ਕੈਨੇਡਾ ਦਾ ਡਾਕ ਵਿਭਾਗ ਆਪਣੀਆਂ ਸਾਰੀਆਂ 14,000 ਗੱਡੀਆਂ ਨੂੰ ਕਰੇਗਾ ਇਲੈਕਟ੍ਰੀਫ਼ਾਈ

ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਸਾਰੇ ਦਾ ਸਾਰਾ 14,000 ਗੱਡੀਆਂ ਵਾਲਾ ਫ਼ਲੀਟ 2040 ਤੱਕ ਮੁਕੰਮਲ ਇਲੈਕਟ੍ਰੀਫ਼ਾਈ ਕਰ ਲਵੇਗਾ। ਇਹ ਡਾਕ ਵਿਭਾਗ ਦੇ 2050 ਤੱਕ ਸਿਫ਼ਰ ਉਤਸਰਜਨ ਦੇ ਟੀਚੇ ਪ੍ਰਾਪਤ ਕਰਨ ਦੀ ਯੋਜਨਾ ਦਾ ਹਿੱਸਾ ਹੋਵੇਗਾ।

ਆਪਣੇ ਫ਼ਲੀਟ ਦਾ ਕਾਇਆਕਲਪ ਕਰਨ ਲਈ ਵਿਭਾਗ 1 ਅਰਬ ਡਾਲਰ ਦਾ ਖ਼ਰਚ ਕਰੇਗਾ, ਜਿਸ ’ਚੋਂ 50% ਗੱਡੀਆਂ ਨੂੰ 2030 ਤੱਕ ਇਲੈਕਟ੍ਰਿਕ ਬਣਾ ਲਿਆ ਜਾਵੇਗਾ।

(ਤਸਵੀਰ: ਕੈਨੇਡਾ ਪੋਸਟ)

ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੱਗ ਐਟਿੰਜਰ ਨੇ ਕਿਹਾ, ‘‘ਸਾਡੀ ਕੈਨੇਡੀਅਨ ਲੋਕਾਂ ਪ੍ਰਤੀ, ਅਤੇ ਉਨ੍ਹਾਂ ਦੇ ਬੱਚਿਆਂ ਤੇ ਪੋਤਿਆਂ-ਪੋਤੀਆਂ, ਦੋਹਤੇ-ਦੋਹਤੀਆਂ ਪ੍ਰਤੀ ਵੀ ਜ਼ਿੰਮੇਵਾਰੀ ਹੈ, ਤਾਂ ਕਿ ਉਨ੍ਹਾਂ ਦਾ ਭਵਿੱਖ ਵਧੀਆ ਬਣ ਸਕੇ। ਕੈਨੇਡਾ ਪੋਸਟ ਕੋਲ ਦੇਸ਼ ਅੰਦਰ ਸਭ ਤੋਂ ਵੱਡਾ ਫ਼ਲੀਟ, 68,000 ਮੁਲਾਜ਼ਮ, ਵਿਸ਼ਾਲ ਜ਼ਮੀਨ-ਜਾਇਦਾਦ, ਅਤੇ ਵਿਆਪਕ ਸਪਲਾਈ ਚੇਨ ਹੈ। ਇਸ ਦੇ ਸਾਹਮਣੇ ਬਹੁਤ ਵੱਡੀ ਚੁਨੌਤੀ ਹੈ, ਅਤੇ ਸਾਨੂੰ ਪਤਾ ਹੈ ਕਿ ਆਪਣੀ ਆਵਾਜਾਈ ਨੂੰ ਹਰਿਤ ਕਰਨਾ ਕਿੰਨਾ ਮਹੱਤਵਪੂਰਨ ਹੈ। ਇਸੇ ਕਰਕੇ ਅਸੀਂ ਆਪਣੀਆਂ ਕਾਰਵਾਈਆਂ ਨੂੰ ਸਿਫ਼ਰ ਉਤਸਰਜਨ ਵਾਲਾ ਬਣਾਉਣ ਅਤੇ 2040 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਫ਼ਲੀਟ ਬਣਨ ਲਈ ਵਚਨਬੱਧ ਹਾਂ।’’

ਸੰਗਠਨ ਦੀ ਯੋਜਨਾ ਸਹੂਲਤਾਂ ਨੂੰ ਰੈਟਰੋਫ਼ਿੱਟ ਕਰਨ, ਸਿਫ਼ਰ ਉਤਸਰਜਨ ਇਮਾਰਤਾਂ ਬਣਾਉਣ, ਅਤੇ ਆਪਣੇ ਰੀਅਲ ਅਸਟੇਟ ਆਪਰੇਸ਼ਨਜ਼ ਲਈ ਨਵਿਆਉਣਯੋਗ ਊਰਜਾ ਸਰੋਤ ਪ੍ਰਾਪਤ ਕਰਨਾ ਵੀ ਹੈ।

ਇਸ ਨੇ ਪਹਿਲਾਂ ਹੀ ਸਕਾਰਬਰੋ, ਓਂਟਾਰੀਓ ’ਚ ਪਾਰਸਲ ਵੰਡਣ ਲਈ ਸਿਫ਼ਰ ਉਤਸਰਜਨ ਫ਼ੈਸਿਲਟੀ ਖੋਲ੍ਹ ਦਿੱਤੀ ਹੈ ਜੋ ਕਿ ਇੱਕ ਦਿਨ ’ਚ 10 ਲੱਖ ਤੋਂ ਜ਼ਿਆਦਾ ਪਾਰਸਲ ਸੰਭਾਲਣ ਦੇ ਸਮਰੱਥ ਹੈ। ਇਸ ਹਫ਼ਤੇ, ਕੈਨੇਡਾ ਪੋਸਟ ਨੇ ਇੱਕ ਇਲੈਕਟਿ੍ਰਕ ਵਹੀਕਲ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਇਹ ਪੱਛਮੀ ਡਾਊਨਟਾਊਨ ਓਟਾਵਾ ’ਤੇ ਪਰਖ ਵਜੋਂ ਚਲਾਏਗੀ। ਘੱਟ-ਗਤੀ ਵਾਲੀਆਂ ਇਨ੍ਹਾਂ ਗੱਡੀਆਂ ਦੀ ਰਫ਼ਤਾਰ ਸਿਰਫ਼ 40 ਕਿੱਲੋਮੀਟਰ ਪ੍ਰਤੀ ਘੰਟਾ ਤੱਕ ਹੀ ਜਾ ਸਕੇਗੀ ਅਤੇ ਇਨ੍ਹਾਂ ਦੀ ਪਰਖ ਅਗਲੇ ਪੂਰੇ ਸਾਲ ਤੱਕ ਚੱਲੇਗੀ।