ਏ.ਜ਼ੈੱਡ.ਸੀ.ਟੀ.ਏ. ਅਨੁਸਾਰ ਕੁੱਝ ਮਾੜੇ ਲੋਕ ਉਦਯੋਗ ਨੂੰ ਕਰ ਰਹੇ ਨੇ ਦਾਗ਼ਦਾਰ

ਏ.ਜ਼ੈੱਡ. ਕੈਨੇਡੀਅਨ ਟਰੱਕਰਸ ਐਸੋਸੀਏਸ਼ਨ (ਏ.ਜ਼ੈੱਡ.ਸੀ.ਟੀ.ਏ.) ਦੇ ਵਾਇਸ-ਪ੍ਰੈਜ਼ੀਡੈਂਟ ਸੁਖਰਾਜ ਸੰਧੂ ਦਾ ਕਹਿਣਾ ਹੈ ਕਿ ਕੁੱਝ ਮਾੜੇ ਲੋਕ ਪੂਰੇ ਉਦਯੋਗ ਦੀ ਸਾਖ਼ ਨੂੰ ਵਿਗਾੜ ਦਿੰਦੇ ਹਨ।

ਸੰਧੂ ਨੇ ਕਿਹਾ ਕਿ ਕੁੱਝ ਲੋਕ ਓਂਟਾਰੀਓ ਦੇ ਐਮ.ਈ.ਐਲ.ਟੀ. (ਲਾਜ਼ਮੀ ਦਾਖ਼ਲਾ ਪੱਧਰੀ ਸਿਖਲਾਈ) ’ਚ ਚੋਰ-ਮੋਰੀਆਂ ਦਾ ਲਾਭ ਲੈ ਕੇ ਆਪਣੇ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਬਗ਼ੈਰ ਲੋੜੀਂਦੀ ਸਿਖਲਾਈ ਤੋਂ ਹੀ ਪ੍ਰਾਪਤ ਕਰ ਰਹੇ ਹਨ।

ਉਹ ਉਨ੍ਹਾਂ ਖ਼ਬਰਾਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਓਂਟਾਰੀਓ ਅਤੇ ਕਿਊਬੈੱਕ ਦੀ ਪੁਲਿਸ ਨੇ ਮਿਲ ਕੇ ਡਰਾਈਵਰ ਸਿਖਲਾਈ ਸਕੀਮਾਂ ਦੀ ਕਈ ਸਾਲਾਂ ਦੀ ਜਾਂਚ ਮਗਰੋਂ ਮਈ ਮਹੀਨੇ ’ਚ 11 ਵਿਅਕਤੀਆਂ ਵਿਰੁੱਧ ਦੋਸ਼ ਦਾਇਰ ਕੀਤੇ ਹਨ। ਇਸ ’ਚ ਕਥਿਤ ਤੌਰ ’ਤੇ ਗ਼ੈਰਲਾਇਸੰਸਸ਼ੁਦਾ ਸਿਖਲਾਈ ਸਕੂਲ, ਵਿਦਿਆਰਥੀਆਂ ਲਈ ਜਾਣਕਾਰੀ ਟੈਸਟ ਮੁਕੰਮਲ ਕਰਨ ਵਾਲੇ ਦੁਭਾਸ਼ੀਏ ਅਤੇ ਹੋਰ ਕਈ ਸ਼ਾਮਲ ਹਨ।

ਸੰਧੂ ਨੇ ਕਿਹਾ ਕਿ ਏ.ਜ਼ੈੱਡ.ਸੀ.ਟੀ.ਏ. ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਜੋ ਇਸ ਪੇਸ਼ੇ ਨੂੰ ਨਿਯਮਾਂ ਦੀ ਪਾਲਣਾ ਕਰ ਕੇ ਅਤੇ ਲੋੜੀਂਦੀ ਸਿਖਲਾਈ ਪ੍ਰਾਪਤ ਕਰ ਕੇ ਅਪਨਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਸ ਨੂੰ ਗ਼ਲਤ ਤਰੀਕੇ ਨਾਲ ਲੈਂਦੇ ਹਨ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਕਿਸੇ ਵੀ ਗ਼ਲਤ ਕੰਮ ਦੀ ਰਿਪੋਰਟ ਅਥਾਰਟੀਆਂ ਨੂੰ ਕਰੇਗੀ।

