ਅਲਬਰਟਾ ਨੇ ਨਵੇਂ ਆਰਾਮ ਘਰਾਂ ਲਈ ਕੀਤੇ ਆਰ.ਐਫ਼.ਪੀ. ਜਾਰੀ

ਅਲਬਰਟਾ ਪ੍ਰਮੁੱਖ ਹਾਈਵੇਜ਼ ਕਿਨਾਰੇ ਸਥਿਤ ਨਵੇਂ ਸਰਕਾਰੀ ਮਲਕੀਅਤ ਵਾਲੇ ਆਰਾਮ ਘਰਾਂ ਦੇ ਵਿਕਾਸ ਲਈ ਅਗਲਾ ਕਦਮ ਚੁੱਕ ਰਿਹਾ ਹੈ, ਜਿਸ ਅਧੀਨ ਪਿਛਲੇ ਦੋ ਸਾਲਾਂ ਤੋਂ ਇਕੱਠੀਆਂ ਕੀਤੀਆਂ ਟਿੱਪਣੀਆਂ ਤੋਂ ਬਾਅਦ ਪ੍ਰਸਤਾਵ ਮੰਗੇ ਗਏ ਹਨ।

Alberta flag
(Illustration: istock)

ਇੱਛੁਕ ਧਿਰਾਂ ਦਸੰਬਰ ਦੇ ਅਖ਼ੀਰ ਤੱਕ ਪ੍ਰਸਤਾਵ ਜਮ੍ਹਾਂ ਕਰਵਾ ਸਕਦੀਆਂ ਹਨ। ਉਸਾਰੀ ਲਈ ਠੇਕੇ 2023 ਦੇ ਅਖ਼ੀਰ ’ਚ ਵੰਡੇ ਜਾਣਗੇ ਜਿਸ ਦੀ ਸ਼ੁਰੂਆਤ 2024 ’ਚ ਹੋਵੇਗੀ। ਕਮਰਸ਼ੀਅਲ ਵਿਕਾਸ ਨਾਲ ਸੰਬੰਧਤ ਲਾਗਤ ਦੀ ਅਦਾਇਗੀ ਨਿਜੀ ਸੈਕਟਰ ਕਰੇਗਾ ਅਤੇ ਜਿਸ ਦੀ ਵਸੂਲੀ ਕਾਰੋਬਾਰ ਤੋਂ ਹੋਏ ਫ਼ਾਇਦੇ ਤੋਂ ਕੀਤੀ ਜਾਵੇਗੀ।

ਟਰਾਂਸਪੋਰਟ ਮੰਤਰੀ ਪ੍ਰਸਾਦ ਪਾਂਡਾ ਨੇ ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ ਕਿਹਾ, ‘‘ਅਲਬਰਟਾ ਦੇ ਹਾਈਵੇਜ਼ ਕਾਰੋਬਾਰਾਂ ਅਤੇ ਯਾਤਰੀਆਂ ਨੂੰ ਵਪਾਰ ਅਤੇ ਫ਼ੁਰਸਤ ਦੇ ਮੌਕੇ ਪ੍ਰਦਾਨ ਕਰਦੇ ਹਨ। ਨਵੇਂ ਆਰਾਮ ਘਰਾਂ ਦੀ ਉਸਾਰੀ ਨਾਲ ਕਾਰੋਬਾਰਾਂ ਅਤੇ ਸੈਲਾਨੀਆਂ ਲਈ ਸਹੂਲਤਾਵਾਂ ਅਤੇ ਸੁਰੱਖਿਆ ’ਚ ਵਾਧਾ ਹੋਵੇਗਾ ਜੋ ਅਲਬਰਟਾ ਦੇ ਹਾਈਵੇਜ਼ ’ਤੇ ਸਫ਼ਰ ਕਰਦੇ ਹਨ।’’

ਅਲਬਰਟਾ ਮੋਟਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ (ਏ.ਐਮ.ਟੀ.ਏ.) ਦੇ ਮੁਖੀ ਜੂਡ ਗਰੋਵਸ ਨੇ ਕਿਹਾ, ‘‘ਅਲਬਰਟਾ ਦੇ ਆਵਾਜਾਈ ਖੇਤਰ ਨੇ ਹਾਈਵੇ ਆਰਾਮ ਘਰਾਂ ’ਚ ਲੰਮੇ ਸਮੇਂ ਤੋਂ ਸਾਫ਼, ਸੁਰੱਖਿਅਤ ਅਤੇ ਸੁਸੱਜਿਤ ਸਹੂਲਤਾਂ ਦੀ ਵਕਾਲਤ ਕੀਤੀ ਹੈ। ਇਹ ਸਾਡੇ ਪੇਸ਼ੇਵਰ ਕਮਰਸ਼ੀਅਲ ਟਰੱਕ ਡਰਾਈਵਰਾਂ ਅਤੇ ਅਲਬਰਟਾ ਵਾਸੀਆਂ, ਦੋਹਾਂ ਲਈ ਜ਼ਰੂਰੀ ਹਨ।’’

ਸਰਕਾਰ ਨੇ ਕਿਹਾ ਕਿ ਰਵਾਇਤੀ ਸੇਵਾਵਾਂ ਤੋਂ ਇਲਾਵਾ, ਵਿਕਸਤ ਆਰਾਮ ਘਰ ਚਾਰਜਿੰਗ ਸਟੇਸ਼ਨਾਂ ਵਰਗੀਆਂ ਨਵੀਂਆਂ ਤਕਨਾਲੋਜੀਆਂ ਵੀ ਪ੍ਰਦਾਨ ਕਰ ਸਕਦੇ ਹਨ।