ਓ.ਡੀ.ਟੀ.ਏ. ਦੀ ਹਮਾਇਤ ਕਰਨ ਵਾਲੀ ਨਵੀਨਤਮ ਮਿਊਂਸੀਪਲਟੀ ਬਣੀ ਬਰੈਡਫ਼ੋਰਡ ਵੈਸਟ ਗਵਿਲਿਮਬਰੀ

ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਨੇ ਕਿਹਾ ਹੈ ਕਿ ਉਹ ਬਰੈਡਫ਼ੋਰਡ ਵੈਸਟ ਗਵਿਲਿਮਬਰੀ ਟਾਊਨ ਕੌਂਸਲ ਵੱਲੋਂ ਪ੍ਰਾਪਤ ਹਮਾਇਤ ਲਈ ਧੰਨਵਾਦੀ ਹੈ, ਜੋ ਕਿ ਮਿਸੀਸਾਗਾ ਅਤੇ ਬਰੈਂਪਟਨ, ਓਂਟਾਰੀਓ ਤੋਂ ਬਾਅਦ ਓ.ਡੀ.ਟੀ.ਏ. ਦੀ ਹਮਾਇਤ ਕਰਨ ਵਾਲੀ ਨਵੀਨਤਮ ਮਿਊਂਸੀਪਲਟੀ ਬਣ ਗਈ ਹੈ।

ਓ.ਡੀ.ਟੀ.ਏ. ਦੇ ਬੁਲਾਰੇ ਬੌਬ ਪੁਨੀਆ ਨੇ ਕਿਹਾ, ‘‘ਸਾਡੇ ਵੱਲੋਂ ਜ਼ਿੰਮੇਵਾਰ, ਸਥਿਰ ਅਤੇ ਟਿਕਾਊ ਉਦਯੋਗ ਦੀ ਉਸਾਰੀ ਲਈ ਕੰਮ ਲਗਾਤਾਰ ਚੱਲ ਰਿਹਾ ਹੈ। ਬਰੈਡਫ਼ਰਡ ਵੈਸਟ ਗਵਿਲਿਮਬਰੀ ਸ਼ਹਿਰ ਸੁਰੱਖਿਅਤ ਸੜਕਾਂ ਅਤੇ ਬਿਹਤਰ ਕੰਮਕਾਜ ਦੇ ਹਾਲਾਤ ਬਣਾਉਣ ਲਈ ਸਾਡੇ ਮੈਂਬਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।’’

Dump truck
(ਤਸਵੀਰ: ਓ.ਡੀ.ਟੀ.ਏ.)

ਪਿੱਛੇ ਜਿਹੇ ਬਿਹਤਰ ਦਰਾਂ ਪ੍ਰਾਪਤ ਕਰਨ ਤੋਂ ਬਾਅਦ ਹੜਤਾਲ ਖ਼ਤਮ ਕਰਨ ਵਾਲੇ ਇਸ ਸੰਗਠਨ ਨੇ ਮਤੇ ਦੀ ਤਾਰੀਫ਼ ਕਰਦਿਆਂ ਐਲਾਨ ਕੀਤਾ : ‘‘ਸੁਰੱਖਿਅਤ ਕੰਮਕਾਜੀ ਹਾਲਾਤ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਲਈ ਬਰੈਡਫ਼ੋਰਡ ਵੇਸਟ ਗਵਿਲਿਮਬਰੀ ਓ.ਡੀ.ਟੀ.ਏ. ਮੈਂਬਰਾਂ ਨਾਲ ਖੜ੍ਹਾ ਹੈ। ਇਸ ਤੋਂ ਇਲਾਵਾ ਅਸੀਂ ਓਂਟਾਰੀਓ ’ਚ ਡੰਪ ਟਰੱਕ ਆਪਰੇਟਰਾਂ ਅਤੇ ਰੋਜ਼ਾਨਾ ਦੇ ਸੜਕ ਪ੍ਰਯੋਗਕਰਤਾਵਾਂ ਲਈ ਸਭ ਤੋਂ ਸੁਰੱਖਿਅਤ ਗਲੀਆਂ ਯਕੀਨੀ ਕਰਨ ਵਾਲੇ ਉਨ੍ਹਾਂ ਦੇ ਟੀਚੇ ਨੂੰ ਵੀ ਸਾਂਝਾ ਕਰਦੇ ਹਾਂ।’’

ਮਿਸੀਸਾਗਾ ਅਤੇ ਬਰੈਂਪਟਨ ਸਿਟੀ ਦੀਆਂ ਕੌਂਸਲਾਂ ਨੇ ਆਪਣੇ ਸਟਾਫ਼ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਉਨ੍ਹਾਂ ਦੀ ਖ਼ਰੀਦ ਪ੍ਰਕਿਰਿਆ ’ਚ ਲੇਬਰ ਦੇ ਹੱਕ ਦਾ ਧਿਆਨ ਰੱਖਣਾ ਯਕੀਨੀ ਬਣਾਇਆ ਜਾਵੇ।

ਮਤਾ ਪੇਸ਼ ਕਰਨ ਵਾਲੇ ਕੌਂਸਲਰ ਰਾਜ ਸੰਧੂ ਨੇ ਕਿਹਾ, ‘‘ਬਰੈਡਫ਼ੋਰਡ ਵੈਸਟ ਗਵਿਲਿਮਬਰੀ ਸੁਰੱਖਿਅਤ ਅਤੇ ਨਿਰਪੱਖ ਲੇਬਰ ਪ੍ਰਥਾਵਾਂ ’ਚ ਯਕੀਨ ਕਰਦਾ ਹੈ। ਇਹ ਮਤਾ ਆਪਣੇ ਮੈਂਬਰਾਂ ਲਈ ਕੰਮਕਾਜ ਦੇ ਹਾਲਾਤ ਬਿਹਤਰ ਬਣਾਉਣ ਲਈ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਾ ਹੈ।’’

ਓ.ਡੀ.ਟੀ.ਏ. ਦਾ ਕਹਿਣਾ ਹੈ ਕਿ ਮੈਂਬਰਾਂ ’ਤੇ ਵਧਦੀਆਂ ਫ਼ਿਊਲ ਦੀਆਂ ਕੀਮਤਾਂ, ਬੀਮਾ ਅਤੇ ਰੱਖ-ਰਖਾਅ ਦੀਆਂ ਲਾਗਤਾਂ ਦਾ ਅਸਰ ਪੈ ਰਿਹਾ ਹੈ, ਅਤੇ ਉਨ੍ਹਾਂ ਨੂੰ ਅਕਸਰ ਆਰਾਮ ਨਹੀਂ ਕਰਨ ਦਿੱਤਾ ਜਾਂਦਾ, ਪਖਾਨਿਆਂ ਤੱਕ ਪਹੁੰਚ ਨਹੀਂ ਦਿੱਤੀ ਜਾਂਦੀ ਅਤੇ ਅਸੁਰੱਖਿਅਤ ਹਾਲਾਤ ਹੇਠ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।