ਆਖ਼ਰੀ ਮੰਜ਼ਿਲ ਤਕ ਸਾਮਾਨ ਪਹੁੰਚਾਉਣ ਵਾਲੇ ਫ਼ਲੀਟਾਂ ਦੀ ਨਜ਼ਰ ਇਲੈਕਟ੍ਰਿਕ ਗੱਡੀਆਂ ’ਤੇ

Avatar photo

ਉੱਤਰੀ ਅਮਰੀਕਾ ਦੇ ਕੁੱਝ ਸਭ ਤੋਂ ਵੱਡੇ ‘ਫ਼ਾਈਨਲ ਮਾਈਲ ਡਿਲੀਵਰੀ ਫ਼ਲੀਟਸ’ ਪ੍ਰਤੱਖ ਤੌਰ ’ਤੇ ਉਤਸਰਜਨ ਨੂੰ ਕਾਬੂ ’ਚ ਕਰਨ ਵਾਲੀਆਂ ਇਲੈਕਟ੍ਰਿਕ ਗੱਡੀਆਂ ਨੂੰ ਅਪਨਾਉਣ ’ਚ ਪਹਿਲ ਕਰਨ ਵਾਲੇ ਲੱਗ ਰਹੇ ਹਨ। ਅਤੇ ਈ-ਕਾਮਰਸ ਵੱਲੋਂ 2020 ’ਚ 4 ਟ੍ਰਿਲੀਅਨ ਡਾਲਰ ਰੈਵੀਨਿਊ ਦੇ ਨਾਲ, ਬਾਜ਼ਾਰ ਕੋਈ ਛੋਟਾ ਨਹੀਂ ਹੈ।

ਫ਼ੈੱਡਐਕਸ ਨੂੰ ਲਗਦਾ ਹੈ ਕਿ ਕੌਮਾਂਤਰੀ ਕਾਰਬਨ ਪ੍ਰਦੂਸ਼ਣ ਘਟਾਉਣ ਲਈ ਇਲੈਕਟ੍ਰਿਕ ਗੱਡੀਆਂ ਮਹੱਤਵਪੂਰਨ ਹਨ।

ਆਪਣੇ ਵੱਲੋਂ, ਫ਼ੈੱਡਐਕਸ ਨੇ ਪਿੱਛੇ ਜਿਹੇ ਇੱਕ ਕਾਰਪੋਰੇਟ ਅਹਿਦ ਲਿਆ ਸੀ ਕਿ ਉਹ 2040 ਤਕ ਮੁਕੰਮਲ ਤੌਰ ’ਤੇ ਕਾਰਬਨ-ਮੁਕਤ ਕੰਪਨੀ ਬਣ ਜਾਵੇਗੀ। ਪਰ, ਚੀਫ਼ ਇੰਜੀਨੀਅਰ – ਗਲੋਬਲ ਵਹੀਕਲਜ਼ ਵਜੋਂ ਬੋਰਿਸ ਕੋਰਟ-ਪੈਕਾਰਡ ਨੇ ਐਕਟ ਐਕਸਪੋ ਵਿਖੇ ਇੱਕ ਪੈਨਲ ਚਰਚਾ ਦੌਰਾਨ ਦੱਸਿਆ ਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਇਸ ਕੌਮਾਂਤਰੀ ਕਾਰੋਬਾਰ ਨੂੰ ਹੁਣ ਤੋਂ ਹੀ ਬੜੀ ਤੇਜ਼ੀ ਨਾਲ ਆਪਣੀਆਂ ਕਾਰਵਾਈਆਂ ਇਲੈਕਟ੍ਰਿਕ ਗੱਡੀਆਂ ਨਾਲ ਚਲਾਉਣੀਆਂ ਪੈਣਗੀਆਂ।

