ਈ.ਐਲ.ਡੀ. ਅਪਨਾਉਣ ਦੀ ਅੰਤਮ ਹੱਦ ਜਨਵਰੀ ਤੋਂ ਅੱਗੇ ਨਹੀਂ ਵਧੇਗੀ : ਸੀ.ਟੀ.ਏ.

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦਾ ਕਹਿਣਾ ਹੈ ਕਿ ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟਰੇਟਰਜ਼ (ਸੀ.ਸੀ.ਐਮ.ਟੀ.ਏ.) ਨੇ ਭਰੋਸਾ ਦਿੱਤਾ ਹੈ ਕਿ ਪ੍ਰੋਵਿੰਸ ਅਤੇ ਟੈਰੀਟੋਰੀਜ਼ ਜਨਵਰੀ ’ਚ ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਬਾਰੇ ਲਾਗੂ ਹੋਣ ਵਾਲੇ ਫ਼ੁਰਮਾਨ ਨੂੰ ਲਾਗੂ ਕਰਨ ਲਈ ਵਚਨਬੱਧ ਹਨ।

ਇਹ ਨਿਯਮ ਪਹਿਲਾਂ ਪਿਛਲੇ ਮਹੀਨੇ ਲਾਗੂ ਹੋਣ ਵਾਲਾ ਸੀ, ਪਰ ਇਸ ’ਚ ਦੇਰੀ ਕੀਤੀ ਗਈ ਕਿਉਂਕਿ ਅਸਲ ਲਾਗੂ ਹੋਣ ਦੀ ਮਿਤੀ ਤੱਕ ਬਹੁਤ ਘੱਟ ਉਪਕਰਨ ਪ੍ਰਮਾਣ ਪੱਤਰ ਹਾਸਲ ਕਰ ਸਕੇ ਸਨ। ਸਾਰੇ ਪ੍ਰਯੋਗ ਕੀਤੇ ਜਾਣ ਵਾਲੇ ਈ.ਐਲ.ਡੀ. ਤਕਨੀਕੀ ਮਾਨਕਾਂ ਨੂੰ ਪੂਰਾ ਕਰਨ ਦਾ ਪ੍ਰਮਾਣ ਪੱਤਰ ਹਾਸਲ ਹੋਣੇ ਚਾਹੀਦੇ ਹਨ।

ਹੁਣ ਤੱਕ ਟਰਾਂਸਪੋਰਟ ਕੈਨੇਡਾ ਵੱਲੋਂ 52 ਈ.ਐਲ.ਡੀ. ਮਾਡਲਾਂ ਨੂੰ ਪ੍ਰਮਾਣ ਪੱਤਰ ਦੇ ਦਿੱਤਾ ਗਿਆ ਹੈ।

ELD in cab
(ਤਸਵੀਰ: ਆਈਸੈਕ ਇੰਸਟਰੂਮੈਂਟਸ)

ਸੀ.ਟੀ.ਏ. ਦੇ ਨੀਤੀ ਬਾਰੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੀਓਫ਼ ਵੁੱਡ ਨੇ ਕਿਹਾ, ‘‘ਜੇਕਰ ਅਜਿਹੀਆਂ ਸਥਿਤੀਆਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਕਰਕੇ ਕੁੱਝ ਅਧਿਕਾਰ ਖੇਤਰ ਇਸ ਕਾਨੂੰਨ ਨੂੰ ਤਾਮੀਲ ਨਹੀਂ ਕਰਵਾ ਸਕਦੇ ਤਾਂ ਜਿਹੜੇ ਹੋਰ ਅਧਿਕਾਰ ਖੇਤਰ ਇਸ ਲਈ ਤਿਆਰ ਹਨ ਉਨ੍ਹਾਂ ਨੂੰ ਇਸ ਦੀ ਤਾਮੀਲੀ ਤੋਂ ਰੋਕਿਆ ਨਹੀਂ ਜਾਵੇਗਾ। ਉਦਯੋਗ ਇਸ ਨਿਯਮ ਲਈ ਲੰਮੇ ਸਮੇਂ ਤੋਂ ਤਿਆਰ ਹੈ ਅਤੇ ਤਾਮੀਲੀ ਲਈ ਲੰਮੇ ਸਮੇਂ ਤੋਂ ਉਡੀਕ ’ਚ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਲਾਗੂ ਕਰ ਦਿੱਤਾ ਜਾਵੇ।’’

