ਕੋਵਿਡ-19 ਤੋਂ ਬਾਅਦ ਦੀ ਦੁਨੀਆਂ ‘ਚ ਬਦਲ ਜਾਵੇਗੀ ਵੰਡ ਵਿਵਸਥਾ

Avatar photo
ਕੋਵਿਡ-19 ਦੇ ਦੌਰ ‘ਚ ਵੰਡ ਵਿਵਸਥਾ ਦੇ ਮਾਡਲ ਬਦਲ ਰਹੇ ਹਨ। (ਤਸਵੀਰ : ਆਈਸਟਾਕ)

ਕੋਵਿਡ-19 ਕਰ ਕੇ ਲੱਗੀਆਂ ਪਾਬੰਦੀਆਂ ਨੂੰ ਸਰਕਾਰਾਂ ਹੌਲੀ-ਹੌਲੀ ਖੋਲ੍ਹਣ ਜਾ ਰਹੀਆਂ ਹਨ। ਪਰ ਓਮਨੀਟਰੈਕਸ ਦੇ ਸੇਲਜ਼ ਇਨੇਬਲਮੈਂਟ ਬਾਰੇ ਵਾਇਸ-ਪ੍ਰੈਜ਼ੀਡੈਂਟ ਸਿੰਡੀ ਬਰੈਂਡ ਨੂੰ ਪਤਾ ਹੈ ਕਿ ਵੰਡ ਵਿਵਸਥਾ ਬਦਲ ਚੁੱਕੀ ਹੈ ਅਤੇ ਕੁੱਝ ਅਦਾਰੇ ਕਦੇ ਵੀ ਨਹੀਂ ਖੁੱਲ੍ਹਣਗੇ।

ਕੋਵਿਡ-19 ਤੋਂ ਬਾਅਦ ਦੀ ਦੁਨੀਆਂ ਬਾਰੇ ਇੱਕ ਵੈੱਬੀਨਾਰ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ, ”ਕਾਰੋਬਾਰ ਹੁਣ ਪਹਿਲਾਂ ਵਾਲਾ ਨਹੀਂ ਰਹਿਣ ਵਾਲਾ ਹੈ। ਮੰਗ ਦਾ ਸਰੂਪ ਹੁਣੇ ਤੋਂ ਬਦਲ ਗਿਆ ਹੈ… ਐਮਾਜ਼ੋਨ, ਵਾਲਮਾਰਟ, ਇੰਸਟਾਕਾਰਟ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।”

ਅਜਿਹੇ ਸੰਘਰਸ਼ ਤੋਂ ਹੋਰ ਕਾਰੋਬਾਰ ਖ਼ੁਸ਼ ਹੋਣਗੇ।

ਆਨਲਾਈਨ ਸ਼ਾਪਿੰਗ ‘ਚ ਵਾਧਾ ਹੋਇਆ ਹੈ, ਜਿਸ ਨਾਲ ਉਨ੍ਹਾਂ ਦੀ ਵੰਡ ਵਿਵਸਥਾ ‘ਤੇ ਬਹੁਤ ਬੋਝ ਪੈ ਗਿਆ ਹੈ, ਦੂਜੇ ਪਾਸੇ ਰੇਸਤਰਾਂ ਇਹ ਸੋਚ ਰਹੇ ਹਨ ਕਿ ਘੱਟ ਲੋਕਾਂ ਨੂੰ ਬਿਠਾਉਣ ਦੀਆਂ ਪਾਬੰਦੀਆਂ ਕਰ ਕੇ ਉਹ ਕਿਸ ਤਰ੍ਹਾਂ ਚਲ ਸਕਣਗੇ।

ਬਰੈਂਡ ਨੇ ਕਿਹਾ ਕਿ ਜਿਹੜੇ ਗ੍ਰਾਹਕ ਪਹਿਲਾਂ ਤੁਹਾਡੇ ਕੋਲ ਆਉਂਦੇ ਸਨ, ਹੋ ਸਕਦਾ ਹੈ ਕਿ ਉਹ ਤਾਲਾਬੰਦੀ ਦੀ ਮਾਰ ਨਾ ਸਹਿ ਸਕੇ ਹੋਣ। ਇੱਥੋਂ ਤਕ ਕਿ ਜਿਹੜੇ ਸਟੋਰਫ਼ਰੰਟ ਕਾਰੋਬਾਰਾਂ ਨੇ ਕਰਬਸਾਈਡ ਪਿਕਅੱਪ ਸੇਵਾਵਾਂ ਸ਼ੁਰੂ ਕੀਤੀਆਂ ਸਨ, ਉਨ੍ਹਾਂ ਨੂੰ ਵੀ ਪਹਿਲਾਂ ਜਿੰਨੇ ਗਾਹਕ ਨਹੀਂ ਮਿਲ ਰਹੇ ਹਨ।

