ਓ.ਟੀ.ਏ. ਨੇ ਬਾਇਜ਼ਨ ਦੇ ਬਹਾਦਰ ਡਰਾਈਵਰ, ਆਸ਼ੀਸ਼ ਪਟੇਲ ਅਤੇ ਪਰਿਵਾਰ ਦਾ ਕੀਤਾ ਸਨਮਾਨ

ਓ.ਟੀ.ਏ. ਦੀ ਟੋਰਾਂਟੋ ਵਿਖੇ ਹੋਈ 96ਵੀਂ ਸਾਲਾਨਾ ਕਾਨਫ਼ਰੰਸ ’ਚ ਬਾਇਜ਼ਨ ਟਰਾਂਸਪੋਰਟ ਦੇ ਡਰਾਈਵਰ ਆਸ਼ੀਸ਼ ਪਟੇਲ ਨੂੰ ਮਰਨ ਉਪਰੰਤ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ-ਬ੍ਰਿਜਸਟੋਨ ਟਰੱਕ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਵੈਸਟ ਵਰਜੀਨੀਆ ’ਚ ਆਈ-81 ’ਤੇ ਹੋਈ ਭਿਆਨਕ ਟੱਕਰ ’ਚ ਸ਼ਾਮਲ ਲੋਕਾਂ ਦੀ ਜਾਨ ਬਚਾਉਣ ’ਚ ਮੱਦਦ ਕੀਤੀ ਸੀ।

Ashish Patel
ਹਾਈਵੇ ਟੱਕਰ ’ਚ ਜ਼ਖ਼ਮੀ ਲੋਕਾਂ ਦੀ ਮਦਦ ਕਰਨ ਵਾਲੇ ਆਸ਼ੀਸ਼ ਦੇ ਹਿੱਤ ਹਾਈਵੇ ਹੀਰੋ ਐਵਾਰਡ ਪ੍ਰਾਪਤ ਕਰਦੀ ਉਸ ਦੀ ਪਤਨੀ ਸ਼ਿਲਪਾ ਪਟੇਲ। ਤਸਵੀਰ : ਜੌਨ ਜੀ. ਸਮਿੱਥ

ਆਸ਼ੀਸ਼ ਹਿੱਤ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਨ੍ਹਾਂ ਦੀ ਪਤਨੀ ਸ਼ਿਲਪਾ ਨੇ ਕਿਹਾ, ‘‘ਮੇਰੀ ਧੀ ਉਨ੍ਹਾਂ ਨੂੰ ਸਵੇਰੇ ਵਾਰ-ਵਾਰ ਕਾਲ ਕਰਨ ਦੀ

ਕੋਸ਼ਿਸ਼ ਕਰ ਰਹੀ ਸੀ ਅਤੇ ਜਦੋਂ ਵੀ ਉਹ ਕਾਲ ਕਰਦੀ, ਤਾਂ ਆਪਣੀ ਤੋਤਲੀ ਜ਼ੁਬਾਨ ’ਚ ਕਹਿੰਦੀ ਸੀ ‘ਡੈਡੀ ਫ਼ੋਨ ਨਹੀਂ ਚੁੱਕ ਰਹੇ।’ ਮੈਂ ਸੋਚਿਆ ਕਿ ਉਹ ਕਦੇ ਅਜਿਹਾ ਨਹੀਂ ਕਰਦੇ। ਹਮੇਸ਼ਾ ਫ਼ੋਨ ਦਾ ਜਵਾਬ ਦਿੰਦੇ ਹਨ। ਮੇਰਾ ਦਿਲ ਘਬਰਾ ਗਿਆ ਕਿ ਕੁੱਝ ਤਾਂ ਗ਼ਲਤ ਹੈ।’’

ਪੁਲਿਸ ਅਨੁਸਾਰ ਉਸ ਸਮੇਂ ਆਈ-81 ਰੈਂਪ ’ਤੇ ਦੋ ਵੱਖੋ-ਵੱਖ ਟੱਕਰਾਂ ਹੋਈਆਂ ਸਨ। ਪਹਿਲੀ ਟੱਕਰ ’ਚ ਦੋ ਕਾਰਾਂ ਇੱਕ ਟਰੇਲਰ ’ਚ ਜਾ ਵੱਜੀਆਂ ਸਨ। ਪਟੇਲ ਅਤੇ ਮੈਰੀਲੈਂਡ ਦੇ ਇੱਕ ਹੋਰ ਟਰੱਕ ਡਰਾਈਵਰ ਐਡਮ ਮਿੱਲਰ ਨੇ ਉੱਥੇ ਆਪਣੇ ਟਰੱਕ ਰੋਕ ਕੇ ਕਾਰਾਂ ’ਚ ਬੈਠੇ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾ ਦਿੱਤਾ। ਪਰ ਜਦੋਂ ਉਹ ਪੁਲਿਸ ਦੇ ਆਉਣ ਦੀ ਉਡੀਕ ਕਰ ਰਹੇ ਸਨ ਇੱਕ ਤੀਜੀ ਗੱਡੀ ਕਾਬੂ ਗੁਆ ਬੈਠੀ ਅਤੇ ਉਨ੍ਹਾਂ ’ਚ ਜਾ ਵੱਜੀ। ਦੋਵੇਂ ਲਗਭਗ ਮੌਕੇ ’ਤੇ ਹੀ ਮਾਰੇ ਗਏ।

