ਓਂਟਾਰੀਓ ’ਚ 60-ਫ਼ੁੱਟ ਦਾ ਬਹੁ-ਤਾਪਮਾਨੀ ਟਰੇਲਰ ਚਲਾਏਗਾ ਵਾਲਮਾਰਟ

ਵਾਲਮਾਰਟ ਨੇ ਉੱਤਰੀ ਅਮਰੀਕਾ ’ਚ ਆਪਣੀ ਤਰ੍ਹਾਂ ਦਾ ਪਹਿਲਾ 60 ਫ਼ੁੱਟ ਦਾ ਬਹੁ-ਤਾਪਮਾਨੀ ਟਰੇਲਰ ਵਿਸ਼ੇਸ਼ ਰੂਪ ’ਚ ਤਿਆਰ ਕਰਵਾਇਆ ਹੈ, ਜੋ ਕਿ ਮਿਸੀਸਾਗਾ ਅਤੇ ਵਿੰਡਸਰ, ਓਂਟਾਰੀਓ ਦੇ ਰੂਟ ਵਿਚਕਾਰ ਚੱਲੇਗਾ।

ਕੰਪਨੀ ਨੇ ਓਂਟਾਰੀਓ ਆਵਾਜਾਈ ਮੰਤਰਾਲੇ ਨਾਲ 2012 ’ਚ ਇੱਕ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਜਿਸ ਨਾਲ ਪੂਰੇ ਓਂਟਾਰੀਓ ’ਚ ਲੰਮੇ ਟਰੇਲਰਾਂ ਦੇ ਪ੍ਰਯੋਗ ਦਾ ਰਾਹ ਪੱਧਰਾ ਹੋਇਆ ਸੀ। ਇਸ ਨਾਲ ਫ਼ਲੀਟ ਨੂੰ ਰਵਾਇਤੀ 53 ਫ਼ੁੱਟ ਦੇ ਟਰੇਲਰ ਮੁਕਾਬਲੇ ਚਾਰ ਪੈਲੇਟ ਵੱਧ ਰੱਖਣ ਦੀ ਥਾਂ ਮਿਲਦੀ ਹੈ, ਅਤੇ ਇਸ ’ਚ ਅਜੇ ਖਾਣਯੋਗ ਵਸਤਾਂ ਦੀ ਆਵਾਜਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਲਈ ਵੱਖੋ-ਵੱਖ ਤਾਪਮਾਨਾਂ ਦੀ ਜ਼ਰੂਰਤ ਹੁੰਦੀ ਹੈ।

ਵਾਲਮਾਰਟ ਕੈਨੇਡਾ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ – ਸਪਲਾਈ ਚੇਨ ਪੈਟਰਿਕ ਡੈਲਨ ਨੇ ਕਿਹਾ, ‘‘60 ਫ਼ੁੱਟ ਦੇ ਇਸ ਵਿਸ਼ੇਸ਼ ਰੂਪ ’ਚ ਤਿਆਰ, ਬਹੁ-ਤਾਪਮਾਨੀ ਰੈਫ਼ਰੀਜਿਰੇਟਡ ਟਰੇਲਰ ਨੂੰ ਸਾਡੇ ਫ਼ਲੀਟ ’ਚ ਸ਼ਾਮਲ ਕਰਨਾ ਇਸ ਗੱਲ ਦਾ ਤਾਜ਼ਾ ਉਦਾਹਰਣ ਹੈ ਕਿ ਵਾਲਮਾਰਟ ਕੈਨੇਡਾ ਕਿਸ ਤਰ੍ਹਾਂ ਉਦਯੋਗ ’ਚ ਸਪਲਾਈ ਚੇਨ ਸੁਧਾਰ ਕਰ ਰਿਹਾ ਹੈ। ਜਦੋਂ ਵਾਲਮਾਰਟ ਕੋਈ ਤਬਦੀਲੀ ਕਰਦਾ ਹੈ, ਤਾਂ ਇਸ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲਦਾ ਹੈ। ਇਸ ਮਾਮਲੇ ’ਚ ਅਸੀਂ ਕੈਨੇਡੀਅਨ ਬਾਜ਼ਾਰ ’ਚ ਨਵਾਂ ਵਿਸ਼ੇਸ਼ ਰੂਪ ’ਚ ਤਿਆਰ ਹੱਲ ਪੇਸ਼ ਕਰ ਰਹੇ ਹਾਂ ਜੋ ਕਿ ਸਾਡੇ ਗੇੜਿਆਂ ਅਤੇ ਉਤਸਰਜਨ ਨੂੰ ਘੱਟ ਕਰੇਗਾ। ਸਾਨੂੰ ਆਪਣੀ ਇਸ ਪ੍ਰਾਪਤੀ ’ਤੇ ਬਹੁਤ ਮਾਣ ਹੈ।’’

