ਕੈਨੇਡਾ ਨੇ ਨਵੇਂ ਟਰੇਲਰਾਂ ਲਈ ਜੀ.ਐਚ.ਜੀ. ਨਿਯਮ ਲਾਗੂ ਕਰਨ ਦੀ ਮਿਤੀ ਫਿਰ ਅੱਗੇ ਪਾਈ

Avatar photo
ਤਜਵੀਜ਼ਸ਼ੁਦਾ ਜੀ.ਐਚ.ਜੀ. ਫ਼ੇਜ਼ 2 ਮਾਨਕਾਂ ਹੇਠ ਟਰੇਲਰਾਂ ‘ਚ ਏਅਰੋਡਾਇਨਾਮਿਕ ਉਪਕਰਨ ਲਾਉਣ ਵਰਗੀਆਂ ਤਬਦੀਲੀਆਂ ਕਰਨੀਆਂ ਹੋਣਗੀਆਂ। (ਤਸਵੀਰ : ਆਈਸਟਾਕ)

ਓਟਾਵਾ, ਓਂਟਾਰੀਓ – ਕੈਨੇਡਾ ਨੇ ਇੱਕ ਵਾਰੀ ਫਿਰ, ਟਰੇਲਰਾਂ ਲਈ ਨਵੇਂ ਗ੍ਰੀਨਹਾਊਸ ਗੈਸ (ਜੀ.ਐਚ.ਜੀ.) ਉਤਸਰਜਨ ਮਾਨਕਾਂ ਨੂੰ ਲਾਗੂ ਕਰਨ ਦੀ ਮਿਤੀ ਅੱਗੇ ਪਾ ਦਿੱਤੀ ਹੈ। ਇਹ ਪਹਿਲਾਂ ਇਸ ਸਾਲ 1 ਜਨਵਰੀ ਤੋਂ ਲਾਗੂ ਹੋਣੇ ਸਨ।

ਮਿਤੀ ਨੂੰ ਅੱਗੇ ਪਾਉਣ ਬਾਰੇ ਵੇਰਵਾ 6 ਜੂਨ ਨੂੰ ਕੈਨੇਡਾ ਗਜ਼ਟ, ਪਾਰਟ 1, ‘ਚ ਜਾਰੀ ਕੀਤਾ ਗਿਆ ਅਤੇ ਇਨ੍ਹਾਂ ਨਿਯਮਾਂ ਨੂੰ ਅਗਲੇ ਇੱਕ ਸਾਲ ਲਈ ਜਾਂ ਇਸ ਫ਼ੈਸਲੇ ਨੂੰ ਖ਼ਤਮ ਕਰਨ ਲਈ ਜਾਰੀ ਨਵੀਂਆਂ ਹਦਾਇਤਾਂ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਵਾਤਾਵਰਣ ਵਿਭਾਗ ਹੁਣ ਇਸ ਗੱਲ ‘ਤੇ ਵਿਚਾਰ ਕਰ ਰਿਹਾ ਹੈ ਕਿ ਕੈਨੇਡਾ ਨੂੰ ਇਨ੍ਹਾਂ ਮਾਨਕਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ, ਇਨ੍ਹਾਂ ‘ਚ ਸੋਧ ਕਰਨੀ ਚਾਹੀਦੀ ਹੈ ਜਾਂ ਖ਼ਤਮ ਹੀ ਕਰ ਦੇਣਾ ਚਾਹੀਦਾ ਹੈ।

ਇਹ ਪਹਿਲੀ ਵਾਰੀ ਹੋਵੇਗਾ ਕਿ ਟਰੇਲਰਾਂ ‘ਤੇ ਉਤਸਰਜਨ ਨਾਲ ਸਬੰਧਤ ਮਾਨਕ ਸਥਾਪਤ ਕੀਤੇ ਜਾ ਰਹੇ ਹਨ ਜਿਨ੍ਹਾਂ ਹੇਠ ਏਅਰੋਡਾਇਨਾਮਿਕਸ ਅਪਗ੍ਰੇਡ, ਲੋਅ-ਰੋਲਿੰਗ-ਰੈਜਿਸਟੈਂਸ ਟਾਇਰ, ਭਾਰ ਘਟਾਉਣ ਅਤੇ ਟਾਇਰ ‘ਚ ਹਵਾ ਦਾ ਦਬਾਅ ਬਰਕਰਾਰ ਰੱਖਣ ਵਾਲੇ ਸਿਸਟਮ ਸਥਾਪਤ ਕਰਨ ਦੀ ਜ਼ਰੂਰਤ ਪਵੇਗੀ।

