ਐਮਰਜੈਂਸੀਜ਼ ਐਕਟ ਅਧੀਨ ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ’ਤੇ ਬੀਮਾ ਮੁਅੱਤਲੀ, ਖਾਤੇ ਫ਼ਰੀਜ਼ ਹੋਣ ਦੀ ਤਲਵਾਰ ਲਟਕੀ

ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਓਟਾਵਾ ’ਤੇ ਕੀਤੇ ਕਬਜ਼ੇ ਅਤੇ ਕਈ ਬਾਰਡਰ ਲਾਘਿੰਆਂ ਦੀ ਘੇਰਾਬੰਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ’ਚ ਫ਼ੈਡਰਲ ਸਰਕਾਰ ਨੇ ਇਤਿਹਾਸ ’ਚ ਪਹਿਲੀ ਵਾਰੀ ਐਮਰਜੈਂਸੀਜ਼ ਐਕਟ ਲਾਗੂ ਕਰ ਦਿੱਤਾ ਹੈ।

ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ਨੇ 29 ਜਨਵਰੀ ਤੋਂ ਲੈ ਕੇ ਡਾਊਨਟਾਊਨ ਓਟਾਵਾ ’ਤੇ ਕਬਜ਼ਾ ਕੀਤਾ ਹੋਇਆ ਹੈ। (ਫ਼ਾਇਲ ਫ਼ੋਟੋ : ਮੈਡਲਿਨ ਹੋਇਟ)

ਇਸ ਕਦਮ ਨਾਲ ਫ਼ੈਡਰਲ ਸਰਕਾਰ ਕੋਲ ਘੇਰਾਬੰਦੀ ਖ਼ਤਮ ਕਰਵਾਉਣ, ਪ੍ਰਦਰਸ਼ਨਕਾਰੀਆਂ ਦੇ ਖਾਤੇ ਫ਼ਰੀਜ਼ ਕਰਨ, ਅਤੇ ਕਰਾਊਡਫ਼ੰਡਿੰਗ ਕੰਪਨੀਆਂ ’ਤੇ ਅੱਤਵਾਦੀ ਵਿੱਤ ਪੋਸ਼ਣ ਨਿਯਮ ਲਾਗੂ ਕਰਨ ਦੀ ਤਾਕਤ ਆ ਗਈ ਹੈ। ਇਸ ਪੈਸੇ ਨੂੰ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਲਈ ਪ੍ਰਯੋਗ ਕੀਤਾ ਜਾ ਰਿਹਾ ਸੀ।

ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਇੱਕ ਸੰਬੰਧਤ ਨਿਊਜ਼ ਕਾਨਫ਼ਰੰਸ ’ਚ ਕਿਹਾ, ‘‘ਜੇਕਰ ਤੁਹਾਡਾ ਟਰੱਕ ਇਨ੍ਹਾਂ ਗ਼ੈਰਕਾਨੂੰਨੀ ਘੇਰਾਬੰਦੀਆਂ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ, ਤਾਂ ਤੁਹਾਡੇ ਕਾਰਪੋਰੇਟ ਖਾਤੇ ਫ਼ਰੀਜ਼ ਕਰ ਦਿੱਤੇ ਜਾਣਗੇ, ਤੁਹਾਡੀ ਗੱਡੀ ’ਤੇ ਬੀਮਾ ਮੁਅੱਤਲ ਕਰ ਦਿੱਤਾ ਜਾਵੇਗਾ। ਆਪਣੇ ਸੈਮੀ-ਟਰੇਲਰਾਂ ਨੂੰ ਘਰ ਭੇਜ ਦਿਓ। ਕੈਨੇਡੀਅਨ ਆਰਥਿਕਤਾ ਨੂੰ ਇਨ੍ਹਾਂ ਦੇ ਕੰਮ ਦੀ ਜ਼ਰੂਰਤ ਹੈ।’’