ਏ.ਜ਼ੈੱਡ. ਕੈਨੇਡੀਅਨ ਟਰੱਕਰਸ ਐਸੋਸੀਏਸ਼ਨ ਦੇ ਵਾਇਸ-ਪ੍ਰੈਜ਼ੀਡੈਂਟ ਸੁਖਰਾਜ ਸੰਧੂ। ਤਸਵੀਰ: ਸਪਲਾਈਡ

ਸੰਧੂ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੇਸ਼ੇਵਰ ਟਰੱਕ ਡਰਾਈਵਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਕਰੀਅਰ ’ਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ’ਚ ਖ਼ਰਾਬ ਨੀਤੀਆਂ ਅਤੇ ਤਨਖ਼ਾਹਾਂ ਦੇ ਮੁੱਦੇ ਵੀ ਸ਼ਾਮਲ ਸਨ।

ਉਹ ਇਨ੍ਹਾਂ ਚੁਨੌਤੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਉਤਸੁਕ ਸਨ ਅਤੇ ਇਸੇ ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਮੁਲਾਕਾਤ ਕੁੱਝ ਹਮਖ਼ਿਆਲ ਡਰਾਈਵਰਾਂ ਨਾਲ ਹੋਈ। ਨਿਜੀ ਤੌਰ ’ਤੇ ਕਈ ਵਾਰੀ ਮੀਟਿੰਗ ਕਰਨ ਤੋਂ ਬਾਅਦ ਜੁਲਾਈ 2021 ਦੌਰਾਨ ਬਰੈਂਪਟਨ, ਓਂਟਾਰੀਓ ’ਚ ਇੱਕ ਜਨਤਕ ਇਕੱਠ ਕੀਤਾ ਗਿਆ, ਜਿਸ ’ਚ ਲਗਭਗ 600 ਪੇਸ਼ੇਵਰ ਡਰਾਈਵਰ ਸ਼ਾਮਲ ਹੋਏ। ਉਨ੍ਹਾਂ ਕਿਹਾ, ‘‘ਅਸੀਂ ਇਹ ਵੇਖ ਕੇ ਹੈਰਾਨ ਸੀ ਕਿ ਏਨੇ ਸਾਰੇ ਡਰਾਈਵਰ ਪਹੁੰਚ ਗਏ।’’

ਉਨ੍ਹਾਂ ਨੇ ਏਕਤਾ ’ਚ ਬਲ ਨੂੰ ਪਛਾਣਦਿਆਂ ਆਪਣੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਚੁੱਕਣ ਲਈ ਇੱਕ ਜਨਤਕ ਮੰਚ, ਏ.ਜ਼ੈੱਡ.ਸੀ.ਟੀ.ਏ., ਬਣਾਉਣ ਦਾ ਫ਼ੈਸਲਾ ਕੀਤਾ।

ਇਸ ਸਾਲ ਮਾਰਚ ਦੌਰਾਨ, ਓਂਟਾਰੀਓ ਦੀਆਂ ਦੱਖਣੀ ਏਸ਼ੀਆਈ ਟਰੱਕਿੰਗ ਐਸੋਸੀਏਸ਼ਨਾਂ ਨੇ ਭਾਈਚਾਰੇ ਦੇ ਡਰਾਈਵਰਾਂ ਨੂੰ ਸਾਂਝਾ ਮੰਚ ਮੁਹੱਈਆ ਕਰਵਾਉਣ ਲਈ ਪਹਿਲਾ ਕਦਮ ਚੁੱਕਿਆ ਤਾਂ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਆਵਾਜ਼ ਮਿਲ ਸਕੇ ਅਤੇ ਉਨ੍ਹਾਂ ਦੇ ਦਰਪੇਸ਼ ਚੁਨੌਤੀਆਂ ਦਾ ਹੱਲ ਹੋ ਸਕੇ।