ਪ੍ਰੋਡਕਟ ਮੈਨੇਜਮੈਂਟ ਬਾਰੇ ਸੀਨੀਅਰ ਡਾਇਰੈਕਟਰ ਡੇਵਿਡ ਪਾਲੇ ਨੇ ਦੁਕਾਨਾਂ ‘ਚ ਜਾ ਕੇ ਖ਼ਰੀਦਦਾਰੀ ਤੋਂ ਹਟ ਕੇ ਵੱਡੇ ਪੱਧਰ ‘ਤੇ ਘਰ ‘ਚ ਹੀ ਡਿਲੀਵਰੀ ਪ੍ਰਾਪਤ ਕਰਨ ਬਾਰੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਕੁੱਝ ਕੰਪਨੀਆਂ ਨੇ ਪ੍ਰੋਐਕਟਿਵ ਅਲਰਟ, ਕਮਿਊਨੀਕੇਟਡ ਈ.ਟੀ.ਏ. ਅਤੇ ਲਾਈਵ ਟਰੈਕਿੰਗ ਵਰਗੇ ਟੈਲੀਮੈਟਿਕਸ ਟੂਲਜ਼ ਅਪਣਾ ਕੇ ਅਜਿਹੇ ਕਾਰੋਬਾਰੀ ਮੌਕਿਆਂ ਦਾ ਭਰਪੂਰ ਫ਼ਾਇਦਾ ਚੁੱਕਿਆ ਹੈ। ਹਰ ਵੇਲੇ ਹਸਤਾਖ਼ਰਾਂ ਦੀ ਜ਼ਰੂਰਤ ਨਹੀਂ ਪੈਂਦੀ, ਜਿਸ ਨਾਲ ਸੰਪਰਕਹੀਣ ਡਿਲੀਵਰੀ ਦੇ ਵਿਚਾਰ ਨੂੰ ਬਲ ਮਿਲਿਆ ਹੈ।

ਪਰ ਉਨ੍ਹਾਂ ਨੇ ਭੋਜਨ ਸੇਵਾਵਾਂ ਦੇਣ ਵਾਲਿਆਂ ਦੀਆਂ ਵਿਸ਼ੇਸ਼ ਚੁਨੌਤੀਆਂ ਦੀ ਗੱਲ ਕੀਤੀ ਜਿਨ੍ਹਾਂ ਨੂੰ ‘ਰੋਜ਼ੀ-ਰੋਟੀ’ ਕਮਾਉਣ ਲਈ ਰਵਾਇਤੀ ਤੌਰ ‘ਤੇ ਆਨ-ਪ੍ਰੀਮੀਸਿਜ਼ ਸਥਾਪਨਾਵਾਂ ਵਜੋਂ ਵੇਖਿਆ ਜਾਂਦਾ ਹੈ। ਚੇਨ ਰੇਸਤਰਾਂ ਦੀ ਆਪਣੀ ਖ਼ੁਦ ਦੀ ਸਪਲਾਈ ਚੇਨ ਹੁੰਦੀ ਹੈ। ਇੱਥੋਂ ਤਕ ਕਿ ਬੀਅਰ ਦੇ ਥੋਕ ਵਿਕ੍ਰੇਤਾ ਵੀ, ਨਵੇਂ ਵਿਕਰੀ ਸਾਧਨ ਲੱਭਣ ਦੌਰਾਨ ਬਾਰ ਅਤੇ ਰੇਸਤਰਾਂ ਨਾਲ ਸਬੰਧਤ ਆਪਣੇ ਨੁਕਸਾਨ ਨੂੰ ਪੂਰਾ ਕਰਨ ‘ਚ ਅਸਫ਼ਲ ਰਹੇ ਹਨ।

