ਅਲਬਰਟਾ ਸਰਕਾਰ ਅਸੀਮਤ ਕੈਰੀਅਰ ਅਤੇ ਪਬਲਿਕ ਪ੍ਰੋਫ਼ਾਈਲ ਮੁਫ਼ਤ ‘ਚ ਕਰੇਗੀ ਪ੍ਰਦਾਨ

Avatar photo

ਅਲਬਰਟਾ ‘ਚ ਆਨਲਾਈਨ ਕੈਰੀਅਰ ਪ੍ਰੋਫ਼ਾਈਲ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਹੁਣ ਇਹ ਕੰਮ ਮੁਫ਼ਤ ‘ਚ ਕਰ ਸਕਦੇ ਹਨ, ਕਿਉਂਕਿ ਆਵਾਜਾਈ ਮੰਤਰਾਲੇ ਨੇ ਕਮਰਸ਼ੀਅਲ ਕੈਰੀਅਰ ਉਦਯੋਗ ਲਈ ਲਾਲ ਫ਼ੀਤਾਸ਼ਾਹੀ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਤਬਦੀਲੀ 3 ਜਨਵਰੀ ਨੂੰ ਅਮਲ ‘ਚ ਆ ਗਈ ਹੈ।

ਮੁਫ਼ਤ ਹੋਣ ਤੋਂ ਪਹਿਲਾਂ, ਲੋਕ ਹਰ ਸਾਲ ਸਿਰਫ਼ ਦੋ ਮੁਫ਼ਤ ਪ੍ਰੋਫ਼ਾਈਲ ਪ੍ਰਾਪਤ ਕਰ ਸਕਦੇ ਸਨ, ਜੇਕਰ ਉਨ੍ਹਾਂ ਨੂੰ ਹੋਰ ਪ੍ਰੋਫ਼ਾਈਲ ਦੀ ਜ਼ਰੂਰਤ ਹੁੰਦੀ ਸੀ ਤਾਂ ਉਹ ਵੀ 2 ਡਾਲਰ ਪ੍ਰਤੀ ਪੰਨੇ ਦੀ ਅਦਾਇਗੀ ‘ਤੇ ਪ੍ਰਾਪਤ ਕੀਤੀ ਜਾ ਸਕਦੀ ਸੀ। ਆਮ ਤੌਰ ‘ਤੇ ਇੱਕ ਪ੍ਰੋਫ਼ਾਈਲ 21 ਪੰਨਿਆਂ ਦੀ ਹੁੰਦੀ ਹੈ। ਪ੍ਰੋਫ਼ਾਈਲ ਦੀ ਹਾਰਡ ਕਾਪੀ ਛਪਾਈ ਅਤੇ ਡਾਕ ਰਾਹੀਂ ਭੇਜਣ ਦੀ ਲਾਗਤ ਅਨੁਸਾਰ ਕੀਮਤ ‘ਤੇ ਆਵੇਗੀ।

ਮੁਫ਼ਤ ‘ਚ ਇਹ ਪ੍ਰੋਫ਼ਾਈਲ ਮੁਹੱਈਆ ਕਰਵਾਉਣ ਦਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਕੈਰੀਅਰਸ, ਸ਼ਿੱਪਰਜ਼, ਡਰਾਈਵਰਾਂ ਅਤੇ ਆਮ ਜਨਤਾ ਨੂੰ ਸੜਕਾਂ ‘ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਅੰਕੜੇ ਜ਼ਰੂਰਤ ਅਨੁਸਾਰ ਵੇਖਣ ਅਤੇ ਪ੍ਰਯੋਗ ਕਰਨ ਲਈ ਹੱਲਾਸ਼ੇਰੀ ਦੇਣਾ ਹੈ।

ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏ.) ਨੇ ਕਿਹਾ ਕਿ ਇਹ ਮਹੱਤਵਪੂਰਨ ਸੂਚਨਾ ਹੈ ਜਿਸ ਦਾ ਸਿੱਧਾ ਮੰਤਵ ਕੰਪਨੀ ਵੱਲੋਂ ਕਾਨੂੰਨ ਦੀ ਪਾਲਣਾ ਕਰਨ ਬਾਰੇ ਨਿਗਰਾਨੀ ਅਤੇ ਸਮੀਖਿਆ ਕਰਨਾ ਹੈ ਤਾਂ ਕਿ ਸੜਕਾਂ ‘ਤੇ ਸੁਰੱਖਿਆ ਵਧਾਈ ਜਾ ਸਕੇ।

ਕੈਰੀਅਰ ਪ੍ਰੋਫ਼ਾਈਲ ਕਾਰੋਬਾਰੀ ਗੱਡੀਆਂ ਲਈ ਕੌਮੀ ਸੁਰੱਖਿਆ ਕੋਡ ਦੇ ਕਾਨੂੰਨ ਹੇਠ ਆਉਂਦੇ ਹਨ, ਜੋ ਕਿ 16 ਵਿਅਕਤੀਗਤ ਮਾਨਕਾਂ ‘ਤੇ ਨਜ਼ਰ ਰਖਦੇ ਹਨ ਤਾਂ ਕਿ ਟੱਕਰਾਂ ਦੀ ਗਿਣਤੀ ਅਤੇ ਗੰਭੀਰਤਾ ਨੂੰ ਘੱਟ ਕੀਤਾ ਜਾ ਸਕੇ।