ਓਂਟਾਰੀਓ ਦੇ ਬਜਟ ’ਚ ਹਾਈਵੇਜ਼ ਲਈ ਅਰਬਾਂ ਡਾਲਰ ਦੇਣ ਦਾ ਵਾਅਦਾ, ਈ.ਐਲ.ਡੀ. ਪ੍ਰਤੀ ਵਚਨਬੱਧਤਾ ਪ੍ਰਗਟਾਈ

ਜੂਨ ਦੀਆਂ ਚੋਣਾਂ ਤੋਂ ਪਹਿਲਾਂ ਜਾਰੀ ਬਜਟ ’ਚ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਹਾਈਵੇਜ਼ ਅਤੇ ਹੋਰ ਮੁਢਲੇ ਢਾਂਚੇ ’ਤੇ ਵੱਡਾ ਖ਼ਰਚ ਕਰਨ ਦਾ ਵਾਅਦਾ ਕੀਤਾ ਹੈ।

Queen's Park, Toronto
(ਤਸਵੀਰ: ਆਈਸਟਾਕ)

ਦਸਤਾਵੇਜ਼ ’ਚ ਆਉਣ ਵਾਲੇ ਦਹਾਕੇ ਦੌਰਾਨ ਹਾਈਵੇਜ਼ ਦੇ ਵਿਸਤਾਰ ਅਤੇ ਮੁੜਵਸੇਬੇ ’ਤੇ 25.1 ਅਰਬ ਡਾਲਰ ਦਾ ਖ਼ਰਚ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜਿਸ ’ਚ ਹਾਲਟਨ, ਪੀਲ ਅਤੇ ਯੌਰਕ ਖੇਤਰਾਂ ਲਈ ਇੱਕ ਨਵੇਂ ਹਾਈਵੇ 413 ’ਤੇ ਕੰਮ ਸ਼ਾਮਲ ਹੈ, ਜੋ ਕਿ ਸਰਕਾਰ ਅਨੁਸਾਰ ਡਰਾਈਵਰਾਂ ਦੀ ਹਰ ਟਿ੍ਰਪ ’ਤੇ 30 ਮਿੰਟਾਂ ਦੀ ਬੱਚਤ ਕਰੇਗਾ।

ਓਂਟਾਰੀਓ ਦੀ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਬਜਟ ਦੇ ਦਸਤਾਵੇਜ਼ ’ਚ ਕਿਹਾ, ‘‘ਹਾਈਵੇ 413 ਨਾ ਸਿਰਫ਼ ਮੁਢਲੇ ਢਾਂਚੇ ਦਾ ਬੁਨਿਆਦੀ ਹਿੱਸਾ ਹੈ, ਬਲਕਿ ਭਵਿੱਖ ’ਚ ਓਂਟਾਰੀਓ ਦੀ ਸਫ਼ਲਤਾ ਦਾ ਪ੍ਰਮੁੱਖ ਹਿੱਸਾ ਵੀ ਹੈ।’’

ਦਸਤਾਵੇਜ਼ ’ਚ ਦਰਸਾਏ ਹੋਰਨਾਂ ਪ੍ਰਾਜੈਕਟਾਂ ’ਚ ਸ਼ਾਮਲ ਹਨ ਹਾਈਵੇ 400 ਅਤੇ 404 ਨੂੰ ਜੋੜਨ ਵਾਲਾ ਇੱਕ ਨਵਾਂ ਚਾਰ ਲੇਨ ਦਾ ਬਰੈਡਫ਼ੋਰਡ ਬਾਈਪਾਸ, ਸੇਂਟ ਕੈਥਰੀਨਜ਼ ਅਤੇ ਨਿਆਗਰਾ ਓਨ ਦ ਲੇਕ ਨੂੰ ਜੋੜਨ ਵਾਲਾ ਇੱਕ ਨਵਾਂ ਪੁਲ, ਅਤੇ ਓਸ਼ਾਵਾ ਤੇ ਪੋਰਟ ਹੋਪ ਵਿਚਕਾਰ ਹਾਈਵੇ 401 ਨੂੰ ਚੌੜਾ ਕਰਨ ਲਈ ਕਦਮ ਚੁੱਕਣਾ। ਕਿਚਨਰ ਅਤੇ ਗੁਅਲਫ਼ ਵਿਚਕਾਰ ਨਵੇਂ ਹਾਈਵੇ 7 ਦੀ ਉਸਾਰੀ ਦਾ ਇੱਕ ਹੋਰ ਪੜਾਅ, ਆਰਨਪਰਾਈਅਰ ਤੋਂ ਰੇਨਫ਼ਰੀਊ ਤੱਕ ਹਾਈਵੇ 17 ਨੂੰ ਚਾਰ-ਮਾਰਗੀ ਬਣਾਉਣਾ, ਅਤੇ ਹਾਈਵੇ 101 ਦੀ 21.4 ਕਿਲੋਮੀਟਰ ਦੀ ਮੁੜਉਸਾਰੀ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਬਜਟ ’ਚ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਤਕਨਾਲੋਜੀ ਦੇ 1 ਜਨਵਰੀ ਤੋਂ ਲਾਗੂ ਹੋਣ ਵਾਲੇ ਫ਼ੁਰਮਾਨ ਤੋਂ ਪਹਿਲਾਂ ਇਸ ’ਤੇ ਚਲ ਰਹੇ ਕੰਮ ’ਤੇ ਵੀ ਵਚਨਬੱਧਤਾ ਪ੍ਰਗਟਾਈ ਗਈ ਹੈ।

ਇਸ ’ਚ ਕਿਹਾ ਗਿਆ ਹੈ, ‘‘ਓਂਟਾਰੀਓ ਅੰਤਰ-ਪ੍ਰੋਵਿੰਸ਼ੀਅਲ ਕਾਰੋਬਾਰੀ ਰੁਕਾਵਟਾਂ ਨੂੰ ਫ਼ੈਡਰਲ-ਪ੍ਰੋਵਿੰਸ਼ੀਅਲ-ਟੈਰੀਟੋਰੀਅਲ ਰੈਗੂਲੇਟਰੀ ਸਮਝੌਤੇ ਅਤੇ ਸਹਿਕਾਰੀ ਟੇਬਲ (ਆਰ.ਸੀ.ਟੀ.) ਰਾਹੀਂ ਘੱਟ ਕਰਨ ਦੀ ਹਮਾਇਤ ਕਰਦਾ ਹੈ, ਜਿੱਥੇ ਪ੍ਰੋਵਿੰਸ ਆਟੋਮੇਟਡ ਅਤੇ ਕੁਨੈਕਟਡ ਵਹੀਕਲਜ਼, ਅਤੇ ਇਲੈਕਟ੍ਰੋਨਿਕ ਲਾਗਿੰਗ ਡਿਵਾਇਸਿਜ਼ ’ਤੇ ਜਾਂਚ ਅਤੇ ਲਾਗੂ ਕਰਨ ਦੇ ਕੰਮ ’ਚ ਮੋਹਰੀ ਹੈ।’’

ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਇਸ ਸਾਲ 19.9 ਬਿਲੀਅਨ ਡਾਲਰ ਵਾਲੇ ਘਾਟੇ ਦਾ ਬਜਟ ਖਾਕਾ ਪੇਸ਼ ਕੀਤਾ ਹੈ।