ਟਰੇਲਰ ਵੁੱਡਸਟਾਕ, ਓਂਟਾਰੀਓ ’ਚ ਰੁਕਦਾ ਹੈ, ਅਤੇ ਵਾਲਮਾਰਟ ਨੇ ਕਿਹਾ ਕਿ ਕੁੱਝ ਸਟਾਪ ਅਜਿਹੇ ਹਨ ਜਿਨ੍ਹਾਂ ਨੂੰ ਪਹਿਲਾਂ ਆਪਸ ’ਚ ਜੋੜਿਆ ਨਹੀਂ ਜਾ ਸਕਦਾ ਸੀ ਪਰ ਹੁਣ ਵਾਧੂ ਸਮਰੱਥਾ ਕਰਕੇ ਅਜਿਹਾ ਕੀਤਾ ਜਾ ਸਕਦਾ ਹੈ। ਟੀਚਾ ਟਰਿੱਪਾਂ ਅਤੇ ਲੋੜੀਂਦੇ ਟਰੱਕਾਂ ਦੀ ਗਿਣਤੀ ਘੱਟ ਕਰਨਾ ਹੈ।

(ਤਸਵੀਰ: ਵਾਲਮਾਰਟ ਕੈਨੇਡਾ)

ਵਾਲਮਾਰਟ ਨੇ ਟਰੇਲਰ ਦਾ ਡਿਜ਼ਾਈਨ ਤਿਆਰ ਕਰਨ ਲਈ ਯੂਟੀਲਿਟੀ ਟਰੇਲਰ ਨਾਲ ਮਿਲ ਕੇ ਕੰਮ ਕੀਤਾ ਹੈ। ਵਾਲਮਾਰਟ ਨਾਲ ਟਰਾਂਸਪੋਰਟੇਸ਼ਨ ਇਨੋਵੇਸ਼ਨ ਅਤੇ ਪਲਾਨਿੰਗ ਦੇ ਸੀਨੀਅਰ ਮੈਨੇਜਰ ਬਰਾਇਨ ਸੂਖਾਈ ਨੇ ਟਰੱਕਨਿਊਜ਼ ਡਾਟ ਕਾਮ ਨੂੰ ਕਿਹਾ ਕਿ ਕੰਪਨੀ ਨੂੰ ਆਤਮਵਿਸ਼ਵਾਸ਼ ਹੈ ਕਿ ਟਰੇਲਰ ਰੈਫ਼ਰੀਜਿਰੇਸ਼ਨ ਯੂਨਿਟ (ਟੀ.ਆਰ.ਯੂ.) ਵਾਧੂ ਸਮਰੱਥਾ ਸੰਭਾਲ ਸਕਦਾ ਹੈ।

ਉਨ੍ਹਾਂ ਕਿਹਾ, ‘‘ਰੈਫ਼ਰੀਜਿਰੇਟਿਡ ਟਰੇਲਰ ਦਾ ਪ੍ਰਯੋਗ ਕਰਦੇ ਸਮੇਂ ਕੋਲਡ ਚੇਨ ਬਾਰੇ ਕਾਨੂੰਨਾਂ ਦੀ ਤਾਮੀਲ ਕਰਨਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ, ਜਿਸ ਨੂੰ ਯਕੀਨੀ ਕਰਨ ਲਈ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਉਲੀਕਿਆ ਗਿਆ।’’