ਟਰੱਕਾਂ ‘ਤੇ ਨਿਯਮਾਂ ਨੂੰ ਭਾਵੇਂ ਲਾਗੂ ਕੀਤਾ ਗਿਆ ਹੈ, ਪਰ ਅਮਰੀਕਾ ਅਧਾਰਤ ਟਰੱਕ ਟਰੇਲਰ ਨਿਰਮਾਤਾ ਐਸੋਸੀਏਸ਼ਨ (ਟੀ.ਆਈ.ਐਮ.ਏ.) ਨੇ ਟਰੇਲਰਾਂ ਲਈ ਜੀ.ਐਚ.ਜੀ. ਫ਼ੇਜ਼ 2 ਦੇ ਨਿਯਮਾਂ ਵਿਰੁੱਧ ਕਾਨੂੰਨੀ ਚੁਨੌਤੀ ਦਾਇਰ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਕੋਲ ਅਜਿਹੀਆਂ ਗੱਡੀਆਂ ‘ਤੇ ਕੋਈ ਅਥਾਰਟੀ ਨਹੀਂ ਹੈ।

ਕੋਲੰਬੀਆ ਜ਼ਿਲੇ ਦੀ ਅਦਾਲਤ ਨੇ ਇਸ ਬਾਰੇ ਸੁਣਵਾਈ ਕੀਤੀ ਅਤੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ‘ਤੇ ਅਕਤੂਬਰ 2017 ‘ਚ ਰੋਕ ਲਾ ਦਿੱਤੀ ਸੀ। ਨਤੀਜੇ ਵੱਜੋਂ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ (ਈ.ਪੀ.ਏ.) ਨੇ ਅਜੇ ਤਕ ਕੋਈ ਸੋਧ ਨਹੀਂ ਸੁਝਾਈ ਹੈ।

ਭਾਵੇਂ ਕੈਨੇਡਾ ਦੇ ਵਾਤਾਵਰਣ ਬਾਰੇ ਨਿਯਮ ਸਰਹੱਦ ਦੇ ਇਸ ਪਾਰ ਅਦਾਲਤ ‘ਚ ਕਿਸੇ ਚੁਨੌਤੀ ਦੀ ਇਜਾਜ਼ਤ ਨਹੀਂ ਦਿੰਦੇ, ਉਪਕਰਣ ਨਿਰਮਾਤਾਵਾਂ ਨੇ ਕਈ ਹੋਰ ਚਿੰਤਾਵਾਂ ਵੀ ਪ੍ਰਗਟਾਈਆਂ ਹਨ ਜਿਨ੍ਹਾਂ ਦਾ ਨਿਪਟਾਰਾ ਕਰਨਾ ਲਾਜ਼ਮੀ ਹੈ- ਕਿ ਜੇਕਰ ਦੋਹਾਂ ਦੇਸ਼ਾਂ ‘ਚ ਨਿਯਮ ਵੱਖੋ-ਵੱਖ ਹੋਣਗੇ ਤਾਂ ਉਹ ਆਪਣੇ ਮੁਕਾਬਲੇਬਾਜ਼ਾਂ ਤੋਂ ਪਿੱਛੇ ਰਹਿ ਸਕਦੇ ਹਨ।