ਉਨ੍ਹਾਂ ਕਿਹਾ ਕਿ ਕੂੜਾ-ਕਰਕਟ ਇਕੱਠਾ ਕਰਨ ਦੀ ਮਾਤਰਾ ‘ਤੇ ਵੀ ਅਸਰ ਪਿਆ ਹੈ। ਕਮਰਸ਼ੀਅਲ ਕੂੜਾ-ਕਰਕਟ ਦੀ ਮਾਤਰਾ 80-90% ਘੱਟ ਗਈ ਹੈ, ਜਦਕਿ ਘਰੇਲੂ ਕੂੜਾ-ਕਰਕਟ ਦੀ ਮਾਤਰਾ 25% ਵੱਧ ਗਈ ਹੈ।

ਵੰਡ ਵਿਵਸਥਾ ਦੇ ਦੋਵੇਂ ਪਾਸੇ ਚੁਨੌਤੀਆਂ ਹਨ। ਕੁੱਝ ਕਾਰੋਬਾਰ ਕਮੀ ਕਰ ਕੇ ਸੰਘਰਸ਼ ਕਰ ਰਹੇ ਹਨ, ਜਦਕਿ ਕੁੱਝ ਵਧੀ ਹੋਈ ਮੰਗ ਨੂੰ ਪੂਰੀ ਨਹੀਂ ਕਰ ਪਾ ਰਹੇ – ਵਿਸ਼ੇਸ਼ ਕਰ ਕੇ ਤੇਜ਼ੀ ਨਾਲ ਵਿਕਣ ਵਾਲੀਆਂ ਚੀਜ਼ਾਂ ਦੇ ਮਾਮਲੇ ‘ਚ।

ਪਾਲੇ ਨੇ ਕਿਹਾ, ”ਸਮਾਨ ਨੂੰ ਰੱਖਣ ਲਈ ਗੋਦਾਮਾਂ ਅਤੇ ਟਰੱਕਾਂ ‘ਚ ਥਾਂ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਕਾਰੋਬਾਰਾਂ ਨੂੰ ਅਜਿਹੀਆਂ ਐਸ.ਕੇ.ਯੂ. ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜੋ ਵਿਕ ਰਹੀਆਂ ਹਨ, ਅਤੇ ਘੱਟ ਵਿਕਣ ਵਾਲੀਆਂ ਚੀਜ਼ਾਂ ਹਟਾਉਣ ਦੀ ਜ਼ਰੂਰਤ ਪਵੇਗੀ।

ਡਿਲੀਵਰ ਕੀਤੇ ਜਾ ਰਹੇ ਉਤਪਾਦਾਂ ‘ਤੇ ਇੱਕ ਨਜ਼ਰ ਮਾਰਨ ਨਾਲ ਗਾਹਕਾਂ ਦੀ ਗਿਣਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਯੂਨਾਈਟਡ ਕਿੰਗਡਮ ‘ਚ ਇੱਕ ਰਿਟੇਲਰ ਦਾ ਉਦਾਹਰਣ ਦਿੱਤਾ ਜੋ ਕਿ ਆਪਣੀ ਡਿਲੀਵਰੀ ‘ਚੋਂ ਸਿਰਫ਼ ਫੁੱਲ ਅਤੇ ਪਾਣੀ ਦੀਆਂ ਬੋਤਲਾਂ ਹਟਾਉਣ ਨਾਲ ਪ੍ਰਤੀ ਹਫ਼ਤਾ 6 ਹਜ਼ਾਰ ਵੱਧ ਘਰਾਂ ਤਕ ਸਮਾਨ ਪਹੁੰਚਾ ਸਕਿਆ ਸੀ।