ਵੱਡੇ ਟਰੇਲਰਾਂ ਨੂੰ ਚਲਾਉਣ ਵਾਲੇ ਡਰਾਈਵਰਾਂ ਨੂੰ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ, ਅਤੇ ਸੂਖਾਈ ਨੇ ਕਿਹਾ ਕਿ ਵਾਲਮਾਰਟ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਪਿਛਲੇ ਅੱਠ ਸਾਲਾਂ ਤੋਂ ਚਲਾ ਰਿਹਾ ਹੈ। ਹੁਣ ਇਸ ਦੀ ਯੋਜਨਾ ਕਾਰਬਨ ਡਾਈਆਕਸਾਈਡ ਉਤਸਰਜਨ ਘੱਟ ਕਰਨ ਲਈ ਹੋਰ ਅਜਿਹੇ ਵੱਡੇ ਟਰੇਲਰਾਂ ਨੂੰ ਚਲਾਉਣ ਦੀ ਹੈ।

ਸੂਖਾਈ ਨੇ ਕਿਹਾ, ‘‘ਅਸੀਂ ਅਜਿਹਾ ਵਾਤਾਵਰਣ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜਿੱਥੇ ਰੀਜੈਨਰੇਸ਼ਨ ਅਤੇ ਸਮਰੱਥਾ ਸਾਡੀ ਆਵਾਜਾਈ ਅਤੇ ਸਪਲਾਈ ਚੇਨ ਕਾਰਵਾਈਆਂ ਦਾ ਧੁਰਾ ਹੈ। ਅਸੀਂ ਆਪਣੇ 60 ਫ਼ੁੱਟ ਦੇ ਐਂਬੀਐਂਟ ਟਰੇਲਰ ਦਾ, ਸਾਡੇ ਨੈੱਟਵਰਕ ’ਚ ਜਿੱਥੇ ਵੀ ਫ਼ਿੱਟ ਹੋਵੇ, ਵਿਸਤਾਰ ਕਰਨਾ ਜਾਰੀ ਰੱਖਾਂਗੇ ਅਤੇ ਉਮੀਦ ਹੈ ਕਿ ਸਾਡੇ ਨਵੇਂ ਪੈਰੀਸ਼ੇਬਲ ਟਰੇਲਰ ਤੋਂ ਵੀ ਇਸੇ ਤਰ੍ਹਾਂ ਕੰਮ ਲਿਆ ਜਾਵੇਗਾ।’’

ਮੌਜੂਦਾ ਟਰੇਲਰ ਨੂੰ ਭਾਵੇਂ ਡੀਜ਼ਲ ’ਤੇ ਚੱਲਣ ਵਾਲੇ ਫ਼ਰੇਟਲਾਈਨਰ ਕਾਸਕੇਡੀਆ ਨਾਲ ਖਿੱਚਿਆ ਜਾ ਰਿਹਾ ਹੈ ਪਰ ਵਾਲਮਾਰਟ ਦਾ ਮੰਨਣਾ ਹੈ ਕਿ ਬਦਲਵੇਂ ਫ਼ਿਊਲ ਵਾਲੇ ਟਰੈਕਟਰ  ਦਾ ਪ੍ਰਯੋਗ ਕਰ ਕੇ ਉਤਸਰਜਨ ਨੂੰ ਹੋਰ ਘੱਟ ਕੀਤਾ ਜਾ ਸਕਦਾ ਹੈ।

