ਆਉ ਰਲ-ਮਿਲ ਫੜੀਏ ਬਾਂਹ ਦੁਖਿਆਰੇ ਲੋਕਾਂ ਦੀ, ਕੀ ਪਤਾ ਜ਼ਿੰਦਗੀ ਦਾ, ਕਦ ਮੁੱਕ ਜਾਣੀ ਏ!

Avatar photo

ਇਸ ਵਕਤ ਕੋਰੋਨਾ  ਦਾ ਕਹਿਰ ਪੂਰੀ ਦੁਨੀਆ ਲਈ ਇੱਕ ਬੁਝਾਰਤ ਬਣਿਆ ਹੋਇਆ ਹੈ। ਇਸ ਨੇ ਇੱਕ ਮਹਾਂਮਾਰੀ ਦਾ ਰੂਪ ਧਾਰ ਕੇ ਜੋ ਕੋਹਰਾਮ ਮਚਾਇਆ ਹੋਇਆ ਹੈ, ਉਸ ਨਾਲ ਸੰਸਾਰ ਭਰ ਵਿੱਚ ਲੱਖਾਂ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ ਹਨ ਅਤੇ ਸਮਾਜ ਆਪੋ-ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਿਆ ਹੈ। ਪੂਰੀ ਦੁਨੀਆ ਦੀ ਅਰਥ-ਵਿਵਸਥਾ ਡਗਮਗਾ ਗਈ ਹੈ ਅਤੇ ਬਹੁਤੀਆਂ ਥਾਵਾਂ ‘ਤੇ ਲੋਕ ਅਨਾਜ ਦੇ ਦਾਣੇ-ਦਾਣੇ ਨੂੰ ਤਰਸ ਰਹੇ ਹਨ।

ਮਨਮੀਤ ਬਾਜਵਾ।

ਖ਼ਬਰਾਂ ਦੇਖਣ ‘ਤੇ ਪਤਾ ਚੱਲਦਾ ਹੈ ਕਿ ਸੰਸਾਰ ਪੱਧਰ ‘ਤੇ ਬਹੁਤੇ ਮੁਲਕਾਂ ਵਿੱਚ ਲਾਕ-ਡਾਊਨ ਹੋਣ ਦੇ ਬਾਵਜੂਦ ਵੀ ਜਿੱਥੇ ਪੁਲੀਸ ਅਤੇ ਆਰਮੀ ਲੋਕਾਂ ਦੀ ਭਲਾਈ ਲਈ ਤਨ ਦੇਹੀ ਨਾਲ ਕੰਮ ਰਹੀ ਹੈ ਉੱਥੇ ਹੀ ਟਰੱਕਾਂ ਦੀ ਆਵਾਜਾਈ ਵੀ ਨਿਰੰਤਰ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਟਰੱਕ ਡਰਾਈਵਰ ਇੱਕ ਸੱਚੇ ਸਿਪਾਹੀ ਤੋਂ ਘੱਟ ਨਹੀਂ ਜੋ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਆਪਣਾ ਫਰਜ਼ ਸਮਝਦੇ ਹੋਏ ਦਿਨ-ਰਾਤ ਸੜਕਾਂ ‘ਤੇ ਜ਼ਰੂਰੀ ਵਸਤਾਂ ਦੀ ਸਪਲਾਈ ਲੈ ਕੇ ਤੁਰੇ ਹੋਏ ਹਨ।

ਇਸ ਬਾਰੇ ਟੋਰਾਂਟੋਂ ਵੱਸਦੇ ਮਨਮੀਤ ਸਿੰਘ ਲਾਲੀ ਬਾਜਵਾ ਦਾ ਕਹਿਣਾ ਹੈ ਕਿ ਉਹ ਲੱਗਭਗ ਪਿਛਲੇ 30 ਸਾਲਾਂ ਤੋਂ ਟਰੱਕ ਚਲਾ ਰਿਹਾ ਹੈ ਅਤੇ ਉਹ ਟਰੱਕ ਡਰਾਈਵਰੀ ਨੂੰ ਬੇ-ਪਨਾਹ ਮੁਹੱਬਤ ਵੀ ਕਰਦਾ ਹੈ। ਭਾਵੇਂ ਬਹੁਤੇ ਕਾਰੋਬਾਰ ਬੰਦ ਹਨ ਪਰ ਉਹ ਆਪਣੀ ਡਿਊਟੀ ਸਮਝ ਕੇ ਨਿਰੰਤਰ ਟਰੱਕ ਚਲਾ ਰਿਹਾ ਹੈ।