ਬਿ੍ਰਟਿਸ਼ ਕੋਲੰਬੀਆ, ਕਿਊਬੈੱਕ, ਨੋਵਾ ਸਕੋਸ਼ੀਆ, ਅਤੇ ਨਿਊਫ਼ਾਊਂਡਲੈਂਡ ਤੇ ਲੈਬਰਾਡੋਰ ਨੇ ਅਜੇ ਆਪਣੇ ਰੈਗੂਲੇਟਰੀ ਰਾਹਾਂ ਨੂੰ ਸਥਾਪਤ ਕਰਨਾ ਹੈ। ਪਰ ਬੀ.ਸੀ. ਸਰਕਾਰ ਨੇ ਬੀ.ਸੀ. ਟਰੱਕਿੰਗ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਪੱਛਮੀ ਪ੍ਰੋਵਿੰਸਾਂ ’ਚ ਤਾਮੀਲੀ 1 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਅਤੇ ਕਿਊਬੈਕ ਟਰੱਕਿੰਗ ਐਸੋਸੀਏਸ਼ਨ (ਕਿਊ.ਟੀ.ਏ.) ਨੂੰ ਉਮੀਦ ਹੈ ਕਿ ਉਹ ਰੈਗੂਲੇਟਰੀ ਮਾਮਲਿਆਂ ਨੂੰ ਛੇਤੀ ਹੀ ਅੰਤਮ ਰੂਪ ਦੇ ਦੇਵੇਗੀ।

ਓਂਟਾਰੀਓ ਅਤੇ ਕਿਊਬੈੱਕ ਟਰੱਕਿੰਗ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਸਰਕਾਰੀ ਅਫ਼ਸਰਾਂ ਨੇ ਅਪ੍ਰੈਲ ’ਚ ਉਨ੍ਹਾਂ ਲਈ ਡੈੱਡਲਾਈਨ ਦੀ ਪੁਸ਼ਟੀ ਕਰ ਦਿੱਤੀ ਸੀ।

ਕਿਊਬੈੱਕ ਟਰੱਕਿੰਗ ਐਸੋਸੀਏਸ਼ਨ ਦੇ ਸੀ.ਈ.ਓ. ਮਾਰਕ ਕੇਡੀਅਕਸ ਨੇ ਕਿਹਾ ਕਿ ਕਿਊਬੈੱਕ ਟਰਾਂਸਪੋਰਟ ਮੰਤਰੀ ਫ਼ਰਾਂਸੁਆ ਬੋਨਾਰਡੇਲ ਨੇ ਕਿਊ.ਟੀ.ਏ. ਡਾਇਰੈਕਟਰਾਂ ਲਈ 29 ਅਪ੍ਰੈਲ ਨੂੰ ਡੈੱਡਲਾਈਨ ਦੀ ਪੁਸ਼ਟੀ ਕਰ ਦਿੱਤੀ ਸੀ।

ਅਟਲਾਂਟਿਕ ਪ੍ਰੋਵਿੰਸ ਟਰੱਕਿੰਗ ਐਸੋਸੀਏਸ਼ਨ (ਏ.ਪੀ.ਟੀ.ਏ.) ਦਾ ਵੀ ਇਹ ਮੰਨਣਾ ਹੈ ਕਿ ਨੋਵਾ ਸਕੋਸ਼ੀਆ, ਅਤੇ ਨਿਊਫ਼ਾਊਂਡਲੈਂਡ ਅਤੇ ਲੈਬਰਾਡੋਰ ਜਨਵਰੀ ਦੀ ਸ਼ੁਰੂਆਤ ’ਚ ਨਿਯਮਾਂ ਨੂੰ ਲਾਗੂ ਕਰ ਦੇਣਗੇ।

ਪ੍ਰੋਵਿੰਸ਼ੀਅਲ ਐਸੋਸੀਏਸ਼ਨਾਂ ਵੀ ਕੈਨੇਡੀਅਨ ਟਰੱਕਿੰਗ ਅਲਾਇੰਸ ਦਾ ਹਿੱਸਾ ਹਨ।

ਅਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸੀਏਸ਼ਨਜ਼ (ਏ.ਪੀ.ਟੀ.ਏ.) ਦੇ ਕਾਰਜਕਾਰੀ ਡਾਇਰੈਕਟਰ ਜੋਂ ਮਾਰਕ ਪੀਕਾਰਡ ਨੇ ਕਿਹਾ, ‘‘ਇਸ ਲਾਗੂਕਰਨ ਨਾਲ ਅਸੀਂ ਕੋਈ ਹੋਰ ਦੇਰੀ ਬਰਦਾਸ਼ਤ ਨਹੀਂ ਕਰ ਸਕਦੇ। ਕੈਰੀਅਰ ਤਿਆਰ ਹਨ, ਇਸ ਲਈ ਟਰਾਂਸਪੋਰਟ ਕੈਨੇਡਾ ਅਤੇ ਸਾਰੇ ਅਧਿਕਾਰ ਖੇਤਰਾਂ ਨੂੰ ਅੱਗੇ ਵਧਣਾ ਚਾਹੀਦਾ ਹੈ।’’

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਏਰੋਨ ਡੋਲੀਨਿਊਕ ਨੇ ਕਿਹਾ, ‘‘ਸੜਕ ਸੁਰੱਖਿਆ ਨੂੰ ਉੱਪਰ ਚੁੱਕਣ ਲਈ ਇਹ ਮਹੱਤਵਪੂਰਨ ਉਦਯੋਗ ਪਹਿਲ ਹੈ। ’’