ਸਰਕਾਰ ਨੇ ਇਹ ਕਦਮ 29 ਜਨਵਰੀ ਤੋਂ ਦੇਸ਼ ਦੀ ਰਾਜਧਾਨੀ ’ਚ ਲਗਾਤਾਰ ਕਬਜ਼ਾ ਕਰੀ ਬੈਠੇ ਸੈਂਕੜੇ ਟਰੱਕਾਂ ਨੂੰ ਵੇਖਦਿਆਂ ਚੁੱਕਿਆ ਹੈ। ਓਂਟਾਰੀਓ ਨੇ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਲਗਭਗ ਇੱਕ ਹਫ਼ਤੇ ਤੱਕ ਅੰਬੈਸਡਰ ਬ੍ਰਿਜ ਦੀ ਘੇਰਾਬੰਦੀ ਮਗਰੋਂ 11 ਫ਼ਰਵਰੀ ਨੂੰ  ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਦੋ ਦਰਜਨ ਪ੍ਰਦਰਸ਼ਨਕਾਰੀਆਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਕੈਨੇਡਾ ਦਾ ਇਹ ਸਭ ਤੋਂ ਜ਼ਿਆਦਾ ਆਵਾਜਾਈ ਵਾਲਾ ਪੁਲ ਹੁਣ ਮੁੜ ਖੁੱਲ੍ਹ ਗਿਆ ਹੈ।

ਪ੍ਰਦਰਸ਼ਨਾਂ ਹੇਠ ਕੂਟਸ, ਅਲਬਰਟਾ ਅਤੇ ਐਮਰਸਨ, ਮੇਨੀਟੋਬਾ. ਵਿਖੇ ਸਰਹੱਦੀ ਲਾਂਘਿਆਂ ਨੂੰ ਲਗਾਤਾਰ ਰੋਕ ਕੇ ਰੱਖਿਆ ਹੋਇਆ ਹੈ, ਜਦਕਿ ਪ੍ਰਦਰਸ਼ਨਕਾਰੀਆਂ ਨੂੰ ਐਡਮਿੰਟਨ, ਟੋਰਾਂਟੋ, ਕਿਊਬੈੱਕ  ਸਿਟੀ ਅਤੇ ਕਈ ਹੋਰ ਸ਼ਹਿਰਾਂ ’ਚ ਵੀ ਵੇਖਿਆ ਗਿਆ ਹੈ।

ਕੂਟਸ ’ਚ ਘੇਰਾਬੰਦੀ ਜਾਰੀ ਰਹਿਣ ਦੌਰਾਨ, ਅਲਬਰਟਾ ਦੇ ਆਰ.ਸੀ.ਐਮ.ਪੀ. ਨੇ 14 ਫ਼ਰਵਰੀ ਨੂੰ 11 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲੋਂ ਵੱਖੋ-ਵੱਖ ਹਥਿਆਰ ਮਿਲੇ ਹਨ, ਜਿਨ੍ਹਾਂ ’ਚ 13 ਲੌਂਗਗੰਨ, ਹੈਂਡਗੰਨ, ਗੋਲੀ ਰੋਕਣ ਵਾਲੇ ਕਵਚ, ਉੱਚ ਸਮਰੱਥਾ ਮੈਗਜ਼ੀਨਾਂ, ਅਤੇ ਵੱਡੀ ਮਾਤਰਾ ’ਚ ਗੋਲੀਆਂ ਬਰਾਮਦ ਹੋਈਆਂ ਹਨ। ਇਹ ਘਟਨਾ ਐਮਰਜੈਂਸੀਜ਼ ਐਕਟ ਲਿਆਂਦੇ ਜਾਣ ਤੋਂ ਪਹਿਲਾਂ ਦੀ ਹੈ।

