ਇਸੁਜ਼ੂ ਨੇ 2022 ਐਫ਼-ਸੀਰੀਜ਼ ਸ਼੍ਰੇਣੀ 6/7 ਮਾਡਲਾਂ ਦਾ ਉਤਪਾਦਨ ਸ਼ੁਰੂ ਕੀਤਾ

Avatar photo

ਇਸੁਜ਼ੂ ਦਾ ਕਹਿਣਾ ਹੈ ਕਿ ਇਸ ਨੇ ਇੱਕ ਨਵੀਂ ਸ਼੍ਰੇਣੀ 7 ਪੇਸ਼ਕਸ਼ ਸਮੇਤ ਆਪਣੇ 2022 ਐਫ਼-ਸੀਰੀਜ਼ ਟਰੱਕਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਇਸੁਜ਼ੂ ਨੇ ਆਪਣੀ ਨਵੀਂ ਐਫ਼.-ਸੀਰੀਜ਼ ਲਾਈਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। (ਤਸਵੀਰ: ਇਸੁਜ਼ੂ)

ਇਹ ਟਰੱਕ ਕਮਿੰਸ ਬੀ6.7 ਇੰਜਣ ਨਾਲ ਆਉਂਦੇ ਹਨ, ਅਤੇ ਇਹ ਇਸੁਜ਼ੂ ਕਮਿੰਸ ਪਾਵਰਟ੍ਰੇਨ ਪਾਰਟਨਰਸ਼ਿਪ ਤੋਂ ਬਾਜ਼ਾਰ ’ਚ ਆਉਣ ਵਾਲੇ ਪਹਿਲੇ ਉਤਪਾਦ ਹੋਣਗੇ। ਇਨ੍ਹਾਂ ਦਾ ਉਤਪਾਦਨ ਸ਼ਾਰਲੋਟ, ਮਿਸ਼ੀਗਨ ’ਚ ਕੀਤਾ ਜਾਵੇਗਾ।

ਇਸੁਜ਼ੂ ਕਮਰਸ਼ੀਅਲ ਟਰੱਕ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ ਸ਼ਾਨ ਸਕਿੱਨਰ ਨੇ ਕਿਹਾ, ‘‘ਉੱਨਤ ਅਤੇ ਜ਼ਿਆਦਾ ਤਾਕਤਵਰ ਕਮਿੰਸ ਬੀ6.7 ਇੰਜਣ ਸਾਡੇ ਡੀਲਰਾਂ ਲਈ ਨਵੇਂ ਮੌਕੇ ਪੈਦਾ ਕਰੇਗਾ। ਅਸੀਂ ਹੁਣ ਸ਼੍ਰੇਣੀ 3 ਤੋਂ 5 ਗੈਸੋਲੀਨ ਨਾਲ ਚੱਲਣ ਵਾਲੇ ਮਾਡਲਾਂ ਦੀ ਅਤੇ ਸ਼੍ਰੇਣੀ 4 ਤੋਂ 7 ਡੀਜ਼ਲ ’ਤੇ ਚੱਲਣ ਵਾਲੇ ਟਰੱਕਾਂ ਦੀ ਮੁਕੰਮਲ ਰੇਂਜ ਪੇਸ਼ ਕਰ ਰਹੇ ਹਾਂ, ਜੋ ਕਿ ਹੁਣ ਤਕ ਬਾਜ਼ਾਰ ’ਚ ਆਉਣ ਵਾਲੀ ਨੀਵੀਂ ਕੈਬ ਵਾਲੇ ਫ਼ਾਰਵਰਡ ਟਰੱਕਾਂ ਦੀ ਸਭ ਤੋਂ ਵਿਸ਼ਾਲ ਰੇਂਜ ਹੋਵੇਗੀ।’’

ਐਫ਼.-ਸੀਰੀਜ਼ ਟਰੱਕਾਂ ’ਚ ਹੇਠਾਂ ਲਿਖੇ ਮਾਡਲ ਸ਼ਾਮਲ ਹਨ: ਸ਼੍ਰੇਣੀ 6 ਐਫ਼.ਟੀ.ਆਰ. (25,950-ਪਾਊਂਡ ਜੀ.ਵੀ.ਡਬਲਿਊ.ਆਰ.); ਸ਼੍ਰੇਣੀ 6 ਐਫ਼.ਵੀ.ਆਰ. ਡੀਰੇਟ (25,950-ਪਾਊਂਡ. ਜੀ.ਵੀ.ਡਬਲਿਊ.ਆਰ.); ਅਤੇ ਸ਼੍ਰੇਣੀ 7 ਐਫ਼.ਵੀ.ਆਰ. (33,000-ਪਾਊਂਡ ਜੀ.ਵੀ.ਡਬਲਿਊ.ਆਰ.)।

ਇਹ 152 ਤੋਂ ਲੈ ਕੇ 248 ਇੰਚ ਤਕ ਦੇ ਅੱਠ ਵ੍ਹੀਲਬੇਸ ’ਚ ਪ੍ਰਾਪਤ ਹੋ ਸਕਣਗੇ, ਅਤੇ ਇਨ੍ਹਾਂ ’ਚ 14 ਤੋਂ 30 ਫ਼ੁੱਟ ਤਕ ਦੀ ਬਾਡੀ ਲੱਗ ਸਕੇਗੀ। ਕਮਿੰਸ ਬੀ6.7 ਇੰਜਣ 260 ਹਾਰਸ ਪਾਵਰ ਅਤੇ 660 ਪਾਊਂਡ ਫ਼ੁੱਟ ਟੌਰਕ ਪ੍ਰਦਾਨ ਕਰਦਾ ਹੈ।

ਕਮਿੰਸ ਆਨ-ਹਾਈਵੇ ਓ.ਈ.ਐਮ. ਬਿਜ਼ਨੈਸ ਦੇ ਕਾਰਜਕਾਰੀ ਡਾਇਰੈਕਟਰ ਰੌਬ ਨੈੱਟਜ਼ਕੇ ਨੇ ਕਿਹਾ, ‘‘ਕਮਿੰਸ ਬੀ6.7 ਦਾ 40 ਸਾਲਾਂ ਦਾ ਮਾਣਮੱਤਾ ਇਤਿਹਾਸ ਰਿਹਾ ਹੈ, ਇਸ ਲਈ ਅਸੀਂ ਇਸ ਨੂੰ ਇਸੁਜ਼ੂ ਐਫ਼-ਸੀਰੀਜ਼ ਟਰੱਕਾਂ ’ਚ ਵੇਖ ਕੇ ਬਹੁਤ ਉਤਸ਼ਾਹਿਤ ਹਾਂ। ਇਸ ਨਾਲ ਅਮਰੀਕਾ ਅਤੇ ਕੈਨੇਡੀਅਨ ਬਾਜ਼ਾਰਾਂ ’ਚ ਸ਼੍ਰੇਣੀ 6 ਅਤੇ 7 ਦੇ ਟਰੱਕ ਖ਼ਰੀਦਦਾਰਾਂ ਨੂੰ ਬੀ6.7 ਦੀ ਅਜਿਹੀ ਸੰਰਚਨਾ ਨਾਲ ਤਜ਼ਰਬਾ ਕਰਨ ਦਾ ਮੌਕਾ ਮਿਲੇਗਾ ਜੋ ਅੱਜ ਤੋਂ ਪਹਿਲਾਂ ਕਦੇ ਨਹੀਂ ਵੇਖੀ ਗਈ ਸੀ।’’

ਇੰਜਣ ਨੂੰ ਐਲੀਸਨ ਆਰ.ਡੀ.ਐਸ. ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।