ਉਦਯੋਗ ਨੇ ਡਰਾਈਵਰਾਂ ਦੀ ਸਿਖਲਾਈ ਦੇ ਮਾਨਕਾਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ

Avatar photo

ਟਰੱਕਿੰਗ ਉਦਯੋਗ ਦੇ ਲੀਡਰਾਂ ਨੇ ਓਂਟਾਰੀਓ ‘ਚ ਡਰਾਈਵਰ ਸਿਖਲਾਈ ਦੇ ਮਾਨਕਾਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ ਹੈ। ਇਹ ਆਵਾਜ਼ ਟੋਰੀ ਵਿਧਾਇਕ ਵੱਲੋਂ ਲਾਇਸੈਂਸ ਨਵਿਆਉਣ ਮੌਕੇ ਏਅਰ ਬ੍ਰੇਕਸ ਬਾਰੇ ਲਏ ਜਾਣ ਵਾਲੇ ਲਿਖਤੀ ਟੈਸਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਰੁੱਧ ਉਠਾਈ ਗਈ ਹੈ।

ਓਂਟਾਰੀਓ ਵਿਧਾਨ ਸਭਾ ‘ਚ ਬਰੈਂਪਟਨ ਵੈਸਟ ਰਾਈਡਿੰਗ ਦੀ ਪ੍ਰਤੀਨਿਧਗੀ ਕਰਨ ਵਾਲੇ ਅਮਰਜੋਤ ਸੰਧੂ ਨੇ ਪਿਛਲੇ ਮਹੀਨੇ ਇੱਕ ਨਿਜੀ ਬਿੱਲ ਪੇਸ਼ ਕੀਤਾ ਸੀ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਮੁੜ-ਟੈਸਟ ਖ਼ਤਮ ਕਰਨ ਨਾਲ ਲਾਲ ਫ਼ੀਤਾਸ਼ਾਹੀ ਘੱਟ ਹੋਵੇਗੀ।

ਓਂਟਾਰੀਓ ‘ਚ ਕਮਰਸ਼ੀਅਲ ਵਹੀਕਲ ਡਰਾਈਵਰਾਂ ਨੂੰ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਮੌਕੇ ਇੱਕ ਟੈਸਟ ਵੀ ਦੇਣਾ ਪੈਂਦਾ ਹੈ।

ਇਸ ਕਦਮ ਦੀ ਚਾਰੇ ਪਾਸਿਉਂ ਨਿਖੇਧੀ ਕੀਤੀ ਗਈ ਸੀ, ਪਰ ਸੰਧੂ ਨੇ ਸਾਡੇ ਕੋਲ ਆਪਣੇ ਫ਼ੈਸਲੇ ਦੀ ਇਹ ਕਹਿ ਕੇ ਹਮਾਇਤ ਕੀਤੀ ਕਿ ਬਿੱਲ 142 ਹਾਈਵੇ ਟਰੈਫ਼ਿਕ ਸੋਧ ਐਕਟ (ਏਅਰ ਬ੍ਰੇਕ ਇੰਡੋਰਸਮੈਂਟਸ) 2019 ਦਾ ਮੰਤਵ ਸੁਰੱਖਿਆ ਨਾਲ ਸਮਝੌਤਾ ਕੀਤੇ ਬਗ਼ੈਰ ਲਾਲ ਫ਼ੀਤਾਸ਼ਾਹੀ ਨੂੰ ਘਟਾਉਣਾ ਹੈ।

ਇੱਕ ਬਿਆਨ ‘ਚ ਉਨ੍ਹਾਂ ਕਿਹਾ, ”ਲੋਕਾਂ ਅਤੇ ਹਾਈਵੇ ਦੀ ਸੁਰੱਖਿਆ ਸਰਬਉੱਚ ਹੈ, ਹਾਲਾਂਕਿ, ਮੁੜ-ਟੈਸਟ ਦੀ ਜ਼ਰੂਰਤ ਸੀ.ਸੀ.ਐਮ.ਟੀ.ਏ. (ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟ੍ਰੇਸ਼ਨ) ਕੌਮੀ ਸੁਰੱਖਿਆ ਮਾਨਕ ਕੋਡ ‘ਤੇ ਜਾਂ ਸਿਫ਼ਾਰਸ਼ੀ ਬਿਹਤਰੀਨ ਪ੍ਰਣਾਲੀਆਂ ‘ਤੇ ਅਧਾਰਤ ਨਹੀਂ ਹੈ।”

ਲਾਲ ਫ਼ੀਤਾਸ਼ਾਹੀ ਘਟਾਉਣਾ ਚਾਹੁੰਦੇ ਹਨ ਵਿਧਾਇਕ ਸੰਧੂ।

ਸੰਧੂ ਨੇ ਕਿਹਾ ਕਿ ਹੋਰਨਾਂ ਸੂਬਿਆਂ ਜਿਵੇਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚਵਨ, ਮੇਨੀਟੋਬਾ, ਕਿਊਬੈੱਕ, ਨਿਊ ਬਰੰਸਵਿਕ ਅਤੇ ਪ੍ਰਿੰਸ ਐਡਵਰਡ ਆਈਲੈਂਡ ‘ਚ ਮੁੜ-ਟੈਸਟ ਦੇਣ ਦੀ ਜ਼ਰੂਰਤ ਨਹੀਂ ਪੈਂਦੀ।
ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਤੱਥਾਂ ਅਤੇ ਅਧਿਐਨ ਦੇ ਆਧਾਰ ‘ਤੇ ਪਰਖਿਆ ਜਾਣਾ ਚਾਹੀਦਾ ਹੈ।