ਇਹ ਵੱਖੋ-ਵੱਖ ਕਾਫ਼ਲੇ ਹਰ ਤਰ੍ਹਾਂ ਦੀਆਂ ਮਹਾਂਮਾਰੀ-ਸੰਬੰਧਤ ਪਾਬੰਦੀਆਂ ਦਾ ਵਿਰੋਧ ਕਰ ਰਹੇ ਹਨ।

ਅਟਾਰਨੀ ਜਨਰਲ ਡੇਵਿਡ ਲੈਮੇਟੀ ਨੇ ਕਿਹਾ, ‘‘ਪਿਛਲੇ ਕਈ ਹਫ਼ਤਿਆਂ ਤੋਂ, ਗ਼ੈਰਕਾਨੂੰਨੀ ਘੇਰਾਬੰਦੀਆਂ ਅਤੇ ਕਬਜ਼ਿਆਂ ਨੇ ਪੂਰੇ ਕੈਨੇਡਾ ’ਚ ਕਈ ਭਾਈਚਾਰਿਆਂ ਦੀ ਸ਼ਾਂਤੀ ਨੂੰ ਭੰਗ ਕੀਤਾ ਹੈ, ਅਤੇ ਸਾਡੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ ਹੈ। ਅੱਜ ਐਮਰਜੈਂਸੀ ਦਾ ਐਲਾਨ ਅਤਿਵਿਸ਼ੇਸ਼ ਕਦਮ ਹੈ ਜੋ ਕਿ ਸੀਮਤ ਸਮੇਂ ਲਈ ਹੈ, ਅਤੇ ਇਹ ਯਕੀਨੀ ਕਰੇਗਾ ਕਿ ਅਸੀਂ ਆਪਣੇ ਭਾਈਚਾਰਿਆਂ ’ਚ ਸ਼ਾਂਤੀ ਸਥਾਪਤ ਕਰੀਏ।’’

ਖੇਤੀਬਾੜੀ ਮੰਤਰੀ ਮੈਰੀ-ਕਲਾਊਡ ਬੀਬੀਓ ਨੇ ਕਿਹਾ, ‘‘ਇਸ ਵੇਲੇ ਆਪਣੇ ਕੰਮ ’ਚ ਲੱਗੇ ਅਤੇ ਹਰ ਰੋਜ਼ ਸਪਲਾਈ ਚੇਨ ਨੂੰ ਚਲਦਾ ਰੱਖਣ ਲਈ ਜ਼ਰੂਰੀ ਕੰਮ ਕਰਨ ਵਾਲੇ ਵੱਡੀ ਗਿਣਤੀ ’ਚ ਟਰੱਕਰਸ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ।’’ ਉਨ੍ਹਾਂ ਕਿਹਾ ਕਿ ਘੇਰਾਬੰਦੀ ਕਰਕੇ ਪਸ਼ੂਆਂ ਅਤੇ ਛੇਤੀ ਖ਼ਰਾਬ ਹੋਣ ਵਾਲੀਆਂ ਵਸਤਾਂ ਦੀ ਆਮਦਨ ’ਤੇ ਖ਼ਤਰਾ ਮੰਡਰਾ ਰਿਹਾ ਹੈ।

‘‘ਅਸੀਂ ਸਾਰੇ ਕੈਨੇਡੀਅਨ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਮਾਣ ਕਰਦੇ ਹਾਂ, ਪਰ ਪ੍ਰਮੁੱਖ ਬਾਰਡਰ ਕਰਾਸਿੰਗ ’ਤੇ ਗ਼ੈਰਕਾਨੂੰਨੀ ਘੇਰਾਬੰਦੀ ਨੂੰ ਖ਼ਤਮ ਹੋਣਾ ਚਾਹੀਦਾ ਹੈ। ਸਾਡੇ ਮਿਹਨਤਕਸ਼ ਟਰੱਕਰ ਸਾਡੀ ਖੇਤੀਬਾੜੀ ਅਤੇ ਭੋਜਨ ਸਪਲਾਈ ਚੇਨ ਦੇ ਸੁਚਾਰੂ ਰੂਪ ’ਚ ਚੱਲਣ ਲਈ ਅਤੇ ਸਾਡੀ ਆਰਥਿਕਤਾ ਦੀ ਕੁਸ਼ਲਤਾ ਲਈ ਮਹੱਤਵਪੂਰਨ ਹਨ।’’