ਇੱਥੋਂ ਤਕ ਕਿ ਨਵੀਂਆਂ ਜ਼ਰੂਰਤਾਂ ‘ਚ ਸ਼ਾਮਲ ਵਿਅਕਤੀਗਤ ਸੁਰੱਖਿਆ ਉਪਕਰਨ (ਪੀ.ਪੀ.ਈ.) ਵੀ ਡਿਲੀਵਰੀ ਸਮੇਂ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸਿਫ਼ਟ ਦੀ ਸ਼ੁਰੂਆਤ ਅਤੇ ਅਖ਼ੀਰ ‘ਚ ਲਾਗੂ ਕੀਤੀ ਪ੍ਰੋਟੋਕਾਲ ‘ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ। ਹਰ ਰੁਕਣ ਵਾਲੀ ਥਾਂ ‘ਤੇ ਪੀ.ਪੀ.ਈ. ਪਾਉਣ ‘ਚ 30 ਸਕਿੰਟ ਜਾਂ ਇਸ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ। ਭਾਵੇਂ ਇਹ ਸਮਾਂ ਬਹੁਤ ਨਾ ਲਗਦਾ ਹੋਵੇ ਪਰ ਪੂਰੇ ਦਿਨ ਦੇ ਕੰਮ ਨੂੰ ਵੇਖਦਿਆਂ ਇਹ ਸਮਾਂ ਕੰਮ ‘ਤੇ ਕਾਫ਼ੀ ਅਸਰ ਪਾ ਸਕਦਾ ਹੈ।

ਉਨ੍ਹਾਂ ਕਿਹਾ, ”ਹਰ ਮਿੰਟ ਕੀਮਤੀ ਹੁੰਦਾ ਹੈ, ਅਤੇ ਕਈ ਵਾਰੀ ਇਸ ਦਾ ਮਤਲਬ ਹੁੰਦਾ ਹੈ ਕਿ ਇੱਕ ਹੋਰ ਥਾਂ ਸਾਮਾਨ ਪਹੁੰਚਣ ਤੋਂ ਰਹਿ ਗਿਆ।”

ਕਾਰੋਬਾਰਾਂ ਨੂੰ ਆਉਣ ਵਾਲੀਆਂ ਸ਼ਿਫ਼ਟਾਂ ਲਈ ਤਿਆਰੀ ਕਰਨ ਵਜੋਂ ਪਾਲੇ ਨੇ ਸਲਾਹ ਦਿੱਤੀ ਕਿ ਉਹ ਇੱਕ ਅਜਿਹਾ ਮਾਡਲ ਤਿਆਰ ਕਰਨ ਜਿਸ ‘ਚ ਇਹ ਦੱਸਿਆ ਗਿਆ ਹੋਵੇ ਕਿ ਪਾਬੰਦੀਸ਼ੁਦਾ ਕਾਰਵਾਈਆਂ ਦੇ ਮੁਕਾਬਲੇ ‘ਕੰਮ ਕਰਨ ਦਾ ਨਵਾਂ ਮਾਹੌਲ’ ਕਿਸ ਤਰ੍ਹਾਂ ਦਾ ਲਗਦਾ ਹੈ, ਇਸ ਤਬਦੀਲੀ ਨੂੰ ਲਾਗੂ ਕਰਨ ਲਈ ਕਿੰਨਾ ਕੁ ਸਮਾਂ ਲੱਗੇਗਾ ਅਤੇ ਜੇਕਰ ਪਾਬੰਦੀਆਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਹੈ ਤਾਂ ਕੀ ਹੋਵੇਗਾ।

ਹਾਲਾਂਕਿ ਇਸ ਤਰ੍ਹਾਂ ਦੀ ਮਾਡਲਿੰਗ ਕਰਨ ਲਈ ਰੋਜ਼ਾਨਾ ਆਰਡਰਾਂ, ਭਾਰ ਅਤੇ ਸਟਾਪ ‘ਤੇ ਧਿਆਨ ਕੇਂਦਰਤ ਕਰਨ ਵਾਲੇ ਰਾਊਟਿੰਗ ਟੂਲਜ਼ ਤੋਂ ਵੀ ਵੱਧ ਬਹੁਤ ਕੁੱਝ ਚਾਹੀਦਾ ਹੋਵੇਗਾ। ਇਸ ਯੋਜਨਾਬੰਦੀ ਦੀ ਨਵੀਂ ਪਰਤ ਲਈ ਲੋੜੀਂਦੇ ਅੰਕੜੇ ਇਕੱਠੇ ਕਰਨ ਲਈ ਕਈ ਦਿਨ ਅਤੇ ਹਫ਼ਤੇ ਲੱਗ ਸਕਦੇ ਹਨ।

