ਓਂਟਾਰੀਓ ‘ਚ ਉਤਸਰਜਨ ਨਿਯਮਾਂ ਨਾਲ ਛੇੜਛਾੜ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ

Avatar photo

ਓਂਟਾਰੀਓ ਦੇ ਵਾਤਾਵਰਣ, ਸਾਂਭ-ਸੰਭਾਲ ਅਤੇ ਪਾਰਕ ਮੰਤਰਾਲਾ (ਐਮ.ਈ.ਸੀ.ਪੀ.) ਨੇ ਆਪਣੇ ਉਤਸਰਜਨ ਨਿਯਮਾਂ ਨੂੰ ਲਾਗੂ ਕਰਨ ਵਾਲੀ ਇਕਾਈ ਨੂੰ ਅਜਿਹੇ ਟਰੱਕਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਖਿਆ ਹੈ ਜੋ ਉਤਸਰਜਨ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਇਨ੍ਹਾਂ ‘ਤੇ ਸ਼ਿਕੰਜਾ ਕੱਸਣਾ ਜਾਰੀ ਹੈ।

1 ਅਪ੍ਰੈਲ, 2019 ਤੋਂ ਲੈ ਕੇ 31 ਦਸੰਬਰ, 2019 ਵਿਚਕਾਰ ਕੁੱਲ 2,532 ਗੱਡੀਆਂ ਅਤੇ ਆਪਰੇਟਰਾਂ ਦੀ ਨਿਯਮਾਂ ਅਨੁਸਾਰ ਚੱਲਣ ਬਾਰੇ ਜਾਂਚ ਹੋਈ ਸੀ। ਇਸ ਇਕਾਈ ਨੇ 12 ਫ਼ਲੀਟਸ ਦੀ ਜਾਂਚ ਕੀਤੀ ਜਿਨ੍ਹਾਂ ‘ਚੋਂ 9 ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਾਏ ਗਏ।

ਏਜੰਸੀ ਨੇ ਅਜਿਹੀਆਂ 155 ਹੈਵੀ-ਡਿਊਟੀ ਗੱਡੀਆਂ ਦੀ ਜਾਂਚ ਵੀ ਕੀਤੀ ਹੈ ਜਿਨ੍ਹਾਂ ਦੀ ਨੰਬਰ ਪਲੇਟ ਕਿਸੇ ਹੋਰ ਪ੍ਰੋਵਿੰਸ ਦੀ ਸੀ, ਜਿਨ੍ਹਾਂ ‘ਚੋਂ 90 ਫ਼ੇਲ  ਸਾਬਤ ਹੋਈਆਂ।

ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ 420 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਉਸ ਨੂੰ ਗੱਡੀ ਦੀ ਮੁਰੰਮਤ ਕਰਵਾਉਣ ਦਾ ਹੁਕਮ ਦਿੱਤਾ ਜਾਵੇਗਾ। ਉਨ੍ਹਾਂ ਦੀ ਨੰਬਰ ਪਲੇਟ ਜ਼ਬਤ ਕੀਤੀ ਜਾ ਸਕਦੀ ਹੈ ਅਤੇ ਗੱਡੀ ਨੂੰ ਸਿੱਧਾ ਮੁਰੰਮਤ ਲਈ ਭੇਜਿਆ ਜਾ ਸਕਦਾ ਹੈ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਇਸ ਕਾਰਵਾਈ ਦੀ ਤਾਰੀਫ਼ ਕੀਤੀ ਹੈ ਅਤੇ ਆਪਰੇਟਰਾਂ ਤੇ ਸਪਲਾਈ ਚੇਨ ਦੇ ਹੋਰ ਮੈਂਬਰਾਂ ਨੂੰ ਉਤਸਰਜਨ ਨਿਯਮਾਂ ਦੀ ਪਾਲਣਾ ਕਰਨ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਇੱਕ ਸਲਾਹ ਸੂਚੀ ਵੀ ਜਾਰੀ ਕੀਤੀ ਹੈ।

ਐਮ.ਈ.ਸੀ.ਪੀ. ਨੇ ਬਹੁਤ ਜ਼ਿਆਦਾ ਧੂੰਆਂ ਛੱਡ ਰਹੀਆਂ ਗੱਡੀਆਂ ਅਤੇ ਉਤਸਰਜਨ ਕੰਟਰੋਲ ਜ਼ਰੂਰਤਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਦੀ ਸ਼ਿਕਾਇਤ ਕਰਨ ਲਈ ਆਮ ਜਨਤਾ ਲਈ ਇੱਕ ਫ਼ੋਨ ਨੰਬਰ ਵੀ ਜਾਰੀ ਕੀਤਾ ਹੈ। ਇਹ ਨੰਬਰ 888-758-2999 ਹੈ।