ਕੈਨੇਡੀਅਨ ਟਰਾਂਸਪੋਰਟੇਸ਼ਨ ਇਕੁਇਪਮੈਂਟ ਐਸੋਸੀਏਸ਼ਨ (ਸੀ.ਟੀ.ਈ.ਏ.) ‘ਚ ਸਰਕਾਰੀ ਅਤੇ ਉਦਯੋਗਿਕ ਸੰਬੰਧਾਂ ਦੇ ਡਾਇਰੈਕਟਰ ਡੋਨ ਮੂਰ ਨੇ ਕਿਹਾ, ”ਇਸ ਨਾਲ ਸਾਰੀ ਗਿਣਤੀ-ਮਿਣਤੀ ਬਦਲ ਜਾਂਦੀ ਹੈ, ਵਿਸ਼ੇਸ਼ ਕਰ ਕੇ ਲਾਗਤ ਦੇ ਮਾਮਲੇ ‘ਚ। ਟਾਇਰਾਂ ਅਤੇ ਟਾਇਰ ‘ਚ ਹਵਾ ਦਾ ਦਬਾਅ ਕਾਇਮ ਰੱਖਣ ਵਾਲੇ ਉਪਕਰਨਾਂ ਦੇ ਮਾਮਲੇ ‘ਚ ਵਿਸ਼ੇਸ਼ ਕਰ ਕੇ। ਜੇਕਰ ਇਹ ਨਿਯਮ ਅਮਰੀਕਾ ‘ਚ ਲਾਗੂ ਨਹੀਂ ਹੁੰਦਾ ਹੈ ਤਾਂ ਇਸ ਨਾਲ ਕੈਨੇਡਾ ‘ਚ ਟਰੇਲਰਾਂ ਦੀ ਕੀਮਤ ‘ਚ ਬਹੁਤ ਫ਼ਰਕ ਪਵੇਗਾ।”

ਅਜਿਹੇ ਨਿਯਮਾਂ ਨੂੰ ਕੈਨੇਡਾ ‘ਚ ਲਾਗੂ ਕਰਨ ਲਈ ਸਿਰਫ਼ ਇਹੀ ਇੱਕ ਰੇੜਕਾ ਨਹੀਂ ਹੈ।

ਇੱਥੇ, ਟਰੇਲਰ ਡੀਲਰਸ਼ਿਪਾਂ ਨੂੰ ਆਯਾਤ ਕਰਨ ਵਾਲਿਆਂ ‘ਚ ਸ਼ੁਮਾਰ ਕੀਤਾ ਜਾਂਦਾ ਹੈ, ਜਦਕਿ ਟਰੱਕ ਨਿਰਮਾਤਾਵਾਂ ਕੋਲ ਅਜਿਹੇ ਨਿਯਮਾਂ ਨਾਲ ਲੜਨ ਲਈ ਕੈਨੇਡਾ ‘ਚ ਆਪਣੀਆਂ ਵੱਖਰੀਆਂ ਡਿਵੀਜ਼ਨਾਂ ਹਨ। ਮੂਰ ਨੇ ਕਿਹਾ ਕਿ ਇਸ ਨਾਲ ਡੀਲਰਸ਼ਿਪ ਹੀ ‘ਨੈਸ਼ਨਲ ਇਮੀਸ਼ਨ ਮਾਰਕ’ ਵਰਗੀਆਂ ਚੀਜ਼ਾਂ ਟਰੇਲਰਾਂ ‘ਤੇ ਲਾਉਣ ਲਈ ਜ਼ਿੰਮੇਵਾਰ ਹੋਣਗੀਆਂ ਜਿਸ ਨਾਲ ਪੁਸ਼ਟੀ ਹੋ ਸਕੇ ਕਿ ਟਰੇਲਰ ਉਤਸਰਜਨ ਦੇ ਮਾਨਕਾਂ ਨੂੰ ਪੂਰਾ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਨਿਯਮਾਂ ‘ਚ ਇੱਕ ਚੋਰ-ਮੋਰੀ ਨਾਲ ਅਮਰੀਕੀ ਨਿਰਮਾਤਾ ਆਪਣੇ ਟਰੇਲਰਾਂ ਨੂੰ, ਨਿਯਮਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰਦਿਆਂ, ਕਈ ਡੀਲਰਸ਼ਿਪਾਂ ‘ਚ ਫੈਲਾਉਣ ਦੀ ਇਜਾਜ਼ਤ ਵੀ ਦਿੰਦੇ ਹਨ।

ਮੂਰ ਨੇ ਕਿਹਾ, ”ਜਿਥੋਂ ਤਕ ਨਿਯਮਾਂ ਨੂੰ ਲਾਗੂ ਨਾ ਕਰਨ ਦੀ ਗੱਲ ਹੈ, ਅਸੀਂ ਇਹ ਨਹੀਂ ਕਹਿ ਰਹੇ। ਪਰ ਇਨ੍ਹਾਂ ਛੋਟੇ-ਛੋਟੇ ਮੁੱਦਿਆਂ ਨਾਲ ਨਜਿੱਠਣ ਦੀ ਜ਼ਰੂਰਤ ਹੈ।”

