ਓਂਟਾਰੀਓ ‘ਚ ਵਧੇ ਟਰੱਕ ਹਾਦਸੇ

Avatar photo

ਟੋਰਾਂਟੋ, ਓਂਟਾਰੀਓ – ਓਂਟਾਰੀਓ ‘ਚ ਕਮਰਸ਼ੀਅਲ ਗੱਡੀਆਂ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਤੋਂ ਪ੍ਰੇਸ਼ਾਨ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਸਾਰਜੈਂਟ ਕੈਰੀ ਸ਼ਮਿਥ ਨੇ ਕੁਰਲਾਅ ਕੇ ਕਿਹਾ, ”ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ।”

ਪਿਛਲੇ ਸਾਲ ਓ.ਪੀ.ਪੀ. ਦੀ ਗਸ਼ਤ ਵਾਲੇ ਇਲਾਕਿਆਂ ‘ਚ ਟਰੱਕਾਂ ਦੀ ਸ਼ਮੂਲੀਅਤ ਵਾਲੀਆਂ 8,432 ਟੱਕਰਾਂ ਹੋਈਆਂ ਜਿਨ੍ਹਾਂ ‘ਚ 96 ਲੋਕਾਂ ਦੀ ਮੌਤ ਹੋ ਗਈ। ਫ਼ੋਰਸ ਅਨੁਸਾਰ ਪਿਛਲੇ 20 ਸਾਲਾਂ ‘ਚ ਇਹ ਕਮਰਸ਼ੀਅਲ ਗੱਡੀਆਂ ਦੀ ਸ਼ਮੂਲੀਅਤ ਵਾਲੀਆਂ ਗੱਡੀਆਂ ਦੀਆਂ ਟੱਕਰਾਂ ਅਤੇ ਮੌਤਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ।

ਸ਼ਮਿਥ ਨੇ ਵੀਰਵਾਰ ਨੂੰ ਕਿਹਾ, ”ਪਿਛਲੇ ਸਾਲ ਹੋਈਆਂ ਮੌਤਾਂ ਦੀ ਗਿਣਤੀ ਉਸ ਤੋਂ ਪਹਿਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ।”

2018 ‘ਚ 7,719 ਟੱਕਰਾਂ ਹੋਈਆਂ ਸਨ ਅਤੇ 62 ਲੋਕਾਂ ਦੀ ਮੌਤ ਹੋਈ ਸੀ।

ਆਪਰੇਸ਼ਨ ਸੁਰੱਖਿਆ ਡਰਾਈਵ ਹਫ਼ਤਾ

ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਸਾਰਜੈਂਟ ਕੈਰੀ ਸ਼ਮਿਥ

ਸ਼ਮਿਥ ਨੇ ਇਸ ਐਤਵਾਰ ਤੋਂ ਇੱਕ ਹਫ਼ਤਾ ਚੱਲਣ ਵਾਲੇ ਆਪਰੇਸ਼ਨ ਸੇਫ਼ ਡਰਾਈਵ ਵੀਕ ਤੋਂ ਪਹਿਲਾਂ ਰੋਡ ਟੂਡੇ ਨਾਲ ਗੱਲਬਾਤ ਕੀਤੀ।

ਓਂਟਾਰੀਓ ਦੇ ਆਵਾਜਾਈ ਮੰਤਰਾਲੇ ਅਤੇ ਓ.ਪੀ.ਪੀ. ਇਸ ਮੁਹਿੰਮ ‘ਚ ਭਾਈਵਾਲ ਹਨ, ਜੋ ਕਿ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਵੱਲੋਂ ਕਰਵਾਈ ਜਾ ਰਹੀ ਹੈ।

ਸੀ.ਵੀ.ਐਸ.ਏ. ਦੇ ਟੱਕਰਾਂ ਅਤੇ ਅੰਕੜੇ ਪ੍ਰੋਗਰਾਮ ਦੇ ਡਾਇਰੈਕਟਰ ਕਰਿਸ ਟਰਨਰ ਅਨੁਸਾਰ ਇਸ ਸਾਲ ਦੀ ਮੁਹਿੰਮ ਇੱਕ ਵਾਰੀ ਫਿਰ ਰਫ਼ਤਾਰ ‘ਤੇ ਕੇਂਦਰਤ ਰਹੇਗੀ, ਕਿਉਂਕਿ ਮੌਤਾਂ ਨਾਲ ਸਬੰਧਤ ਹਾਦਸਿਆਂ ਦੇ ਇੱਕ ਚੌਥਾਈ ਹਿੱਸੇ ਦਾ ਕਾਰਨ ਰਫ਼ਤਾਰ ਹੀ ਬਣੀ ਸੀ।

ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕਿਹਾ, ”ਇਸ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ਼ ਰਫ਼ਤਾਰ ਹੀ ਟੱਕਰਾਂ ਦਾ ਕਾਰਨ ਰਿਹਾ, ਪਰ ਇਨ੍ਹਾਂ ਟੱਕਰਾਂ ‘ਚ ਸ਼ਾਮਲ ਘੱਟੋ-ਘੱਟ ਕੋਈ ਇੱਕ ਗੱਡੀ ਤੇਜ਼ ਰਫ਼ਤਾਰ ਨਾਲ ਚਲ ਰਹੀ ਸੀ।”

ਓਂਟਾਰੀਓ ‘ਚ ਪਿਛਲੇ ਸਾਲ ਹੋਈਆਂ ਟੱਕਰਾਂ ‘ਚੋਂ 1,249 ਤੇਜ਼ ਰਫ਼ਤਾਰ ਨਾਲ ਸਬੰਧਤ ਸਨ, ਜਿਨ੍ਹਾਂ ‘ਚੋਂ 11 ਹਾਦਸਿਆਂ ‘ਚ ਕਿਸੇ ਨਾ ਕਿਸੇ ਦੀ ਮੌਤ ਹੋਈ ਅਤੇ 246 ‘ਚ ਲੋਕ ਜ਼ਖ਼ਮੀ ਹੋਏ।

ਓ.ਪੀ.ਪੀ. ਹਾਈਵੇ ਸੁਰੱਖਿਆ ਡਿਵੀਜ਼ਨ ਦੇ ਕਮਾਂਡਰ ਚੀਫ਼ ਸੁਪਰਡੈਂਟ ਰੋਹਨ ਥੋਂਪਸਨ ਨੇ ਕਿਹਾ, ”ਸਾਡੀ ਜਾਂਚ ਤੋਂ ਪਤਾ ਲਗਦਾ ਹੈ ਕਿ ਤੇਜ਼ ਰਫ਼ਤਾਰ, ਗ਼ਲਤ ਤਰੀਕੇ ਨਾਲ ਲੇਨ ਬਦਲਣਾ, ਸਾਹਮਣੇ ਵਾਲੀ ਗੱਡੀ ਦੇ ਬਹੁਤ ਨੇੜੇ ਹੋਣਾ, ਡਰਾਈਵਰ ਦਾ ਧਿਆਨ ਭਟਕਣਾ ਅਤੇ ਗੱਡੀ ‘ਤੇ ਕਾਬੂ ਨਾ ਰਹਿਣਾ ਪਿਛਲੇ ਸਾਲ ਕਮਰਸ਼ੀਅਲ ਮੋਟਰ ਗੱਡੀਆਂ ਦੀਆਂ ਟੱਕਰਾਂ ਦਾ ਮੁੱਖ ਕਾਰਨ ਬਣੇ।”

”ਕਮਰਸ਼ੀਅਲ ਅਤੇ ਪੈਸੇਂਜਰ ਡਰਾਈਵਰ ਦੋਵੇਂ ਇਨ੍ਹਾਂ ਕਾਰਨਾਂ ਅਤੇ ਹੋਰ ਗ਼ਲਤ ਵਤੀਰੇ ਨਾਲ ਪੂਰੇ ਸਾਲ ਸਬੰਧਤ ਰਹੇ ਹਨ, ਸਾਡੀਆਂ ਸੜਕਾਂ ਨੂੰ ਸੁਰੱਖਿਅਤ ਰੱਖਣ ‘ਚ ਸਾਰੇ ਡਰਾਈਵਰਾਂ ਨੂੰ ਮਹੱਤਵਪੂਰਨ ਰੋਲ ਅਦਾ ਕਰਨਾ ਪਵੇਗਾ।”

