ਇੰਸੁਲਿਨ ਦਾ ਪ੍ਰਯੋਗ ਕਰਨ ਵਾਲੇ ਟਰੱਕ ਡਰਾਈਵਰ ਹੁਣ ਸਰਹੱਦ ਪਾਰ ਵੀ ਕੰਮ ਕਰਨ ਜਾ ਸਕਣਗੇ

Avatar photo

ਅਜਿਹੇ ਟਰੱਕ ਡਰਾਈਵਰ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਬਿਮਾਰੀ ਹੈ ਅਤੇ ਉਹ ਇੰਸੁਲਿਨ ਲੈਂਦੇ ਹਨ, ਹੁਣ ਅਧਿਕਾਰਤ ਤੌਰ ‘ਤੇ ਸਰਹੱਦ ਪਾਰ ਜਾ ਕੇ ਕੰਮ ਕਰ ਸਕਣਗੇ। ਇਸ ਬਾਰੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਇੱਕ ਦੁਵੱਲਾ ਸਮਝੌਤਾ ਹੋ ਗਿਆ ਹੈ।

ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟਰੇਸ਼ਨ (ਸੀ.ਸੀ.ਐਮ.ਟੀ.ਏ.) ਵੱਲੋਂ ਕੈਨੇਡੀਅਨ ਕਮਰਸ਼ੀਅਲ ਮੋਟਰ ਵਹੀਕਲ ਆਪਰੇਟਰਜ਼ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਉਹ ਲਾਇਸੰਸ ਤੋਂ ਕੋਡ ਡਬਲਿਊ ਹਟਾਉਣ ਦੀ ਪ੍ਰਕਿਰਿਆ ਬਾਰੇ ਵਿਅਕਤੀਗਤ ਲਾਇਸੈਂਸਿੰਗ ਅਧਿਕਾਰ ਖੇਤਰ ਨਾਲ ਸੰਪਰਕ ਕਰਨ, ਜਿਸ ਨਾਲ ਉਹ ਅਮਰੀਕਾ ‘ਚ ਵੀ ਟਰੱਕ ਚਲਾ ਸਕਣਗੇ।

ਇਹ ਖ਼ਬਰ ਸਤੰਬਰ 2018 ‘ਚ ਅਮਰੀਕੀ ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ (ਐਫ਼.ਐਮ.ਸੀ.ਐਸ.ਏ.) ਦੇ ਉਸ ਫ਼ੈਸਲੇ ਨਾਲ ਸਬੰਧਤ ਹੈ ਜਿਸ ‘ਚ ਇੰਸੁਲਿਨ ਨਾਲ ਕਾਬੂ ਹੇਠ ਰਹਿਣ ਵਾਲੀ ਡਾਇਬੀਟੀਜ਼ ਦੀ ਬਿਮਾਰੀ ਨਾਲ ਪੀੜਤ ਲੋਕ ਵੀ 19 ਨਵੰਬਰ, 2018 ਤੋਂ ਬਾਅਦ ਕਮਰਸ਼ੀਅਲ ਗੱਡੀਆਂ ਚਲਾ ਸਕਦੇ ਹਨ।

ਇਹੀ ਫ਼ੈਸਲਾ ਹੁਣ ਐਫ਼.ਐਮ.ਸੀ.ਐਸ.ਏ. ਅਤੇ ਟਰਾਂਸਪੋਰਟ ਕੈਨੇਡਾ ਵੱਲੋਂ ਚਿੱਠੀਆਂ ਦੇ ਲੈਣ-ਦੇਣ ਨਾਲ ਲਾਗੂ ਹੋਇਆ ਹੈ, ਜੋ ਕਿ 1998 ਦੇ ਇੱਕ ਸਮਝੌਤੇ ‘ਚ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਹੇਠ ਮੈਡੀਕਲ ਫ਼ਿੱਟਨੈੱਸ ਜ਼ਰੂਰਤਾਂ ਨੂੰ ਦੋਹਾਂ ਦੇਸ਼ਾਂ ‘ਚ ਲਾਗੂ ਕਰਨ ਬਾਰੇ ਸੋਧ ਹੈ।

ਕੈਨੇਡਾ ‘ਚ ਡਾਇਬੀਟੀਜ਼ ਅਧਾਰਤ ਕੋਡ ਡਬਲਿਊ ਲਾਇਸੰਸਧਾਰਕਾਂ ਨੂੰ ਇਸ ਤਬਦੀਲੀ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਉਹ ਨਵੇਂ ਮੋਟਰ ਵਹੀਕਲ ਆਪਰੇਟਰ ਲਾਇਸੰਸ ਕੋਡ ਡਬਲਿਊ ਤੋਂ ਬਗ਼ੈਰ ਵੀ ਜਾਰੀ ਕਰ ਰਹੇ ਹਨ, ਹਾਲਾਂਕਿ ਇਸ ਕੰਮ ਨੂੰ ਲਾਗੂ ਕਰਨ ਲਈ ਸਮਾਂ ਸੀਮਾ ਵੱਖੋ-ਵੱਖ ਹੋ ਸਕਦੀ ਹੈ।