ਉਨ੍ਹਾਂ ਕਿਹਾ, ‘‘ਸਾਡਾ ਈ-ਕਾਮਰਸ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ ਹੈ। ਅਸੀਂ ਹਰ ਰੋਜ਼ 19 ਮਿਲੀਅਨ ਸ਼ਿੱਪਮੈਂਟਸ ਕਰ ਰਹੇ ਹਾਂ। ਪਰ ਹਵਾਈ ਜਹਾਜ਼ ਦੇ ਉਤਸਰਜਨ ਨੂੰ ਘੱਟ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੈ। ਇਸ ਨੂੰ ਨਵੇਂ ਬਾਇਓ ਫ਼ਿਊਲ ਨਾਲ ਕੀਤਾ ਜਾ ਸਕਦਾ ਹੈ ਪਰ ਇਸ ’ਚ ਸਮਾਂ ਲੱਗੇਗਾ। ਅਸੀਂ ਅੱਜ ਇਹ ਕਰ ਸਕਦੇ ਹਾਂ ਕਿ ਇਲੈਕਟ੍ਰਿਕ ਡਿਲੀਵਰੀ ਬਾਈਕ ਵਰਗੇ ਹਰਿਤ ਡਿਲੀਵਰੀ ਸਿਸਟਮਜ਼ ਨੂੰ ਲਾਗੂ ਕਰੀਏ, ਨਾਲ ਹੀ ਆਪਣੇ ਕਾਰਬਨ ਉਤਸਰਜਨ ਨੂੰ ਘਟਾਉਣ ਲਈ ਵੈਨਾਂ ਅਤੇ ਸ਼੍ਰੇਣੀ 7 ਤੱਕ ਦੇ ਟਰੱਕਾਂ ਨੂੰ ਇਲੈਕਟ੍ਰਿਕ ਬਣਾਈਏ।’’

ਟੋਰਾਂਟੋ ਅਤੇ ਮਾਂਟ੍ਰਿਆਲ ਸਮੇਤ ਲੰਦਨ, ਪੈਰਿਸ ਅਤੇ ਨਿਊਯਾਰਕ ’ਚ ਕਾਰਗੋ ਬਾਈਕਸ ਦਾ ਜ਼ਿਕਰ ਕਰਦਿਆਂ ਕੋਰਟ-ਪੈਕਾਰਡ ਨੇ ਕਿਹਾ ਕਿ ਫ਼ਲੀਟਸ ਲਈ ਇਹ ਬਿਲਕੁਲ ਨਵਾਂ ਤਜ਼ਰਬਾ ਹੋਵੇਗਾ। ਪਰ ਬਾਈਕਸ ਕਿਸੇ ਬਾਜ਼ਾਰ ’ਚ ਤਾਂ ਬਹੁਤ ਚੰਗਾ ਕੰਮ ਕਰਦੀਆਂ ਹਨ ਪਰ ਕਿਸੇ ’ਚ ਨਹੀਂ।

ਓਸ਼ਕੋਸ਼ ਕੋਰਪ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਜੌਨ ਫੀਫਰ ਨੇ ਕਿਹਾ ਕਿ ਉਨ੍ਹਾਂ ਦਾ ਓ.ਈ.ਐਮ. ਯੂ.ਐਸ. ਡਾਕ ਸੇਵਾਵਾਂ ਨੂੰ ਇੱਕ ਨਵੀਂ, ਇਲੈਕਟ੍ਰਿਕ ਡਿਲੀਵਰੀ ਵੈਨ ਸਪਲਾਈ ਕਰੇਗਾ ਜੋ ਕਿ ਇਸ ਨੂੰ 10 ਸਾਲਾਂ ਦੇ  ਸਮੇਂ ਦੌਰਾਨ 100% ਉਤਸਰਜਨ ਮੁਕਤ ਫ਼ਲੀਟ ਬਣਾ ਦੇਵੇਗਾ। ਤਸਵੀਰ: ਜੈਕ ਰੋਬਰਟਸ

