਹੁਕਮ ਸ਼ੁੱਕਰਵਾਰ ਬਾਅਦ ਦੁਪਹਿਰ ਜਾਰੀ ਕੀਤਾ ਗਿਆ ਸੀ।
ਵਿੰਡਸਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਘੇਰਾਬੰਦੀ ਦੌਰਾਨ 46 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ, ਜਿਸ ’ਚੋਂ 43 ਜਣੇ 5,000 ਡਾਲਰ ਤੋਂ ਵੱਧ ਦੀ ਤੋੜਭੰਨ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ’ਚ ਸ਼ਾਮਲ ਸਨ। ਪ੍ਰਦਰਸ਼ਨਾਂ ਦੇ ਸ਼ੁਰੂ ਹੋਣ ਤੋਂ ਬਾਅਦ 37 ਗੱਡੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ।
ਐਮਰਸਨ, ਮੇਨੀਟੋਬਾ ਵਿਖੇ ਬਾਰਡਰ ਕਰਾਸਿੰਗ ਅਜੇ ਵੀ ਬੰਦ ਹੈ।