ਉਨ੍ਹਾਂ ਕਿਹਾ, ”ਫ਼ੁਰਤੀਲਾ, ਗਤੀਸ਼ੀਲ ਰਾਊਟਿੰਗ ਟੂਲ ਕਿਸੇ ਵੀ ਤਰ੍ਹਾਂ ਤੁਹਾਨੂੰ ਇਹ ਸੱਭ ਨਹੀਂ ਕਰਨ ਦੇਵੇਗਾ।”

ਅੱਜ ਦੇ ਯਥਾਰਥ ਅਨੁਸਾਰ ਰਵਾਇਤੀ ਯੋਜਨਾਬੰਦੀ ਤੋਂ ਹਟ ਕੇ ਸੋਚਣ ਦੀ ਜ਼ਰੂਰਤ ਹੈ, ਜਿਸ ਲਈ ਪਿਛਲੇ ਛੇ ਤੋਂ 12 ਮਹੀਨਿਆਂ ਦੇ ਅੰਕੜਿਆਂ ਨੂੰ ਘੋਖਣ ਦੀ ਜ਼ਰੂਰਤ ਹੁੰਦੀ ਸੀ।

ਉਨ੍ਹਾਂ ਕਿਹਾ, ”ਪਿਛਲੇ ਛੇ ਤੋਂ 12 ਮਹੀਨਿਆਂ ਦੇ ਅੰਕੜੇ ਇਸ ਦੇ ਸੂਚਕ ਨਹੀਂ ਹੋ ਸਕਦੇ ਕਿ ਅਸੀਂ ਆਉਣ ਵਾਲੇ ਕੁੱਝ ਸਮੇਂ ਦੌਰਾਨ ਕੀ ਕਰਨਾ ਚਾਹੁੰਦੇ ਹਾਂ।”

ਕਾਰੋਬਾਰ ਅਜਿਹੀਆਂ ਚੀਜ਼ਾਂ ਲਈ ਯੋਜਨਾਬੰਦੀ ਕਰਦੇ ਹਨ ਜਿਨ੍ਹਾਂ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੋਵੇ ਅਤੇ 2007 ਦੇ ਹਾਊਸਿੰਗ ਕਰੈਸ਼, ਰਲੇਵੇਂ ਅਤੇ ਐਕੁਈਜ਼ੀਸ਼ਨ, ਜਾਂ ਅਚਾਨਕ ਤਬਦੀਲ ਹੋਣ ਵਾਲੀ ਗਾਹਕਾਂ ਦੀ ਪਸੰਦ ਵਰਗੀਆਂ ਗੱਲਾਂ ਲਈ ਆਕਸਮਿਕ ਯੋਜਨਾਬੰਦੀ ਨਹੀਂ ਕਰਦੇ। ਉਨ੍ਹਾਂ ਅਨੁਸਾਰ, ”ਅਸੀਂ ਉਦੋਂ ਤਕ ਉਡੀਕ ਕਰਦੇ ਹਾਂ ਜਦੋਂ ਤਕ ਕੁੱਝ ਹੋ ਨਹੀਂ ਜਾਂਦਾ।”

ਪਰ ਉਦੋਂ ਤਕ ਉਨ੍ਹਾਂ ਦਾ ਬਹੁਤ ਸਾਰਾ ਸਮਾਂ ਬਰਬਾਦ ਹੋ ਜਾਂਦਾ ਹੈ।

ਬਰੈਂਡ ਨੇ ਕਿਹਾ, ”ਆਕਸਮਿਕ ਯੋਜਨਾਬੰਦੀ ਕਰਨ ਦੌਰਾਨ ਮੰਗ ‘ਚ ਬਹੁਤ ਜ਼ਿਆਦਾ ਵਾਧਾ ਜਾਂ ਘਾਟਾ ਹੋ ਸਕਦਾ ਹੈ।”

ਇੱਕ ਹੋਰ ਗੱਲ ‘ਤੇ ਵਿਚਾਰ ਕਰਨ ਦੀ ਜ਼ਰੂਰਤ ਵੱਲ ਜ਼ੋਰ ਦਿੰਦਿਆਂ ਉਨ੍ਹਾਂ ਸਵਾਲ ਕੀਤਾ, ”ਜੇਕਰ ਤੁਹਾਡੇ ਕੋਲ ਇੱਕਦਮ ਕਾਮਿਆਂ ਦੀ ਗਿਣਤੀ ਬਹੁਤ ਜ਼ਿਆਦਾ ਜਾਂ ਘੱਟ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ?”

