ਇਲੈਕਟ੍ਰਿਕ ਗੱਡੀਆਂ ‘ਤੇ ਫ਼ੋਰਡ ਦਾ ਵੱਡਾ ਦਾਅ

Avatar photo
ਫ਼ੋਰਡ ਦੇ ਗਲੋਬਲ ਡਾਇਰੈਕਟਰ ਟੈਡ ਕੈਨਿਸ, ਵਰਕ ਟਰੱਕ ਸ਼ੋਅ ਮੌਕੇ ਇਲੈਕਟ੍ਰੀਫ਼ੀਕੇਸ਼ਨ ਬਾਰੇ ਗੱਲਬਾਤ ਕਰਦੇ ਹੋਏ।

ਉੱਤਰੀ ਅਮਰੀਕਾ ‘ਚ ਵਿਕਸਤ ਹੋ ਰਹੀ ਇਲੈਕਟ੍ਰਿਕ ਵਹੀਕਲ ਮਾਰਕੀਟ ‘ਤੇ ਧਿਆਨ ਕੇਂਦਰਿਤ ਕਰਨ ਲਈ ਫ਼ੋਰਡ ਮੋਟਰ ਕੰ. 2022 ਤਕ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਬਣਾਉਣ ਲਈ 11.5 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।

ਐਨ.ਟੀ.ਈ.ਏ. ਵਰਕ ਟਰੱਕ ਸ਼ੋਅ ‘ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੋਰਡ ਨੇ ਕਿਹਾ ਕਿ ਹਲਕੇ ਅਤੇ ਦਰਮਿਆਨੇ ਭਾਰ ਢੋਣ ਵਾਲੀਆਂ ਗੱਡੀਆਂ ਦੇ ਖੇਤਰ ‘ਚ ਸਿਫ਼ਰ ਉਤਸਰਜਨ ਨੂੰ ਅਪਨਾਉਣ ਦੀ ਪ੍ਰਕਿਰਿਆ ਦੌਰਾਨ ਉਹ ਅਮਰੀਕਾ ਅਤੇ ਕੈਨੇਡਾ ਲਈ 2022 ਮਾਡਲ ਸਾਲ ਦੀ ਆਪਣੀ ਮਸ਼ਹੂਰ ਟਰਾਂਜ਼ਿਟ ਵੈਨ ਲਿਆ ਕੇ ਮੋਢੀ ਬਣਨਾ ਚਾਹੁੰਦਾ ਹੈ।

ਬਿਜਲੀ ਨਾਲ ਚੱਲਣ ਵਾਲੀ ਟਰਾਂਜ਼ਿਟ ਕਾਰਗੋ ਵੈਨ, ਕੱਟਅਵੇ ਅਤੇ ਚੈਸਿਸ ਕੈਬ ਸੰਰਚਨਾਵਾਂ ‘ਚ ਮਿਲੇਗੀ ਜਿਸ ‘ਚ ਤਿੰਨ ਰੂਫ਼ ਹਾਈਟ ਅਤੇ ਤਿੰਨ ਵੀਲ੍ਹਬੇਸ ਹੋਣਗੇ। ਕਾਰਗੋ ਦੀ ਸਮਰਥਾ ਨੂੰ ਵੱਧ ਤੋਂ ਵੱਧ ਬਣਾਈ ਰੱਖਣ ਲਈ ਬੈਟਰੀਆਂ ਨੂੰ ਚੈਸਿਸ ਹੇਠਾਂ ਲਗਾਇਆ ਜਾਵੇਗਾ ਤਾਂ ਕਿ ਅੰਦਰੂਨੀ ਥਾਂ ਨਾਲ ਕੋਈ ਸਮਝੌਤਾ ਨਾ ਹੋਵੇ। ਗੱਡੀ ਦੀ ਸੰਰਚਨਾ ਅਤੇ ਬੈਟਰੀ ਪੈਕ ਦੇ ਆਕਾਰ ਅਨੁਸਾਰ ਵੱਖੋ-ਵੱਖ ਰੇਂਜ (ਦੂਰੀ ਤੈਅ ਕਰਨ ਦੀ ਸਮਰੱਥਾ) ਦੇ ਬਦਲ ਮੌਜੂਦ ਰਹਿਣਗੇ, ਹਾਲਾਂਕਿ ਫ਼ੋਰਡ ਨੇ ਰੇਂਜ, ਚੈਸਿਸ ਦੇ ਭਾਰ ਅਤੇ ਚਾਰਜਿੰਗ ਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਇਲੈਕਟ੍ਰੀਫ਼ੀਕੇਸ਼ਨ ਲਈ ਫ਼ੋਰਡ ਦੇ ਗਲੋਬਲ ਡਾਇਰੈਕਟਰ ਟੈਡ ਕੈਨਿਸ ਨੇ ਕਿਹਾ, ”ਸਿਰਫ਼ ਬੈਟਰੀਆਂ ਜੋੜ ਦੇਣਾ ਕਾਫ਼ੀ ਨਹੀਂ ਹੈ। ਅਸੀਂ ਇੱਕ ਕਦਮ ਅੱਗੇ ਜਾ ਕੇ, ਮੋਟਰ ਅਤੇ ਬੈਟਰੀ ਪੁਰਜ਼ਿਆਂ ਨੂੰ ਸਾਂਝਾ ਕਰ ਕੇ ਆਪਣੇ ਅਤੇ ਆਪਣੇ ਗ੍ਰਾਹਕਾਂ ਲਈ ਸਰਬੋਤਮ ਗੱਡੀ ਤਿਆਰ ਕਰਨ ਜਾ ਰਹੇ ਹਾਂ।”

ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੇ ਟਰਾਂਜ਼ਿਟ ‘ਚ ਲੱਗੀ ਸਮਾਰਟ ਟੈਕਨਾਲੋਜੀ ਨਾਲ ਫ਼ਲੀਟ ਨਿਪੁੰਨਤਾ ਨੂੰ ਵੱਧ ਤੋਂ ਵੱਧ ਕਰਨ ਅਤੇ ਫ਼ੋਟਕ ਪਦਾਰਥ ਘੱਟ ਕਰਨ ‘ਚ ਮੱਦਦ ਮਿਲੇਗੀ, ਨਾਲ ਹੀ ਆਪਰੇਟਰ ਦੀ ਕਾਰਗੁਜ਼ਾਰੀ ‘ਤੇ ਜਾਣਕਾਰੀ ਦੇ ਕੇ ਡਰਾਈਵਰ ਦਾ ਵਤੀਰਾ ਬਿਹਤਰ ਕਰਨ ‘ਚ ਵੀ ਮੱਦਦ ਮਿਲੇਗੀ। ਫੋਰਡਪਾਸ ਕੁਨੈਕਟ ਮੋਡਮ ਰਾਹੀਂ ਫ਼ਲੀਟ ਹੁਣ ਫ਼ੋਰਡ ਟੈਲੀਮੈਟਿਕਸ ‘ਚ ਗੱਡੀ ਬਾਰੇ ਅੰਕੜਿਆਂ ਨੂੰ ਪ੍ਰਾਪਤ ਕਰ ਸਕਣਗੇ, ਜੋ ਕਿ 4ਜੀ ਐਲ.ਟੀ.ਈ. ਵਾਈ-ਫ਼ਾਈ ਹੋਟਸਪੌਟ ਵਜੋਂ ਵੀ ਕੰਮ ਕਰਦਾ ਹੈ ਜਿਸ ਨਾਲ 10 ਉਪਕਰਨ ਜੁੜ ਸਕਦੇ ਹਨ।

ਗੱਡੀ ਦੀ ਕਾਰਗੁਜ਼ਾਰੀ ਅਤੇ ਡਰਾਈਵਰ ‘ਤੇ ਨਜ਼ਰ ਰੱਖਣ ਲਈ ਫ਼ਲੀਟ ਮੈਨੇਜਰ ਫ਼ੋਰਡ ਦੇ ਡਾਟਾ ਸਰਵਿਸ ਟੂਲਜ਼ ਜਿਵੇਂ ਲਾਈਵ ਮੈਪ ਜੀ.ਪੀ.ਐਸ. ਟਰੈਕਿੰਗ, ਜੀਓਫ਼ੈਂਸਿੰਗ ਅਤੇ ਵਹੀਕਲ ਡਾਇਗਨੋਸਟਿਕਸ ਦਾ ਪ੍ਰਯੋਗ ਕਰ ਸਕਦੇ ਹਨ।

ਫ਼ੋਰਡ ਦੀ ਡਰਾਈਵਰ-ਅਸਿਸਟ ਤਕਨਾਲੋਜੀ ਡਰਾਈਵਰ ਦੇ ਆਤਮਵਿਸ਼ਵਾਸ ਨੂੰ ਵਧਾਉਣ ਅਤੇ ਟੱਕਰਾਂ ਤੋਂ ਬਚਣ ਜਾਂ ਇਨ੍ਹਾਂ ਦੇ ਅਸਰ ਨੂੰ ਘੱਟ ਤੋਂ ਘੱਟ ਕਰਨ ‘ਚ ਮੱਦਦਗਾਰ ਸਾਬਤ ਹੋ ਸਕਦੀ ਹੈ। ਟਰਾਂਜ਼ਿਟ ‘ਚ ਟੱਕਰ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੀ ਅਤੇ ਪੈਦਲ ਯਾਤਰੀਆਂ ਦੀ ਪਛਾਣ ਕਰਨ ਵਾਲੀ ਮਾਨਕ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਹੋਣ ਜਾ ਰਹੀ ਟੱਕਰ ਬਾਰੇ ਚੇਤਾਵਨੀ, ਪੋਸਟ-ਕੁਲੀਜ਼ਨ ਬ੍ਰੇਕਿੰਗ, ਲਾਈਨ ‘ਚ ਰਹਿਣ ਲਈ ਸਿਸਟਮ ਅਤੇ ਆਟੋ ਹਾਈ-ਬੀਮ ਹੈੱਡਲੈਂਪ ਵੀ ਹੋਣਗੇ।