ਟੋਨੀ ਸੰਧੂ।

ਕਾਰਗੋ ਕੌਂਟੀ ਟਰੱਕਿੰਗ ਕੰਪਨੀ ਦੇ ਸੰਚਾਲਕ ਰਣਦੀਪ ਸਿੰਘ ਸੰਧੂ ਜਿਸ ਨੂੰ ਬਹੁਤੇ ਲੋਕ ਟੋਨੀ ਸੰਧੂ ਦੇ ਨਾਮ ਨਾਲ ਜਾਣਦੇ ਹਨ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਬਹੁਤੇ ਡਰਾਈਵਰ ਆਪੋ-ਆਪਣੇ ਘਰਾਂ ਵਿੱਚ ਬੈਠੇ ਹਨ ਪਰ ਉਨ੍ਹਾਂ ਦੀ ਕੰਪਨੀ ਦੇ ਜਿਹੜੇ ਡਰਾਈਵਰ ਇਸ ਮੁਸੀਬਤ ਦੀ ਘੜੀ ਵਿੱਚ ਕੰਮ ਕਰ ਰਹੇ ਹਨ, ਹਾਲਾਤ ਠੀਕ ਹੋਣ ਤੋਂ ਬਾਅਦ ਉਹ ਇੱਕ ਸਮਾਗਮ ਕਰ ਕੇ, ਇਨ੍ਹਾਂ ਕੰਪਨੀ ਡਰਾਈਵਰਾਂ ਦਾ ਵਿਸ਼ੇਸ਼ ਸਨਮਾਨ ਵੀ ਕਰਨਗੇ।

ਇਸ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਹਰ ਕੋਈ ਤਰਾਹ-ਤਰਾਹ ਕਰ ਰਿਹਾ ਹੈ ਅਤੇ ਹਰ ਪਾਸੇ Stay Home, ‘ਕ੍ਰਿਪਾ ਕਰ ਕੇ ਘਰ ਹੀ ਰਹੋ, ਇਸ ਨਾਲ ਹੀ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ’ ਹੀ ਲਿਖਿਆ ਵੇਖਣ ਨੂੰ ਮਿਲ ਰਿਹਾ ਹੈ।  ਬਹੁਤੇ ਲੋਕ ਇਸ ਦੀ ਪਾਲਣਾ ਵੀ ਕਰ ਰਹੇ ਹਨ ਅਤੇ ਕੰਮਾਂ ਤੋਂ ਛੁੱਟੀਆਂ ਹੋਣ ਕਾਰਨ ਆਪੋ-ਆਪਣੇ ਘਰਾਂ ਵਿੱਚ ਹੀ ਬੈਠੇ ਹਨ।

