ਉੱਤਰੀ ਅਮਰੀਕਾ ‘ਚ ਹੁਣ ਨਵੇਂ ਟਰੱਕ ਨਹੀਂ ਵੇਚੇਗੀ ਮਿਤਸੂਬੀਸ਼ੀ ਫੂਸੋ

Avatar photo
ਮਿਤਸੂਬੀਸ਼ੀ ਫੂਸੋ ਅਮਰੀਕਾ ‘ਚ ਚਲ ਰਹੇ ਈ-ਕੈਂਟਰ ਟਰੱਕਾਂ ਲਈ ਸਮਰਥਨ ਜਾਰੀ ਰੱਖੇਗਾ।

ਮਿਤਸੂਬੀਸ਼ੀ ਫੂਸੋ ਟਰੱਕ ਆਫ਼ ਅਮਰੀਕਾ (ਐਮ.ਐਫ਼.ਟੀ.ਏ.) ਨੇ ਐਲਾਨ ਕੀਤਾ ਹੈ ਕਿ ਉਹ ਨਵੇਂ ਟਰੱਕਾਂ ਦੀ ਵਿਕਰੀ ਬੰਦ ਕਰ ਦੇਵੇਗੀ ਅਤੇ ਹੁਣ ਸਿਰਫ਼ ਸੇਵਾ-ਅਧਾਰਤ ਕਾਰੋਬਾਰ ਕਰੇਗੀ।

ਇਸ ਦੇ ਅਮਰੀਕਨ ਅਤੇ ਕੈਨੇਡੀਅਨ ਡੀਲਰਾਂ ਨੂੰ ਪਾਰਟਸ ਅਤੇ ਸਰਵੀਸਿਜ਼ ਲੋਕੇਸ਼ਨ ‘ਚ ਤਬਦੀਲ ਹੋਣ ਦਾ ਬਦਲ ਦਿੱਤਾ ਜਾਵੇਗਾ ਅਤੇ ਕੰਪਨੀ ਨੇ ਕਿਹਾ ਹੈ ਕਿ ਉਹ 2028 ਤਕ ਆਪਣੀ ਪਾਰਟਸ ਅਤੇ ਸਰਵੀਸਿਜ਼ ਸੇਵਾ ਦਿੰਦੀ ਰਹੇਗੀ।

ਐਮ.ਐਫ਼.ਟੀ.ਏ. ਦਾ ਕਹਿਣਾ ਹੈ ਕਿ ਉਸ ਦਾ ਹੈੱਡਕੁਆਰਟਰ ਲੋਗਨ ਟਾਊਨਸ਼ਿਪ, ਨਿਊ ਜਰਸੀ ‘ਚ ਹੀ ਰਹੇਗਾ ਅਤੇ ਉਹ ਆਪਣੇ ਜ਼ਿਆਦਾਤਰ ਮੁਲਾਜ਼ਮਾਂ ਨੂੰ ਆਉਣ ਵਾਲੇ ਸਮੇਂ ‘ਚ ਕੱਢਣ ਵਾਲੀ ਨਹੀਂ ਹੈ।

ਮਿਤਸੂਬੀਸ਼ੀ ਫੂਸੋ ਟਰੱਕ ਆਫ਼ ਅਮਰੀਕਾ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਜਸਟਿਨ ਪਾਲਮਰ ਨੇ ਕਿਹਾ, ”ਫੂਸੋ ਡੀਲਰਾਂ ਨਾਲ ਕੰਮ ਕਰਦਿਆਂ ਅਸੀਂ ਅਮਰੀਕਾ ਅਤੇ ਕੈਨੇਡਾ ‘ਚ ਇੱਕ ਮਜ਼ਬੂਤ ਟੀਮ ਬਣਾ ਲਈ ਸੀ ਜਿਸ ਨੇ ਹਮੇਸ਼ਾ ਗਾਹਕਾਂ ਨੂੰ ਪਹਿਲ ਦਿੱਤੀ। ਐਮ.ਐਫ਼.ਟੀ.ਏ. ਇਸ ਬਦਲਾਅ ਨੂੰ ਆਪਣੇ ਗਾਹਕਾਂ ਲਈ ਨਿਰਵਿਘਨ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਅਸੀਂ ਆਉਣ ਵਾਲੇ ਕਈ ਸਾਲਾਂ ਦੌਰਾਨ ਪਾਰਟਸ ਅਤੇ ਸਰਵੀਸਿਜ਼ ਨੈੱਟਵਰਕ ਕਾਇਮ ਰੱਖਣ ਲਈ ਸਮਰਪਿਤ ਰਹਾਂਗੇ।”

ਮਿਤਸੂਬੀਸ਼ੀ ਫੂਸੋ ਅਮਰੀਕਾ ‘ਚ ਚਲ ਰਹੇ ਈ-ਕੈਂਟਰ ਟਰੱਕਾਂ ਦਾ ਸਮਰਥਨ ਜਾਰੀ ਰੱਖੇਗਾ।

ਫੂਸੋ ਸਰਵਿਸ ਨੈੱਟਵਰਕ 2028 ਤਕ ਵਾਰੰਟੀ ਮੁਰੰਮਤ, ਮੈਂਟੇਨੈਂਸ ਸੇਵਾਵਾਂ ਅਤੇ ਪਾਰਟਸ ਬਦਲਣ ਦੀਆਂ ਸੇਵਾਵਾਂ ਦਿੰਦਾ ਰਹੇਗਾ। ਅਮਰੀਕਾ ਅਤੇ ਕੈਨੇਡਾ ਦੇ ਡੀਲਰ ਕੁੱਝ ਸਮੇਂ ਤਕ ਉਨ੍ਹਾਂ ਕੋਲ ਮੌਜੂਦ ਟਰੱਕ ਵੇਚਦੇ ਰਹਿਣਗੇ।