ਨਾਲ ਹੀ ਸੰਧੂ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਏਅਰ-ਬ੍ਰੇਕ ਦਾ ਮੁੜ-ਟੈਸਟ ਲੈਣ ਦੀ ਜ਼ਰੂਰਤ ਖ਼ਤਮ ਕਰਨ ਨਾਲ ਦੂਜੇ ਸੂਬਿਆਂ ‘ਚ ਸੜਕ ਸੁਰੱਖਿਆ ‘ਤੇ ਕੋਈ ਵੀ ਮਾੜਾ ਅਸਰ ਪਿਆ ਹੈ।
ਇਸ ਸਿਫ਼ਾਰਸ਼ ‘ਤੇ ਪ੍ਰਤੀਕਿਰਿਆ ਗੁੱਸੇ ਤੋਂ ਲੈ ਕੇ ਮਖੌਲ ਕਰਨ ਤਕ ਵੇਖਣ ਨੂੰ ਮਿਲੀ ਕਿਉਂਕਿ ਉਨ੍ਹਾਂ ਨੇ ਇਹ ਕਦਮ ਉਸ ਵੇਲੇ ਚੁਕਿਆ ਹੈ ਜਦੋਂ ਉਦਯੋਗ ਡਿੱਗ ਰਹੇ ਡਰਾਈਵਿੰਗ ਦੇ ਪੱਧਰ ਨਾਲ ਜੂਝ ਰਿਹਾ ਹੈ।

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਕਿਹਾ, ”ਪੀ.ਐਮ.ਟੀ.ਸੀ. ਪ੍ਰਾਈਵੇਟ ਮੈਂਬਰਜ਼ ਬਿੱਲ ਦੇ ਹੱਕ ‘ਚ ਨਹੀਂ ਹੈ ਜਿਸ ਦਾ ਮੰਤਵ ਏਅਰ ਬ੍ਰੇਕ ਟੈਸਟ ਨੂੰ ਕਮਰਸ਼ੀਅਲ ਲਾਇਸੰਸ ਨਵਿਆਉਣ ਦੀ ਪ੍ਰਕਿਰਿਆ ‘ਚੋਂ ਹਟਾਉਣਾ ਹੈ। ਅਸੀਂ ਪਹਿਲਾਂ ਹੀ ਐਮ.ਟੀ.ਓ. ਤਕ ਪਹੁੰਚ ਕੀਤੀ ਹੈ ਅਤੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਜੇ ਇਹ ਬਿੱਲ ਵਿਧਾਨ ਸਭਾ ‘ਚ ਪਾਸ ਹੋ ਗਿਆ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ। ਅਸੀਂ ਸਿਰਫ਼ ਇਸ ਟੈਸਟ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ, ਕਿਉਂਕਿ ਏਅਰ ਬ੍ਰੇਕ ਹੀ ਅਜਿਹਾ ਉਪਕਰਨ ਹੈ ਜੋ ਕਿ ਜਾਂਚ ਦੌਰਾਨ ਸਭ ਤੋਂ ਵੱਧ ਖ਼ਰਾਬ ਮਿਲਦਾ ਹੈ।”

ਓਟਾਵਾ, ਓਂਟਾਰੀਓ ‘ਚ ਕਰਾਸਰੋਡਜ਼ ਟਰੱਕ ਟਰੇਨਿੰਗ ਅਕਾਦਮੀ ਦੇ ਮੁਖੀ ਬਰਾਇਨ ਐਡਮਸ ਨੇ ਵੀ ਹਾਮੀ ਭਰਦਿਆਂ ਕਿਹਾ, ”ਸਾਡੀ ਸਲਾਹ ਏਅਰ ਬ੍ਰੇਕ ਬਾਰੇ ਜਾਣਕਾਰੀ ਨੂੰ ਮਜ਼ਬੂਤ ਕਰਨਾ ਹੈ ਨਾ ਕਿ ਇਸ ਨੂੰ ਕਮਜ਼ੋਰ ਕਰਨਾ। ਸਾਡਾ ਤੁਜ਼ਰਬਾ ਇਹ ਰਿਹਾ ਹੈ ਕਿ ਏਅਰ ਬ੍ਰੇਕ ਹੀ ਅਜਿਹਾ ਉਪਕਰਨ ਹੈ ਜਿਸ ਬਾਰੇ ਜਾਣਕਾਰੀ ਸਭ ਤੋਂ ਘੱਟ ਹੁੰਦੀ ਹੈ ਅਤੇ ਜਿਸ ਕਰ ਕੇ ਸੜਕ ਸੁਰੱਖਿਆ ਨਾਲ ਸਭ ਤੋਂ ਵੱਧ ਸਮਝੌਤਾ ਹੁੰਦਾ ਹੈ।”