ਏ.ਜ਼ੈੱਡ.ਸੀ.ਟੀ.ਏ. ਦੇ ਮੈਂਬਰ ਅਤੇ ਲੀਡਰ, ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਅਤੇ ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ (ਓ.ਏ.ਟੀ.ਏ.) ਨੇ ਇੱਕ ਸਾਂਝੀ ਆਵਾਜ਼ ਦੀ ਜ਼ਰੂਰਤ ਬਾਰੇ ਵਿਚਾਰ-ਚਰਚਾ ਕਰਨ ਲਈ ਮੁਲਾਕਾਤ ਕੀਤੀ।

ਉਸ ਸਮੇਂ ਸੰਧੂ ਨੇ ਕਿਹਾ ਸੀ ਕਿ ਮੁੱਖ ਏਜੰਡਾ ਸਿਸਟਮ ਅੰਦਰ ਰਹਿਣਾ ਅਤੇ ਇਸ ਦੀਆਂ ਕਮੀਆਂ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ, ‘‘ਭਾਈਚਾਰਾ ਸਮੂਹਾਂ ’ਚ ਵੰਡਿਆ ਹੋਇਆ ਹੈ – ਲੋਂਗਹੌਲ, ਲੋਕਲ, ਡੰਪ ਟਰੱਕ ਡਰਾਈਵਰ, ਐਗਰੀਗੇਟ ਹੌਲਰ। ਅਸੀਂ ਸਾਰੇ ਟਰੱਕਰ ਹਾਂ, ਅਤੇ ਜਦੋਂ ਕਿਸੇ ਇੱਕ ਨੂੰ ਸਮੱਸਿਆ ਹੁੰਦੀ ਹੈ, ਅਸੀਂ ਇੱਕ ਮੰਚ ’ਤੇ ਆ ਕੇ ਆਪਣੀਆਂ ਸਮੱਸਿਆਵਾਂ ਨੂੰ ਸਾਂਝੀ ਆਵਾਜ਼ ਦੇ ਸਕਦੇ ਹਾਂ।’’

ਜਦੋਂ ਇਹ ਪੁੱਛਿਆ ਗਿਆ ਕਿ ਕੀ ਲੇਬਰ ਮਾਰਕੀਟ ਅਸਰ ਮੁਲਾਂਕਣ (ਐਲ.ਐਮ.ਆਈ.ਏ.) ਦਾ ਦੁਰਉਪਯੋਗ ਹੋ ਰਿਹਾ ਹੈ, ਤਾਂ ਸੰਧੂ ਨੇ ਇਸ ਦਾ ਜਵਾਬ ਹਾਂ ’ਚ ਦਿੰਦਿਆਂ ਕਿਹਾ ਕਿ ਟਰੱਕਿੰਗ ਉਦਯੋਗ ’ਚ ਕੁੱਝ ਲੋਕ ਇਸ ਰਾਹੀਂ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਕਾਰਾਤਮਕ ਐਮ.ਐਲ.ਆਈ.ਏ. ਵਿਖਾਉਂਦਾ ਹੈ ਕਿ ਕਿਸੇ ਖ਼ਾਲੀ ਆਸਾਮੀ ਨੂੰ ਭਰਨ ਲਈ ਵਿਦੇਸ਼ੀ ਕਾਮੇ ਦੀ ਜ਼ਰੂਰਤ ਹੈ ਅਤੇ ਕੋਈ ਕੈਨੇਡੀਅਨ ਵਰਕਰ ਜਾਂ ਸਥਾਈ ਨਿਵਾਸੀ ਇਸ ਕੰਮ ਲਈ ਮੌਜੂਦ ਨਹੀਂ ਹੈ।