ਇਹ ਸੱਭ ‘ਕੰਮ ਕਰਨ ਦੇ ਨਵੇਂ ਮਾਹੌਲ’ ਦਾ ਹਿੱਸਾ ਬਣਨ ਵਾਲੇ ਹਨ।

ਮਹਾਂਮਾਰੀ ਸਮੇਂ ਦਾ ਵਤੀਰਾ

ਕੋਵਿਡ-19 ‘ਚ ਗ੍ਰਾਹਕਾਂ ਦੀ ਪਸੰਦ ਅਤੇ ਵੰਡ ਵਿਵਸਥਾ ‘ਤੇ ਅਸਰ

ਓਮਨੀਟਰੈਕਸ ਦੀ ਵਿਕਰੀ ਬਾਰੇ ਵਾਇਸ-ਪ੍ਰੈਜ਼ੀਡੈਂਟ ਸਿੰਡੀ ਬਰੈਂਡ, ਨੀਲਸਨ ਵੱਲੋਂ ਪਛਾਣੀਆਂ ਗਈਆਂ ਗਾਹਕਾਂ ਦੀਆਂ ਛੇ ਰੁਚੀਆਂ ਦੀ ਉਦਾਹਰਨ ਦਿੰਦੇ ਹਨ, ਜਿਸ ‘ਚੋਂ ਹਰ ਕਿਸੇ ਦਾ ਸਪਲਾਈ ਲੜੀ ‘ਤੇ ਅਸਰ ਪਵੇਗਾ:

ਸਿਹਤ ਨੂੰ ਧਿਆਨ ‘ਚ ਰਖਦਿਆਂ ਖ਼ਰੀਦਦਾਰੀ:-

ਸਥਾਨਕ ਪੱਧਰ ‘ਤੇ ਕੋਵਿਡ-19 ਦੇ ਕੇਸ ਵਧਣ ਨਾਲ, ਅਜਿਹੇ ਉਤਪਾਦ ‘ਚ ਲੋਕਾਂ ਦੀ ਰੁਚੀ ਵਧੀ ਜੋ ਕਿ ਸਿਹਤ ਅਤੇ ਤੰਦਰੁਸਤੀ ‘ਚ ਵਾਧਾ ਕਰਦੇ ਹਨ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ, ”ਅਸੀਂ ਸਾਰਿਆਂ ਨੇ ਇਸ ਦੌਰਾਨ ਸਬਜ਼ੀਆਂ ਖ਼ਰੀਦਣਾ ਸ਼ੁਰੂ ਕਰ ਦਿੱਤਾ।”

ਪ੍ਰਤੀਕਿਰਿਆਤਮਕ ਸਿਹਤ ਪ੍ਰਬੰਧਨ:-

ਸਥਾਨਕ ਪੱਧਰ ‘ਤੇ ਮਹਾਂਮਾਰੀ ਫੈਲਣ ਦੀਆਂ ਖ਼ਬਰਾਂ, ਅਤੇ ਸਰਕਾਰੀ ਸਿਹਤ ਅਤੇ ਸੁਰੱਖਿਆ ਮੁਹਿੰਮਾਂ ਤੋਂ ਬਾਅਦ, ਫ਼ੇਸ ਮਾਸਕ ਵਰਗੀਆਂ ਸਿਹਤ ਅਤੇ ਜਨਤਕ ਸੁਰੱਖਿਆ ਵਰਗੀਆਂ ਵਸਤਾਂ ਦੀ ਸਪਲਾਈ ਚੇਨ ਨੂੰ ਪਹਿਲ ਦਿੱਤੀ ਗਈ।

ਭੰਡਾਰਨ ਦੀ ਤਿਆਰੀ:

ਏਕਾਂਤਵਾਸ ਅਤੇ ਸਰਹੱਦਾਂ ਬੰਦ ਹੋਣ ਤੋਂ ਬਾਅਦ ਗਾਹਕਾਂ ਨੇ ਭੋਜਨ ਅਤੇ ਸਿਹਤ ਤੇ ਸੁਰੱਖਿਆ ਉਤਪਾਦਾਂ ਦੀ ਘਰਾਂ ‘ਚ ਜਮਾਂਖੋਰੀ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ, ”ਇੱਥੋਂ ਜਮਾਂਖੋਰੀ ਸ਼ੁਰੂ ਹੁੰਦੀ ਹੈ। ਦੁਕਾਨਾਂ ‘ਚ ਜਾਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੁੰਦਾ ਹੈ, ਖ਼ਰੀਦੇ ਜਾਣ ਵਾਲਾ ਸਮਾਨ ਵਧਦਾ ਹੈ।”