ਓਸ਼ਕੋਸ਼ ਨੇ ਇਸ ਦੌਰਾਨ ਇਲੈਕਟ੍ਰਿਕ ਗੱਡੀਆਂ ਦੇ ਫ਼ਲੀਟ ਨਾਲ ਯੂ.ਐਸ. ਪੋਸਟਲ ਸਰਵੀਸਿਜ਼ (ਯੂ.ਐਸ.ਪੀ.ਐਸ.) ਸਪਲਾਈ ਕਰਨ ਲਈ ਠੇਕਾ ਪ੍ਰਾਪਤ ਕਰ ਲਿਆ ਹੈ। ਓਸ਼ਕੋਸ਼ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਜੌਨ ਫੀਫਰ ਨੇ ਕਿਹਾ, ‘‘ਟੀਚਾ ਯੂ.ਐਸ.ਪੀ.ਐਸ. ਨੂੰ ਅਗਲੇ 10 ਸਾਲਾਂ ਦੇ ਠੇਕੇ ਦੌਰਾਨ ਸਿਫ਼ਰ ਉਤਸਰਜਨ ਵਾਲਾ ਦੁਨੀਆਂ ਦਾ – ਜੇਕਰ ਸਭ ਤੋਂ ਵੱਡਾ ਨਹੀਂ ਤਾਂ – ਸਭ ਤੋਂ ਵੱਡਿਆਂ ’ਚੋਂ ਇੱਕ ਫ਼ਲੀਟ ਬਣਾਉਣ ਦਾ ਹੈ।’’

ਇਸ ਕੰਮ ਦੇ ਅੱਗੇ ਕਈ ਲਾਭ ਮਿਲਣਗੇ, ਜਿਸ ਨਾਲ ਤਕਨਾਲੋਜੀਆਂ ਦਾ ਵਿਕਾਸ ਹੋਵੇਗਾ ਅਤੇ ਇਲੈਕਟ੍ਰਿਕ ਗੱਡੀਆਂ ਨੂੰ ਨਿਜੀ ਫ਼ਲੀਟਸ ਵੱਲੋਂ ਅਪਨਾਉਣਾ ਤੇਜ਼ ਹੋਵੇਗਾ।

ਇਲੈਕਟ੍ਰਿਕ ਵਹੀਕਲ ਚਾਰਜਿੰਗ ਮੁਢਲਾ ਢਾਂਚਾ ਉੱਤਰੀ ਅਮਰੀਕਾ ’ਚ ਇਲੈਕਟ੍ਰਿਕ ਕਮਰਸ਼ੀਅਲ ਗੱਡੀਆਂ ਲਈ ਵੱਡਾ ਰੇੜਕਾ ਰਿਹਾ ਹੈ।

ਈਵੀਗੋ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈਥੀ ਜ਼ੋਏ ਨੇ ਕਿਹਾ ਕਿ ਫ਼ਲੀਟਸ ਨੂੰ ਬਹੁਤ ਜ਼ਿਆਦਾ ਲਚਕਦਾਰ ਅਤੇ ਟਿਕਾਊ ਪਾਵਰ ਗਰਿੱਡ ਨੈੱਟਵਰਕ ਚਾਹੀਦੇ ਹਨ ਜੋ ਕਿ ਵੱਖੋ-ਵੱਖ ਚਾਰਜਿੰਗ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਫ਼ਲੀਟਸ ਕੋਲ ਆਪਣੀਆਂ ਕਾਰਵਾਈਆਂ ਚਲਾਉਣ ਵਾਲੀ ਥਾਂ ’ਤੇ ਚਾਰਜਿੰਗ ਦੀ ਸਹੂਲਤ ਲਾਉਣ ਦਾ ਬਦਲ ਹੈ, ਨਾਲ ਹੀ ਉਨ੍ਹਾਂ ਕੋਲ ਆਪਣੇ ਕੰਮ ਕਰਨ ਦੀ ਥਾਂ ਤੋਂ ਦੂਰ ਸਮਰਪਿਤ ਜਾਂ ਸਾਂਝੇ ਹੱਬ ਸਟੇਸ਼ਨ ਲਾਉਣ ਦਾ ਬਦਲ ਵੀ ਹੈ, ਹਾਲਾਂਕਿ ਵੱਡੇ ਪੱਧਰ ’ਤੇ ਫੈਲਿਆ ਹੋਇਆ ਜਨਤਕ ਚਾਰਜਿੰਗ ਨੈੱਟਵਰਕ ਅਜੇ ਵੀ ਦੂਰ ਦੀ ਗੱਲ ਹੈ।