ਵਾਤਾਵਰਣ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਜ਼ਿਆਦਾਤਰ ਟਰੇਲਰ ਨਿਰਮਾਤਾਵਾਂ ਕੋਲ 100 ਤੋਂ ਘੱਟ ਮੁਲਾਜ਼ਮ ਹਨ ਅਤੇ ਉਹ ਵਿਸ਼ੇਸ਼ ਟਰੇਲਰ ਬਣਾਉਣ ‘ਤੇ ਧਿਆਨ ਕੇਂਦਰਤ ਕਰਦੇ ਹਨ।

ਇਸ ‘ਚ ਕਿਹਾ ਗਿਆ ਹੈ, ”ਕੈਨੇਡੀਅਨ ਟਰੇਲਰ ਨਿਰਮਾਤਾਵਾਂ ਦੀ ਚਿੰਤਾ ਇਹ ਹੈ ਕਿ ਉਨ੍ਹਾਂ ਤੋਂ ਬਹੁਤ ਵੱਡੇ ਅਮਰੀਕੀ ਟਰੇਲਰ ਨਿਰਮਾਤਾ ਨਵੀਆਂ ਤਕਨੀਕਾਂ ਨੂੰ ਘੱਟ ਲਾਗਤ ‘ਤੇ ਆਸਾਨੀ ਨਾਲ ਲਾਗੂ ਕਰ ਸਕਦੇ ਹਨ।”

ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ‘ਚ ਦੇਰੀ ਕਰਨ ਵਾਲਾ ਸਿਰਫ਼ ਕੈਨੇਡਾ ਹੀ ਨਹੀਂ ਹੈ। ਕੈਲੇਫ਼ੋਰਨੀਆ ਏਅਰ ਰੀਸੋਰਸਿਜ਼ ਬੋਰਡ ਨੇ ਵੀ ਪਿਛਲੇ ਸਾਲ ਦਸੰਬਰ ਮਹੀਨੇ ‘ਚ ਐਲਾਨ ਕੀਤਾ ਸੀ ਕਿ ਉਹ ਜੀ.ਐਚ.ਜੀ.-ਸਬੰਧਤ ਟਰੇਲਰ ਮਾਨਕਾਂ ਨੂੰ ਲਾਗੂ ਕਰਨ ਦੀ ਮਿਤੀ 22 ਜਨਵਰੀ, 2022 ਤਕ ਮੁਲਤਵੀ ਕਰ ਰਿਹਾ ਹੈ, ਕਿਉਂਕਿ ਅਮਰੀਕੀ ਫ਼ੈਡਰਲ ਕੋਰਟ ‘ਚ ਇਸ ਵਿਰੁੱਧ ਕੇਸ ਹੈ ਅਤੇ ਇਸ ‘ਤੇ ਕਾਨੂੰਨੀ ਰੋਕ ਲੱਗੀ ਹੋਈ ਹੈ।

ਵਾਤਾਵਰਣ ਵਿਭਾਗ ਦੇ ਅੰਦਾਜ਼ੇ ਅਨੁਸਾਰ ਕੈਨੇਡੀਅਨ ਮਾਨਕਾਂ ਨੂੰ ਇੱਕ ਸਾਲ ਤਕ ਮੁਲਤਵੀ ਕਰਨ ਨਾਲ 2020 ਅਤੇ 2021 ਮਾਡਲ ਵਰ੍ਹੇ ਦੇ ਟਰੇਲਰਾਂ ਨਾਲ ਸਬੰਧਤ ਜੀ.ਐਚ.ਜੀ. ਉਤਸਰਜਨ ‘ਚ 0.8 ਮੀਟ੍ਰਿਕ ਟਨ ਦੀ ਕਾਰਬਨ ਡਾਈਆਕਸਾਈਡ ਦਾ ਵਾਧਾ ਹੋਵੇਗਾ।

ਹਾਲਾਂਕਿ ਸੜਕ ‘ਤੇ ਹੈਵੀ-ਡਿਊਟੀ ਵਹੀਕਲਾਂ ਅਤੇ ਇੰਜਣਾਂ ਨੂੰ ਜੀ.ਐਚ.ਜੀ. ਫ਼ੇਜ਼ 2 ਉਤਸਰਜਨ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ, ਜੋ ਕਿ 2021 ਮਾਡਲ ਵਰ੍ਹੇ ‘ਚ ਸ਼ੁਰੂ ਹੋ ਰਹੇ ਹਨ।