ਸੰਧੂ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਚੰਗਾ ਪ੍ਰੋਗਰਾਮ ਹੈ ਜੋ ਆਪਣਾ ਕਰੀਅਰ ਟਰੱਕਿੰਗ ਰਾਹੀਂ ਸ਼ੁਰੂ ਕਰਨਾ ਚਾਹੁੰਦੇ ਹਨ, ਪਰ ਕੁਝ ਅਦਾਰੇ ਇਸ ਪ੍ਰੋਗਰਾਮ ਦੀ ਦੁਰਵਰਤੋਂ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਏ.ਜ਼ੈੱਡ.ਸੀ.ਟੀ.ਏ. ਨੇ ਓਂਟਾਰੀਓ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਇਸ ਅਮਲ ’ਤੇ ਰੋਕ ਲਾਉਣ।

ਓਂਟਾਰੀਓ ਦੇ ਹਾਈਵੇ 407 ’ਤੇ ਟਰੱਕਰਸ ਲਈ ਟੋਲ ਹਟਾਉਣ ਦੇ ਸਿਆਸੀ ਪਾਰਟੀਆਂ ਦੇ ਵਾਅਦਿਆਂ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ‘ਸਿਆਸੀ ਲੌਲੀਪੋਪ’ ਹੈ। ਉਨ੍ਹਾਂ ਕਿਹਾ ਕਿ ਏ.ਜ਼ੈੱਡ.ਸੀ.ਟੀ.ਏ. ਨੇ ਇਸ ਹਾਈਵੇ ’ਤੇ ਕਮਰਸ਼ੀਅਲ ਗੱਡੀਆਂ ਲਈ ਟੋਲ ਹਟਾਉਣ ਦਾ ਮੁੱਦਾ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਮੁਢਲਾ ਢਾਂਚਾ ਕਾਇਮ ਕਰਨਾ ਆਰਥਕ ਤਰੱਕੀ ਲਈ ਜ਼ਰੂਰੀ ਹੈ ਅਤੇ ਉਹ ਪ੍ਰੋਵਿੰਸ ’ਚ 52 ਕਿੱਲੋਮੀਟਰ ਲੰਮੇ ਹਾਈਵੇ 413 ਦੀ ਉਸਾਰੀ ਦੀ ਹਮਾਇਤ ਕਰਦੇ ਹਨ, ਜੋ ਕਿ ਪੂਰਬ ’ਚ ਹਾਈਵੇ 400 ਨੂੰ ਅਤੇ ਪੱਛਮ ’ਚ ਹਾਈਵੇ 401/ਹਾਈਵੇ 407 ਨੂੰ ਜੋੜੇਗਾ। ਉਨ੍ਹਾਂ ਕਿਹਾ, ‘‘ਹਾਈਵੇ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਸਮੇਂ ਬਚਾਉਣ ’ਚ ਮੱਦਦ ਕਰੇਗਾ।’’

ਸੰਧੂ ਨੇ ਕਿਹਾ ਕਿ ਏ.ਜ਼ੈੱਡ.ਸੀ.ਟੀ.ਏ. ਬੁਰੀਆਂ ਨੀਤੀਆਂ ਵਿਰੁੱਧ ਟਰੱਕਰਸ ਦੀ ਆਵਾਜ਼ ਚੁੱਕਣਾ ਜਾਰੀ ਰੱਖੇਗਾ, ਮੁੱਦਿਆਂ ਦੇ ਹੱਲ ਲਈ ਅਥਾਰਟੀਆਂ ਅਤੇ ਸੰਗਠਨਾਂ ਨਾਲ ਮਿਲ ਕੇ ਕੰਮ ਕਰੇਗਾ ਅਤੇ ਡਰਾਈਵਰਾਂ ਨੂੰ ਸਿੱਖਿਅਤ ਕਰੇਗਾ।

ਲੀਓ ਬਾਰੋਸ ਵੱਲੋਂ