ਪਰ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਹਰ ਫ਼ਲੀਟ ਨੂੰ ਇਨ੍ਹਾਂ ਗੱਡੀਆਂ ਲਈ ਵੱਖੋ-ਵੱਖ ਚਾਰਜਿੰਗ ਹੱਲ ਲਾਉਣ ਦੀ ਜ਼ਰੂਰਤ ਪਵੇਗੀ। ਉਨ੍ਹਾਂ ਕਿਹਾ, ‘‘ਕੁੱਝ ਫ਼ਲੀਟ ਜੋ ਕਿ ਸਿਰਫ਼ ਇੱਕ ਸ਼ਿਫ਼ਟ ਟਰੱਕ ਚਲਾਉਂਦੇ ਹਨ ਉਨ੍ਹਾਂ ਨੂੰ ਚਾਰਜਰਾਂ ਦਾ ਇੱਕ ਸੈੱਟ ਚਾਹੀਦਾ ਹੁੰਦਾ ਹੈ। ਜਦਕਿ ਦੂਜੇ ਫ਼ਲੀਟ ਨੂੰ ਦੋ ਚਾਰਜਿੰਗ ਸੈੱਟ ਚਾਹੀਦੇ ਹੁੰਦੇ ਹਨ ਜੋ ਕਿ ਫ਼ਾਸਟ-ਚਾਰਜਿੰਗ ਸਮਰੱਥਾ ਨਾਲ ਲੈਸ ਹੋਣ। ਹੋਰਨਾਂ ਫ਼ਲੀਟਸ ਨੂੰ ਦੂਰ-ਦੁਰਾਡੇ ਇਲਾਕਿਆਂ ’ਚ ਫ਼ਾਸਟ ਚਾਰਜਿੰਗ ਸਟੇਸ਼ਨਾਂ ਦੀ ਜ਼ਰੂਰਤ ਹੋ ਸਕਦੀ ਹੈ, ਤਾਂ ਕਿ ਉਨ੍ਹਾਂ ਦੇ ਟਰੱਕਾਂ ਨੂੰ ਆਪਣੇ ਰੂਟ ਪੂਰੇ ਕਰਨ ਲਈ ਲੋੜੀਂਦੀ ਰੇਂਜ ਮਿਲ ਸਕੇ ਅਤੇ ਉਹ ਰਾਤ ਸਮੇਂ ਆਪਣੇ ਬੇਸ ਤਕ ਪਰਤ ਸਕਣ।’’

ਜ਼ੋਏ ਨੇ ਕਿਹਾ ਕਿ ਫ਼ਲੀਟ ਮੈਨੇਜਰਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਰੀਆਂ ਬਿਜਲੀ ਪੈਦਾ ਕਰਨ ਵਾਲੀਆਂ ਸਹੂਲਤਾਂ ਇਲੈਕਟ੍ਰਿਕ ਵਹੀਕਲਾਂ ਬਾਰੇ ਉਤਸ਼ਾਹਿਤ ਨਹੀਂ ਹਨ, ਕਿਉਂਕਿ ਇਹ ਮੌਜੂਦਾ ਗਰਿੱਡ ’ਤੇ ਬਹੁਤ ਜ਼ਿਆਦਾ ਜ਼ੋਰ ਪਾਉਣਗੀਆਂ। ਵੱਡੇ ਪੱਧਰ ’ਤੇ ਇਲੈਕਟ੍ਰਿਕ ਕਾਰਾਂ ਅਤੇ ਟਰੱਕਾਂ ਦੇ ਆਉਣ ਨਾਲ ਉਨ੍ਹਾਂ ਨੂੰ ਆਪਣੇ ਪਾਵਰ ਨੈੱਟਵਰਕ ਨੂੰ ਕਾਬਲ ਬਣਾਉਣ ਲਈ ਲੱਖਾਂ ਡਾਲਰ ਖ਼ਰਚਣੇ ਪੈਣਗੇ।

ਜੈਕ ਰੋਬਰਟਸ ਵੱਲੋਂ