ਰੋਜ਼ਾਨਾ ਜਾਂਚ

ਸ਼ਮਿਥ ਨੇ ਇੱਕ ਟਰੱਕ ਦੀ ਜਾਂਚ ਕਰਦਿਆਂ ਸਾਡੇ ਨਾਲ ਵੀਰਵਾਰ ਨੂੰ ਹੋਈ ਆਪਣੀ ਗੱਲਬਾਤ ‘ਚ ਕਿਹਾ ਕਿ ਭਾਵੇਂ ਆਪਰੇਸ਼ਨ ਸੇਫ਼ ਡਰਾਈਵ ਵੀਕ ਇੱਕ ਸਾਲ ਬਾਅਦ ਕਰਵਾਇਆ ਜਾਂਦਾ ਹੈ, ਪਰ ਅਸੀਂ ਡਰਾਈਵਿੰਗ ਆਦਤਾਂ ‘ਤੇ ਰੋਜ਼ਾਨਾ ਸਖ਼ਤ ਨਜ਼ਰ ਰੱਖਦੇ ਹਾਂ।

ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਹੀ ਅਫ਼ਸਰਾਂ ਨੇ ਕੁੱਝ ਕਮਰਸ਼ੀਅਲ ਗੱਡੀਆਂ ਦੀ ਜਾਂਚ ਕੀਤੀ ਸੀ।

ਕਈਆਂ ਗੱਡੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਲੱਦਿਆ ਗਿਆ ਸੀ, ਜਦਕਿ ਕੁੱਝ ਦੀਆਂ ਬ੍ਰੇਕ ਲਾਈਟਾਂ ਨਹੀਂ ਜਗ ਰਹੀਆਂ ਸਨ, ਜਾਂ ਉਨ੍ਹਾਂ ਨੂੰ ਅਸੁਰੱਖਿਅਤ ਤਰੀਕੇ ਨਾਲ ਲੱਦਿਆ ਗਿਆ ਸੀ। ਸ਼ਮਿਥ ਨੇ ਕਿਹਾ ਕਿ ਡਰਾਈਵਰ ਆਪਣੀ ਟਰਿੱਪ ਤੋਂ ਪਹਿਲਾਂ ਕੀਤੀ ਜਾਣ ਵਾਲੀ ਜਾਂਚ ਨਹੀਂ ਕਰ ਰਹੇ ਸਨ ਅਤੇ ਆਪਣੀਆਂ ਗੱਡੀਆਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਨਹੀਂ ਕਰ ਰਹੇ ਸਨ।

”ਮੈਂ ਹੁਣੇ ਇੱਕ ਟਰੱਕ ਦੀ ਵੀਡੀਓ ਪੋਸਟ ਕੀਤੀ ਹੈ ਜਿਸ ‘ਚੋਂ ਬੱਜਰੀ ਪਿਛਲੇ ਪਾਸਿਉਂ ਡਿੱਗ ਰਹੀ ਸੀ। ਜਦੋਂ ਅਫ਼ਸਰ ਇਸ ਟਰੱਕ ਨੂੰ ਜਾਂਚ ਲਈ ਇੱਕ ਪਾਸੇ ਹੋਣ ਲਈ ਕਹਿ ਰਿਹਾ ਸੀ ਤਾਂ ਉਸ ‘ਤੇ ਰੇਤਾ ਅਤੇ ਬੱਜਰੀ ਪੈ ਰਹੀ ਸੀ।”

ਉਨ੍ਹਾਂ ਕਿਹਾ ਕਿ ਗਰੇਟਰ ਟੋਰਾਂਟੋ ਦੇ ਇਲਾਕੇ ‘ਚ ਸਭ ਤੋਂ ਜ਼ਿਆਦਾ ਘਾਤਕ ਟੱਕਰਾਂ ਹੋਈਆਂ ਕਿਉਂਕਿ ਇੱਥੇ ਹੀ ਜ਼ਿਆਦਾਤਰ ਟਰੱਕਾਂ ਦੀ ਭੀੜ ਹੁੰਦੀ ਹੈ।