ਸ਼ਿਲਪਾ ਨੇ ਕਿਹਾ, ‘‘ਜਦੋਂ ਮੈਂ ਆਸ਼ੀਸ਼ ਅਤੇ ਐਡਮ ਬਾਰੇ ਸੋਚਦੀ ਹਾਂ, ਜਿਨ੍ਹਾਂ ਦੋਹਾਂ ਨੇ ਮੱਦਦ ਕੀਤੀ ਸੀ, ਤਾਂ ਮੈਂ ਵੇਖਦੀ ਹਾਂ ਕਿ ਉਨ੍ਹਾਂ ਦੋਹਾਂ ਦੇ ਨਾਂ ਅੰਗਰੇਜ਼ੀ ਦੇ ਅੱਖਰ ‘ਏ’ ਤੋਂ ਸ਼ੁਰੂ ਹੁੰਦੇ ਹਨ। ‘ਏ’ ਦਾ ਮਤਲਬ ‘ਏਂਜਲ’ (ਫ਼ਰਿਸ਼ਤਾ) ਹੁੰਦਾ ਹੈ ਅਤੇ ਰੱਬ ਨੇ ਦੋਹਾਂ ਨੂੰ ‘ਏਂਜਲ’ ਬਣਾਇਆ ਸੀ।’’

ਸ਼ਿਲਪਾ ਨੇ ਅੱਗੇ ਕਿਹਾ ਕਿ ਅਸ਼ੀਸ਼ ਟਰੱਕਿੰਗ ਉਦਯੋਗ ਦਾ ਇੱਕ ਵੱਡਾ ਰੋਲ ਮੋਡਲ ਸੀ। ਉਸ ਨੂੰ ਟਰੱਕ ਡਰਾਈਵਿੰਗ ਦਾ ਕੰਮ ਬਹੁਤ ਪਸੰਦ ਸੀ, ਅਤੇ ਉਹ ਆਪਣੇ ਕਈ ਮਿੱਤਰਾਂ ਨੂੰ ਆਪਣਾ ਕਮਰਸ਼ੀਅਲ ਲਾਇਸੰਸ ਪ੍ਰਾਪਤ ਕਰਨ ਅਤੇ ਉਦਯੋਗ ਬਾਰੇ ਸਿੱਖਣ ਲਈ ਪ੍ਰੇਰਿਤ ਕਰਦਾ ਰਹਿੰਦਾ ਸੀ। ਟਰਮੀਨਲ ’ਤੇ ਆਸ਼ੀਸ਼ ਦੇ ਚਿਹਰੇ ’ਤੇ ਹਮੇਸ਼ਾ ਵੱਡੀ ਮੁਸਕਾਨ ਹੁੰਦੀ ਸੀ ਅਤੇ ਉਹ ਅਕਸਰ ਲੋੜਵੰਦਾਂ ਦੀ ਮੱਦਦ ਲਈ ਸੇਧ ਦੇਣ ਲਈ ਤਿਆਰ ਰਹਿੰਦਾ ਸੀ।

ਬਾਇਜ਼ਨ ਦੇ ਜਨਰਲ ਮੈਨੇਜਰ ਡੇਵ ਮਾਰਟਿਨ ਨੇ ਕਿਹਾ, ‘‘ਉਹ ਬਹੁਤ ਸਿੱਧਾ ਆਦਮੀ ਸੀ। ਦੂਜਿਆਂ ਦੀ ਮੱਦਦ ਕਰਨ ਦੇ ਸਵਾਲ ’ਤੇ ਉਹ ਕਦੀ ਦੂਜੀ ਵਾਰੀ ਨਹੀਂ ਸੋਚਦਾ ਸੀ। ਉਸ ਦਿਨ ਵੀ ਉਸ ਨੇ ਇਸੇ ਜਜ਼ਬੇ ਨਾਲ ਲੋਕਾਂ ਦੀ ਮੱਦਦ ਕੀਤੀ ਅਤੇ ਇਸੇ ਕਰਕੇ ਉਸ ਨੂੰ ਏਨਾ ਪਿਆਰ ਮਿਲਦਾ ਸੀ। ਪਰ ਬਦਕਿਸਮਤੀ ਨਾਲ, ਇਸ ਦਾ ਨਤੀਜਾ ਇੱਕ ਭਿਆਨਕ ਹਾਦਸੇ ’ਚ ਨਿਕਲਿਆ ਅਤੇ ਸਾਨੂੰ ਉਸ ਵਰਗੇ ਸ਼ਾਨਦਾਰ ਆਦਮੀ ਨੂੰ ਗੁਆਉਣਾ ਪਿਆ।’’