ਸੀ.ਟੀ.ਏ. ਵੱਲੋਂ ਸਵਾਗਤ

ਐਮਰਜੈਂਸੀ ਦੇ ਐਲਾਨ ਦਾ ਕੈਨੇਡਾ ਦੀ ਸਭ ਤੋਂ ਵੱਡੀ ਟਰੱਕਿੰਗ ਐਸੋਸੀਏਸ਼ਨ ਨੇ ਸਵਾਗਤ ਕੀਤਾ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਇਨ੍ਹਾਂ ਗ਼ੈਰਕਾਨੂੰਨੀ ਘੇਰਾਬੰਦੀਆਂ ਦਾ ਸਾਡੇ ਮੈਂਬਰਾਂ ਅਤੇ ਗ੍ਰਾਹਕਾਂ ਦੇ ਕਾਰੋਬਾਰ ’ਤੇ ਬਹੁਤ ਬੁਰਾ ਅਸਰ ਪਿਆ ਹੈ। ਇਨ੍ਹਾਂ ਘੇਰਾਬੰਦੀਆਂ ਦਾ ਸਾਡੇ ਪੇਸ਼ੇਵਰ ਡਰਾਈਵਿੰਗ ਭਾਈਚਾਰੇ ’ਤੇ ਵੀ ਬਹੁਤ ਬੁਰਾ ਅਸਰ ਪਿਆ ਹੈ। ਘੇਰਾਬੰਦੀ ਦਾ ਸ਼ਿਕਾਰ ਸਾਡੀਆਂ ਸਰਹੱਦਾਂ ਅਤੇ ਮਹੱਤਵਪੂਰਨ ਮੁਢਲੇ ਢਾਂਚੇ ’ਤੇ ਵਿਵਸਥਾ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ।’’

ਹਾਲਾਂਕਿ, ਕਈ ਪ੍ਰੀਮੀਅਰਾਂ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਿਯਮਾਂ ਦੀ ਜ਼ਰੂਰਤ ਨਹੀਂ ਹੈ, ਅਤੇ ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਫ਼ੈਡਰਲ ਸਰਕਾਰ ਦਾ ਕਦਮ ਬਲਦੀ ’ਚ ਤੇਲ ਪਾਉਣ ਦਾ ਕੰਮ ਕਰੇਗਾ।

ਮੇਨੀਟੋਬਾ ਦੇ ਪ੍ਰੀਮੀਅਰ ਹੀਥਰ ਸਟੀਫ਼ਨਸਨ ਨੇ ਆਪਣੇ ਇੱਕ ਬਿਆਨ ’ਚ ਕਿਹਾ, ‘‘ਐਮਰਸਨ ਸਰਹੱਦ ਦੀ ਸਥਿਤੀ ਵਿੰਡਸਰ ਦੀ ਸਥਿਤੀ ਤੋਂ ਬਹੁਤ ਵੱਖ ਹੈ। ਜਦਕਿ ਓਂਟਾਰੀਓ ’ਚ ਸਥਿਤੀ ਹੋਰ ਵੀ ਵੱਖ ਹੈ, ਫ਼ੈਡਰਲ ਸਰਕਾਰ ਦਾ ਇਹ ਉਪਾਅ ਸਿਰਫ਼ ਉਸ ਮਾਪ ਅਤੇ ਅਨੁਪਾਤ ਦੇ ਆਧਾਰ ’ਤੇ ਹੀ ਵਰਤਿਆ ਜਾਣਾ ਚਾਹੀਦਾ ਹੈ, ਅਤੇ ਉਨ੍ਹਾਂ ਥਾਵਾਂ ’ਤੇ ਜਿੱਥੇ ਇਸ ਦੀ ਸੱਚਮੁੱਚ ਜ਼ਰੂਰਤ ਹੈ।’’

ਓਂਟਾਰੀਓ ਨੇ ਇਸ ਤੋਂ ਪਹਿਲਾਂ 400-ਸੀਰੀਜ਼ ਦੇ ਹਾਈਵੇ, ਹਵਾਈ ਅੱਡਿਆਂ ਅਤੇ ਰੇਲਵੇ  ਸਮੇਤ ਪ੍ਰਮੁੱਖ ਮੁਢਲੇ ਢਾਂਚੇ ਨੂੰ ਰੋਕ ਕੇ ਬੈਠੇ ਲੋਕਾਂ ’ਤੇ 100,000 ਡਾਲਰ ਦਾ ਜੁਰਮਾਨਾ ਲਾਉਣ, ਇੱਕ ਸਾਲ ਤਕ ਦੀ ਜੇਲ੍ਹ, ਅਤੇ ਕਮਰਸ਼ੀਅਲ ਤੇ ਵਿਅਕਤੀਗਤ ਲਾਇਸੰਸ ਜ਼ਬਤ ਕਰਨ ਦਾ ਐਲਾਨ ਕੀਤਾ ਸੀ।