”ਟੱਕਰਾਂ 401 ਕੋਰੀਡੋਰ, ਤੋਂ ਲੈ ਕੇ ਹਾਈਵੇ 11/17 ਤਕ ਪੂਰੇ ਰਾਹ ‘ਤੇ ਹੁੰਦੀਆਂ ਰਹਿੰਦੀਆਂ ਹਨ, ਮੇਨੀਟੋਬਾ-ਕਿਊਬੈਕ ਸਰਹੱਦ ਟੱਪ ਕੇ ਅਤੇ ਅਮਰੀਕਾ ਤਕ ਵੀ।”

ਹਾਈਵੇ 50

ਪਿਛਲੇ ਕੁੱਝ ਸਮੇਂ ਤੋਂ ਜੋ ਹਾਈਵੇ ਖ਼ਬਰਾਂ ਦੀਆਂ ਸੁਰਖਿਆਂ ‘ਚ ਛਾਇਆ ਰਿਹਾ ਹੈ ਉਹ ਹੈ ਹਾਈਵੇ 50, ਜਿਸ ਦੇ ਆਲੇ-ਦੁਆਲੇ ਟਰੱਕਿੰਗ ਅਤੇ ਲੋਜਿਸਟਿਕਸ ਕੰਪਨੀਆਂ ਸਥਾਪਤ ਹਨ।

ਓ.ਪੀ.ਪੀ. ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਸ ਨੂੰ 18 ਟੱਕਰਾਂ ਬਾਰੇ ਜਾਣਕਾਰੀ ਮਿਲੀ ਜੋ ਕਿ ਭਾਰੀਆਂ ਗੱਡੀਆਂ ਕਰਕੇ ਹਾਈਵੇ ‘ਤੇ ਹੋਈਆਂ ਸਨ।

ਸ਼ਮਿਥ ਨੇ ਕਿਹਾ, ”ਇੱਥੇ ਬਹੁਤ ਟਰੱਕ ਚਲਦੇ ਹਨ, ਅਤੇ ਜੇਕਰ ਟੱਕਰ ਹੁੰਦੀ ਹੈ ਤਾਂ ਇਸ ਗੱਲ ਦੀ ਤਕੜੀ ਸੰਭਾਵਨਾ ਹੈ ਕਿ ਕੋਈ ਟਰੱਕ ਇਸ ‘ਚ ਸ਼ਾਮਲ ਹੋਵੇਗਾ।”

ਹਾਈਵੇ 50 ਨੇੜੇ ਰਹਿਣ ਵਾਲੇ ਸੋਸ਼ਲ ਵਰਕਰ ਪ੍ਰਭਜੋਤ ਕੈਂਥ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।

ਪ੍ਰਭਜੋਤ ਕੈਂਥ

ਕੈਂਥ ਨੇ ਰੋਡ ਟੂਡੇ ਨੂੰ ਕਿਹਾ, ”ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਤੁਹਾਨੂੰ ਪੁਲਿਸ ਦੇ ਸਾਇਰਨ ਉਸ ਦਿਸ਼ਾ ਵੱਲ ਜਾਂਦੇ ਸੁਣਨ ਨੂੰ ਮਿਲਣਗੇ, ਮੈਨੂੰ ਲਗਦਾ ਹੈ ਕਿ ਇਹ ਬਹੁਤ ਨਿਰਾਸ਼ਾਜਨਕ ਹੈ। ਕੋਵਿਡ ਦੇ ਸਮੇਂ ‘ਚ ਵੀ ਲੋਕਾਂ ਨੂੰ ਸਮਝ ਨਹੀਂ ਆ ਰਿਹਾ।”

ਕੈਂਥ ਨੂੰ ਲਗਦਾ ਹੈ ਕਿ ਕੁੱਝ ਟਰੱਕ ਡਰਾਈਵਰ ਇਨ੍ਹਾਂ ਸੜਕਾਂ ‘ਤੇ ਗੱਡੀ ਚਲਾਉਣ ਦੇ ਯੋਗ ਨਹੀਂ ਹਨ।

”ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ‘ਚੋਂ ਅੱਧੇ ਡਰਾਈਵਰ ਤਾਂ ਗੱਡੀ ਚਲਾਉਣ ਦੀ ਯੋਗਤਾ ਵੀ ਪੂਰੀ ਨਹੀਂ ਕਰਦੇ ਹੋਣਗੇ।”

 

ਅਬਦੁੱਲ ਲਤੀਫ਼ ਵੱਲੋਂ