ਭਾਵੇਂ ਕੈਨੇਡਾ ਸਰਕਾਰ ਵੀ ਲੋਕਾਂ ਦੀ ਮੱਦਦ ਲਈ ਅੱਗੇ ਆਈ ਹੈ ਪਰ ਭਾਈ ਘਨੱਈਆ ਜੀ ਦੇ ਵਾਰਸ ਬਣ ਕੇ ਜਿਹੜਾ ਕਮਾਲ ਗੁਰੂ ਦੇ ਸਿੱਖਾਂ ਜਾਂ ਪੰਜਾਬੀਆਂ ਨੇ ਕਰ ਵਿਖਾਇਆ ਹੈ ਉਹ ਪੂਰੀ ਦੁਨੀਆਂ ਵਿੱਚ ਫਿਰ ਇੱਕ ਵੱਡੀ ਮਿਸਾਲ ਬਣ ਕੇ ਸਾਹਮਣੇ ਆਏ ਹਨ। ਜੀ.ਟੀ.ਏ. ਵਿੱਚ ਵੀ ਖ਼ਾਲਸਾ ਏਡ, ਖ਼ਾਲਸਾ ਕੇਅਰ, ਗਿਲਜ਼ ਸਵੀਟ ਫੈਕਟਰੀ, ਪੀਲ ਫਾਇਨੈਨਸ਼ੀਅਲ, ਨਿਊ ਬਰੈਂਪਟਨ, ਸਾਊਥ ਏਸ਼ੀਅਨ ਟਰੱਕਿੰਗ ਐਸੋਸੀਏਸ਼ਨ ਆਫ਼ ਕੈਨੇਡਾ, ਜੀ.ਟੀ.ਏ. ਫਾਇਨੈਨਸ਼ੀਅਲ, ਸਮੇਤ ਕਈ ਹੋਰ ਵੀ ਸੰਸਥਾਵਾਂ ਜਿੱਥੇ ਆਪੋ-ਆਪਣਾ ਫਰਜ਼ ਨਿਭਾ ਕੇ ਮਨੁੱਖਤਾ ਦੇ ਆਧਾਰ ‘ਤੇ ਸੇਵਾ ਕਰ ਰਹੀਆਂ ਹਨ ਉੱਥੇ ਹੀ ਗੁਰਪ੍ਰੀਤ ਸਿੰਘ ਗਿੱਲ, ਤਜਿੰਦਰ ਤਾਤਲਾ, ਗੁਰਮਿੰਦਰ ਗਿੱਲ, ਗੁਰਿੰਦਰ ਝੱਜਵੀ ਆਪੋ ਆਪਣੇ ਪੱਧਰ ‘ਤੇ ਸੇਵਾਵਾਂ ਨਿਭਾ ਰਹੇ ਹਨ।

ਗੁਰੂ ਨਾਨਕ ਫੂਡ ਸੇਵਾ ਦੀ ਟੀਮ।

ਇਸੇ ਤਰ੍ਹਾਂ ਗੁਰੂ ਨਾਨਕ ਫੂਡ ਸੇਵਾ ਦੇ ਮਿੰਟੂ ਤੱਖਰ, ਬਲਵਿੰਦਰ ਸਿੰਘ ਐਲਪੀ ਅਤੇ ਜਗਤੇਸ਼ਵਰ ਸਿੰਘ ਬਰਾੜ ਆਪਣੇ ਵਲੰਟੀਅਰਾਂ ਦੀ ਟੀਮ ਨਾਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਠੀ ਹੋਈ ਗਰੋਸਰੀ ਨੂੰ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ।

ਪੰਜਾਬੀ ਫੂਡ ਸੇਵਾ ਵਾਲੇ ਸੱਜਣ ਜੁਗਰਾਜ ਸਿੱਧੂ, ਜੋਤੀ ਸਿੰਘ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੀ ਪਿਛਲੇ ਲੰਮੇਂ ਸਮੇਂ ਤੋਂ ਲੋਕਾਂ ਨੂੰ ਘਰੋ-ਘਰੀ ਮੁਫਤ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਦੂਜੇ ਪਾਸੇ ਕਿੰਗ ਬ੍ਰਦਰਜ਼ ਵੱਜੋਂ ਜਾਣੇ ਜਾਂਦੇ ਜਗਮੋਹਨ ਸਿੰਘ ਕਿੰਗ ਅਤੇ ਕਮਲਜੀਤ ਸਿੰਘ ਲਾਲੀ ਕਿੰਗ ਨੇ ਬਰੈਂਪਟਨ ਦੇ ਟਾਰਬਰ÷ ਮ ਅਤੇ ਵਿਲੀਅਮਜ਼  ਪਾਰਕ ਵੇਅ ਨੇੜੇ ਇੱਕ ਰੈਸਟਰੋਰੈਂਟ ਵਾਲਿਆਂ ਨਾਲ ਗੱਲਬਾਤ ਕਰਕੇ ਆਪਣੇ ਖਰਚੇ ‘ਤੇ ਪਿਛਲੇ ਕਈ ਹਫਤਿਆਂ ਤੋਂ ਜੀਟੀਏ ਵਿੱਚ ਰੋਜ਼ਾਨਾ ਸ਼ਾਮ ਨੂੰ ਕੁਝ ਘੰਟੇ ਫਰੀ ਲੰਗਰ ਦਾ ਇੰਤਜ਼ਾਮ ਕੀਤਾ ਹੈ ਜਿੱਥੋਂ ਹਰ ਜ਼ਰੂਰਤਮੰਦ ਵਿਅਕਤੀ ਭੋਜਨ ਲੈ ਕੇ ਜਾ ਸਕਦਾ ਹੈ।