Walmart asociates
ਵਾਲਮਾਰਟ ਕੈਨੇਡਾ ਫ਼ਲੀਟ ਦੇ ਐਸੋਸੀਏਟ ਮਲਕੀਤ ਸਿੰਘ ਅਤੇ ਕਰਿਸਟੋਫ਼ਰ ਡਾਊਡਸ। (ਤਸਵੀਰ: ਵਾਲਮਾਰਟ ਕੈਨੇਡਾ)

ਸੂਖਾਈ ਨੇ ਮੰਨਿਆ, ‘‘ਵਾਲਮਾਰਟ ਦੀ ਯੋਜਨਾ 2028 ਤੱਕ ਆਪਣੇ ਪੂਰੇ ਫ਼ਲੀਟ ਨੂੰ ਬਦਲਵੀਂ ਊਰਜਾ ਨਾਲ ਚਲਾਉਣ ਦੀ ਹੈ। ਭਾਵੇਂ ਇਹ ਟਰੇਲਰ ਅਜੇ ਮਾਨਕ ਡੀਜ਼ਲ ਟਰੈਕਟਰ ਨਾਲ, ਬਗ਼ੈਰ ਕਿਸੇ ਸੋਧ ਤੋਂ ਚਲਦਾ ਹੈ, ਅਸੀਂ ਇਸ ਨੂੰ ਇਹ ਸੋਚ ਕੇ ਡਿਜ਼ਾਈਨ ਕੀਤਾ ਹੈ ਕਿ ਇਸ ਨੂੰ ਭਵਿੱਖ ’ਚ ਬਦਲਵੀਂ ਊਰਜਾ ਵਾਲੇ ਟਰੈਕਟਰ ਨਾਲ ਖਿੱਚਿਆ ਜਾਵੇਗਾ।’’

ਭਾਵੇਂ ਵਾਲਮਾਰਟ ਨੇ ਓਂਟਾਰੀਓ ’ਚ 60 ਫ਼ੁੱਟ ਵਾਲੇ ਟਰੇਲਰ ਦੇ ਪ੍ਰਯੋਗ ਦੀ ਸ਼ੁਰੂਆਤ ਕੀਤੀ ਹੈ, ਕੰਪਨੀ ਨੂੰ ਉਮੀਦ ਹੈ ਕਿ ਹੋਰ ਫ਼ਲੀਟ ਵੀ ਅਜਿਹਾ ਕਰਨਗੇ – ਵਿਸ਼ੇਸ਼ ਕਰ ਕੇ ਜਦੋਂ ਡਿਜ਼ਾਈਨ ਦਾ ਕੰਮ ਵਾਲਮਾਰਟ ਅਤੇ ਯੂਟੀਲਿਟੀ ਵੱਲੋਂ ਕੀਤਾ ਗਿਆ ਹੈ।

ਸੂਖਾਈ ਨੇ ਕਿਹਾ, ‘‘ਵੱਧ ਉਤਪਾਦਾਂ ਨੂੰ ਘੱਟ ਟਰੱਕਾਂ ਨਾਲ ਢੋਣ ਨਾਲ ਸਾਨੂੰ ਉਤਸਰਜਨ ’ਚ ਕਮੀ ਕਰਨ ਅਤੇ ਸਾਡੀ ਸਪਲਾਈ ਚੇਨ ਦੀ ਸਮਰੱਥਾ ਵੱਧ ਕਰਨ ’ਚ ਮੱਦਦ ਮਿਲਦੀ ਹੈ। ਸਾਨੂੰ ਪਤਾ ਹੈ ਕਿ ਯੂਟੀਲਿਟੀ ਨਾਲ ਮਿਲ ਕੇ ਇਸ ਚੀਜ਼ ਨੂੰ ਤਿਆਰ ਕਰਨ ਨਾਲ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਮਿਲੇਗਾ ਅਤੇ ਸਾਨੂੰ ਲਗਦਾ ਹੈ ਕਿ ਇਹ ਉਦਯੋਗ ਲਈ ਬਹੁਤ ਸਾਕਾਰਾਤਮਕ ਗੱਲ ਹੋਵੇਗੀ।’’