ਇਲੈਕਟ੍ਰਿਕ ਟਰੱਕਾਂ ਲਈ ਡੈਨਾ ਨਾਲ ਮਿਲ ਕੇ ਕੰਮ ਕਰਨਗੇ ਪੀਟਰਬਿਲਟ, ਕੇਨਵਰਥ

Avatar photo
ਕੇਨਵਰਥ ਅਤੇ ਪੀਟਰਬਿਲਟ ਡੈਨਾ ਨਾਲ ਸਾਂਝੇਦਾਰੀ ਕਰਨਗੇ।

ਕੇਨਵਰਥ ਅਤੇ ਪੀਟਰਬਿਲਟ ਦੋਹਾਂ ਨੇ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (ਸੀ.ਈ.ਐਸ.) ਦੌਰਾਨ ਐਲਾਨ ਕੀਤਾ ਹੈ ਕਿ ਉਹ ਇਲੈਕਟ੍ਰਿਕ ਮੀਡੀਅਮ-ਡਿਊਟੀ ਟਰੱਕ ਪਾਵਰਟ੍ਰੇਨ ਵਿਕਸਤ ਕਰਨ ਲਈ ਡੈਨਾ ਨਾਲ ਸਾਂਝੇਦਾਰੀ ਕਰਨਗੇ।

ਡੈਨਾ ਨਾਲ ਮਿਲ ਕੇ ਪੀਟਰਬਿਲਟ ਆਪਣੇ ਮਾਡਲ 220ਈ.ਵੀ. ਨੂੰ ਬਿਜਲੀਚਾਲਿਤ ਬਣਾਉਣ ‘ਤੇ ਕੰਮ ਕਰੇਗਾ, ਜਦਕਿ ਕੇਨਵਰਥ ਆਪਣਾ ਮਾਡਲ ਕੇ270ਈ ਡੈਨਾ ਨਾਲ ਮਿਲ ਕੇ ਤਿਆਰ ਕਰੇਗਾ। ਇਹ ਦੋਵੇਂ ਟਰੱਕ ਨਿਰਮਾਤਾ ਡੈਨਾ ਦੇ ਸਪਾਈਸਰ ਇਲੈਕਟ੍ਰੀਫ਼ਾਈਡ ਈ-ਪ੍ਰੋਪਲਸ਼ਨ ਸਿਸਟਮ ਨੂੰ ਸਮਾਯੋਜਿਤ ਕਰ ਰਹੇ ਹਨ ਜੋ ਕਿ 100 ਅਤੇ 200 ਮੀਲ ਵਿਚਕਾਰ ਸਫ਼ਰ ਤੈਅ ਕਰ ਸਕਦਾ ਹੈ।

ਪੈਕਾਰ ਦੇ ਵਾਇਸ-ਪ੍ਰੈਜ਼ੀਡੈਂਟ ਅਤੇ ਪੀਟਰਬਿਲਟ ਦੇ ਜਨਰਲ ਮੈਨੇਜਰ ਜੇਸਨ ਸਕੂਗ ਨੇ ਕਿਹਾ, ”ਮੀਡੀਅਮ-ਡਿਊਟੀ ਪਿਕ-ਅੱਪ ਅਤੇ ਡਿਲੀਵਰੀ ਮਾਰਕੀਟ ਲਈ ਮਾਡਲ 220ਈ.ਵੀ. ‘ਚ ਡੈਨਾ ਇਲੈਕਟ੍ਰਿਕ ਪਾਵਰਟਰੇਨ ਦਾ ਪ੍ਰਯੋਗ ਕਰ ਕੇ ਅਸੀਂ ਆਪਣੇ ਗ੍ਰਾਹਕਾਂ ਦੀ ਵਧਦੀ ਮੰਗ ਪੂਰੀ ਕਰਨ ‘ਚ ਕਾਮਯਾਬ ਹੋਵਾਂਗੇ ਜੋ ਕਿ ਇਸ ਕੰਮ ਲਈ ਪ੍ਰਦੂਸ਼ਣ ਰਹਿਤ ਗੱਡੀਆਂ ਲਾਉਣਾ ਚਾਹੁੰਦੇ ਹਨ।”

ਕੇਨਵਰਥ ਦੇ ਜਨਰਲ ਮੈਨੇਜਰ ਅਤੇ ਪੈਕਾਰ ਦੇ ਵਾਇਸ-ਪ੍ਰੈਜ਼ੀਡੈਂਟ ਕੇਵਿਨ ਬੇਨੀ ਨੇ ਕਿਹਾ, ”ਇਲੈਕਟ੍ਰਿਕ ਪਾਵਰਟ੍ਰੇਨ ਦੇ ਮਾਮਲੇ ‘ਚ ਇਹ ਸਾਡਾ ਅਗਲਾ ਵੱਡਾ ਕਦਮ ਹੈ। ਬਿਜਲੀ ਨਾਲ ਚੱਲਣ ਵਾਲੇ ਮਾਡਿਊਲ ਅਤੇ ਇਨਹਾਊਸ ਵਹੀਕਲ ਇੰਟੀਗਰੇਸ਼ਨ ਸਿਸਟਮ ਵਲੋਂ ਸਮਰਥਿਤ ਸਿਸਟਮ ਦੇ ਮਾਮਲੇ ‘ਚ ਡੈਨਾ ਪੂਰੇ ਉਦਯੋਗ ‘ਚੋਂ ਮੋਢੀ ਹੈ। ਕੇਨਵਰਥ ਦੀ 2020 ‘ਚ 100 ਮੀਡੀਅਮ ਡਿਊਟੀ ਕੈਬਓਵਰ ਇਲੈਕਟ੍ਰਿਕ ਟਰੱਕਾਂ ਦਾ ਉਤਪਾਦਨ ਕਰਨ ਦੀ ਯੋਜਨਾ ਹੈ।”