ਏਕਾਂਤਵਾਸ ‘ਚ ਰਹਿਣ ਦੀ ਤਿਆਰੀ:-

ਸਕੂਲ ਅਤੇ ਜਨਤਕ ਥਾਵਾਂ ਬੰਦ ਹੋਣ ਅਤੇ ਸਥਾਨਕ ਕੋਵਿਡ-19 ਹੰਗਾਮੀ ਕਾਰਵਾਈਆਂ ਸ਼ੁਰੂ ਹੋਣ ਨਾਲ ਆਨਲਾਈਨ ਖ਼ਰੀਦਦਾਰੀ ਵਧੀ ਅਤੇ ਦੁਕਾਨਾਂ ‘ਚ ਜਾਣਾ ਘੱਟ ਹੋਇਆ। ਇੰਸਟਾਕਾਰਟ ਅਤੇ ਐਮਾਜ਼ੋਨ ਵਰਗੇ ਕਾਰੋਬਾਰਾਂ ਨੂੰ ਲਾਭ ਹੋਣ ਲੱਗਾ। ”ਇਹ ਉਸ ਸਮਾਂ ਸੀ ਜਦੋਂ ਸਾਡੀ ਸਪਲਾਈ ਚੇਨ ‘ਤੇ ਬੋਝ ਪੈਣਾ ਸ਼ੁਰੂ ਹੋਇਆ।”

ਪਾਬੰਦੀਆਂ ‘ਚ ਜ਼ਿੰਦਗੀ:

ਇਸ ਵੇਲੇ ਅਸੀਂ ਤਾਲਾਬੰਦੀ ਦੇ ਸਮਾਜ ‘ਚ ਰਹਿ ਰਹੇ ਹਾਂ, ਰੇਸਤਰਾਂ ਬੰਦ ਹਨ ਅਤੇ ਇਕੱਠਾਂ ‘ਤੇ ਰੋਕ ਹੈ। ਉਨ੍ਹਾਂ ਕਿਹਾ, ”ਜ਼ਿੰਦਗੀ ਰੁਕ ਜਹੀ ਗਈ ਹੈ” ਅਤੇ ਕੀਮਤਾਂ ਵੀ ਵੱਧਣ ਲੱਗੀਆਂ ਹਨ।

ਨਵੀਂ ਦੁਨੀਆਂ ‘ਚ ਜ਼ਿੰਦਗੀ:

ਜਿਉਂ ਜਿਉਂ ਲੋਕਾਂ ਦਾ ਏਕਾਂਤਵਾਸ ਖ਼ਤਮ ਹੁੰਦਾ ਜਾ ਰਿਹਾ ਹੈ, ਇਹ ਸਾਰਾ ਕੁੱਝ ‘ਕੰਮ ਕਰਨ ਦੇ ਨਵੇਂ ਮਾਹੌਲ ‘ਚ’ ਤਬਦੀਲ ਹੋਣ ਜਾ ਰਿਹਾ ਹੈ। ਪਰ ਈ-ਕਾਮਰਸ ਦਾ ਪ੍ਰਯੋਗ ਅਤੇ ਸਾਫ਼-ਸਫ਼ਾਈ ਦੀਆਂ ਆਦਤਾਂ ਉਸੇ ਤਰ੍ਹਾਂ ਬਣੀਆਂ ਰਹਿਣਗੀਆਂ।

ਉਨ੍ਹਾਂ ਕਿਹਾ, ”ਬਹੁਤ ਸਾਰੀਆਂ ਛੋਟੀਆਂ ਛੋਟੀਆਂ ਪਾਬੰਦੀਆਂ ਖ਼ਤਮ ਹੋ ਜਾਣਗੀਆਂ। ਲੋਕ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨਵੇਂ ਢੰਗ-ਤਰੀਕਿਆਂ ਨਾਲ ਕਿਸ ਤਰ੍ਹਾਂ ਵਿਚਰਿਆ ਜਾਵੇ।”