ਕੂਟਸ ਘੇਰਾਬੰਦੀ ’ਚ ਅਲਬਰਟਾ ਆਰ.ਸੀ.ਐਮ.ਪੀ. ਨੇ ਕੀਤੇ ਹਥਿਆਰ ਜ਼ਬਤ, 11 ਗ੍ਰਿਫ਼ਤਾਰ

ਅਲਬਰਟਾ ਆਰ.ਸੀ.ਐਮ.ਪੀ. ਨੇ ਕੂਟਸ, ਅਲਬਰਟਾ ਵਿਖੇ ਸਰਹੱਦ ਦੀ ਘੇਰਾਬੰਦੀ ’ਚ ਸ਼ਾਮਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਹਥਿਆਰ ਜ਼ਬਤ ਕੀਤੇ ਹਨ।

ਤਿੰਨ ਟਰੇਲਰਾਂ ਦੀ ਤਲਾਸ਼ੀ ਲੈਣ ਦੌਰਾਨ 14 ਫ਼ਰਵਰੀ ਨੂੰ ਪੁਲਿਸ ਨੇ 13 ਲੌਂਗਗੰਨ, ਹੈਂਡਗੰਨ, ਕਈ ਗੋਲੀਰੋਧੀ ਕਵਚ, ਇੱਕ ਲੰਮਾ ਚਾਕੂ, ਉੱਚ ਸਮਰੱਥਾ ਮੈਗਜ਼ੀਨ, ਅਤੇ ਵੱਡੀ ਗਿਣਤੀ ’ਚ ਗੋਲੀਆਂ ਬਰਾਮਦ ਕੀਤੀਆਂ ਹਨ।

ਅਲਬਰਟਾ ਆਰ.ਸੀ.ਐਮ.ਪੀ. ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘‘ਇਹ ਸਮੂਹ ਘੇਰਾਬੰਦੀ ਨੂੰ ਖ਼ਤਮ ਕਰਨ ਦੀ ਪੁਲਿਸ ਦੀ ਕਿਸੇ ਵੀ ਕੋਸ਼ਿਸ਼ ਦਾ ਹਥਿਆਰਾਂ ਨਾਲ ਟਾਕਰਾ ਕਰਨ ਲਈ ਤਿਆਰ ਹੋ ਕੇ ਆਇਆ ਸੀ’’

(ਤਸਵੀਰ: ਆਈਸਟਾਕ)

ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਦੀ ‘ਅਤਿਵਾਦੀ ਬਿਰਤੀ’ ਦਾ ਵੀ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ 13 ਫ਼ਰਵਰੀ ਨੂੰ ਰਾਤ 8 ਵਜੇ ਇੱਕ ਖੇਤੀਬਾੜੀ ਵਾਲੇ ਟਰੈਕਟਰ ਅਤੇ ਟਰੱਕ ਨੇ ਪੁਲਿਸ ਗੱਡੀ ’ਚ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਕਿਹਾ, ‘‘ਅਲਬਰਟਾ ਆਰ.ਸੀ.ਐਮ.ਪੀ. ਗ਼ੈਰਕਾਨੂੰਨੀ ਘੇਰਾਬੰਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਮੁੜ ਸ਼ੁਰੂ ਕਰੇਗਾ ਜੋ ਕਿ ਕਿਸੇ ਨੂੰ ਕੂਟਸ ਸਰਹੱਦ ਤੱਕ ਪਹੁੰਚਣ ਨਹੀਂ ਦੇ ਰਹੀ ਹੈ। ਅਸੀਂ ਇਸ ਗ਼ੈਰਕਾਨੂੰਨੀ ਕਾਰਵਾਈ ’ਚ ਸ਼ਾਮਲ ਸਾਰੇ ਲੋਕਾਂ ਨੂੰ ਤੁਰੰਤ ਚਲੇ ਜਾਣ ਜਾਂ ਪ੍ਰਦਰਸ਼ਨ ਕਰਨ ਲਈ ਕਾਨੂੰਨ ਹੇਠ ਬਣਾਈ ਥਾਂ ’ਤੇ ਜਾਣ ਦੀ ਅਪੀਲ ਕਰਦੇ ਹਾਂ।’’

ਬਾਰਡਰ ਲਾਂਘੇ ’ਤੇ 29 ਜਨਵਰੀ ਤੋਂ ਘੇਰਾਬੰਦੀ ਸ਼ੁਰੂ ਹੋ ਗਈ ਸੀ।

ਘੇਰਾਬੰਦੀ ਖ਼ਤਮ ਕਰਨ ਦੀ ਅਪੀਲ ਕਰਨ ਵਾਲਿਆਂ ’ਚ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਸ਼ਾਮਲ ਸਨ।

ਉਨ੍ਹਾਂ ਨੇ ਇੱਕ ਪੁਰਾਣੇ ਬਿਆਨ ’ਚ ਕਿਹਾ ਸੀ, ‘‘ਜੇਕਰ ਇਸ ਕਾਫ਼ਲੇ ’ਚ ਸ਼ਾਮਲ ਲੋਕ ਹੱਦ ਟੱਪ ਜਾਂਦੇ ਹਨ ਅਤੇ ਕਾਨੂੰਨ ਤੋੜਦੇ ਹਨ ਤਾਂ ਮੈਨੂੰ ਉਮੀਦ ਹੈ ਕਿ ਪੁਲਿਸ ਢੁਕਵੀਂ ਕਾਰਵਾਈ ਕਰੇਗੀ।’’