ਸਹਾਇਤਾ ਫਾਂਊਂਡੇਸ਼ਨ ਦੀ ਟੀਮ।

ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾ ‘ਸਹਾਇਤਾ ਫਾਂਊਂਡੇਸ਼ਨ’ ਦੇ ਵਲੰਟੀਅਰਾਂ ਦੀ ਟੀਮ ਕਰਮਜੀਤ ਸਿੰਘ ਗਿੱਲ, ਸੈਂਡੀ ਗਰੇਵਾਲ ਅਤੇ ਉਨ੍ਹਾਂ ਦੇ ਸਾਥੀ, ਪੀਲ ਪੁਲੀਸ ਦੇ ਅਫਸਰਾਂ ਰਾਜ ਬੜਿੰਗ, ਮਨਜੀਤ ਸਿੰਘ ਬਸਰਾ, ਜੈਗ ਢਿੱਲੋਂ ਅਤੇ ਹੋਰਨਾਂ ਨਾਲ ਮਿਲ ਕੇ ਪਿਛਲੇ ਕੁਝ ਸਮੇਂ ਤੋਂ ਜ਼ਰੂਰਤ ਵਿਅਕਤੀਆਂ ਦੇ ਨਾਲ-ਨਾਲ ਟਰੱਕ ਡਰਾਈਵਰਾਂ, ਬੱਸ ਡਰਾਈਵਰਾਂ ਅਤੇ ਟੈਕਸੀ ਡਰਾਈਵਰਾਂ ਨੂੰ ਜੋ ਮਾਸਕ ਵੰਡਣ ਦੀ ਸੇਵਾ ਨਿਭਾ ਰਹੇ ਹਨ ਉਹ ਅਤਿਅੰਤ ਸ਼ਲਾਘਾਯੋਗ ਹੈ।

 

ਲੇਖਕ ਬਾਰੇ:

ਹਰਜੀਤ ਬਾਜਵਾ 1993 ਤੋਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਲੰਬੇ ਸਮੇਂ ਤੋਂ ਟੋਰੰਟੋ ਦੇ ਆਸਪਾਸ ਦੇ ਇਲਾਕੇ ਦੀ ਨਿਰਪੱਖ ਰਿਪੋਰਟਿੰਗ ਕਰ ਰਹੇ ਹਨ। ਉਨ੍ਹਾਂ ਪਿਛਲੇ ਛੇ ਕੁ ਸਾਲਾਂ ਤੋਂ ਟਰੱਕ ਡਰਾਈਵਿੰਗ ਕਰਦੇ ਹੋਏ ਇੰਡਸਟਰੀ ਦੇ ਦਰਪੇਸ਼ ਮੁੱਦਿਆਂ ਨੂੰ ਕਾਫ਼ੀ ਕਰੀਬੀ ਨਾਲ ਦੇਖਿਆ ਹੈ। ਹਰਜੀਤ ਬਾਜਵਾ ਨਾਲ ਸੰਪਰਕ ਕਰਨ ਲਈ ਈ-ਮੇਲ ਐਡਰੈੱਸ ਹੈ harjitbajwa@gmail.com ਅਤੇ ਫੋਨ ਨੰਬਰ ਹੈ 416 970 4333