ਚੈਲੰਜਰ ਬਣਿਆ ਉੱਤਰੀ ਅਮਰੀਕਾ ਦਾ ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ

Avatar photo

ਚੈਲੰਜਰ ਮੋਟਰ ਫ਼ਰੇਟ ਨੂੰ ਡਰਾਈਵ ਕਰਨ ਲਈ ਉੱਤਰੀ ਅਮਰੀਕਾ ਦਾ ਬਿਤਹਰੀਨ ਫ਼ਲੀਟ ਐਲਾਨ ਦਿੱਤਾ ਗਿਆ ਹੈ। ਚੈਲੰਜਰ ਮੋਟਰ ਫ਼ਰੇਟ ਨੂੰ ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਦੀ ਸਾਲਾਨਾ ਕਾਨਫ਼ਰੰਸ ’ਚ ਇਹ ਪੁਰਸਕਾਰ ਵਿਸ਼ਾਲ ਫ਼ਲੀਟ ਸ਼੍ਰੇਣੀ ’ਚ ਮਿਲਿਆ।

ਚੈਲੰਜਰ ਦੇ ਪ੍ਰੈਜ਼ੀਡੈਂਟ ਅਤੇ ਚੀਫ਼ ਆਪਰੇਟਿੰਗ ਅਫ਼ਸਰ ਜਿਮ ਪੀਪਲਸ ਨੇ Trucknews.com ਨੂੰ ਕਿਹਾ, ‘‘ਇੱਥੇ ਤੱਕ ਪੁੱਜਣ ਲਈ ਸਾਨੂੰ ਲੰਮਾ ਪੈਂਡਾ ਤੈਅ ਕਰਨਾ ਪਿਆ।’’

ਉਨ੍ਹਾਂ ਕਿਹਾ, ‘‘ਅਸੀਂ ਆਪਣਾ ਸਫ਼ਰ ਲਗਭਗ ਸੱਤ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਇਹ ਪ੍ਰਾਪਤੀ ਅਸੀਂ ਇੱਕ ਸਾਲ ’ਚ ਹਾਸਲ ਨਹੀਂ ਕੀਤੀ ਬਲਕਿ ਇਹ ਪਿਛਲੇ ਸੱਤ ਸਾਲਾਂ ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਸੀ।’’

ਉਨ੍ਹਾਂ ਨੇ ਫ਼ਲੀਟ ਦਾ ਸਫ਼ਲਤਾ ਦਾ ਸਿਹਰਾ ਡਰਾਈਵਰਾਂ ਨੂੰ ਦਿੱਤਾ ਜੋ ਕਿ ਕੰਪਨੀ ਵੱਲੋਂ ਇਸ ਨੂੰ ਚੰਗੀ ਕੰਮਕਾਜ ਕਰਨ ਦੀ ਥਾਂ ਬਣਾਉਣ ਦੀ ਪਹਿਲ ਕਰਕੇ ਦੋ ਸਾਲਾਂ ਤੱਕ ਸੰਕਟ ਦੇ ਸਮੇਂ ’ਚ ਵੀ ਲੋਡ ਢੋਂਦੇ ਰਹੇ।

ਪੁਰਸਕਾਰ ਪ੍ਰਾਪਤ ਕਰਦੇ ਹੋਏ ਚੈਲੰਜਰ ਦੇ ਪ੍ਰੈਜ਼ੀਡੈਂਟ ਜਿਮ ਪੀਪਲਸ। (ਤਸਵੀਰ: ਬੈਸਟ ਫ਼ਲੀਟਸ ਟੂ ਡਰਾਈਵ ਫ਼ੌਰ)

ਪੀਪਲਸ ਨੇ ਕਿਹਾ, ‘‘ਅਸੀਂ ਪਿਛਲੇ ਸੱਤ ਸਾਲਾਂ ਤੱਕ ਆਪਣੇ ਡਰਾਈਵਰਾਂ ਨੂੰ ਸਫ਼ਲ ਕਰਨ ਲਈ ਜੋ ਕੁੱਝ ਕੀਤਾ ਉਸੇ ਕਰਕੇ ਉਹ ਸਾਡੇ ਲਈ ਸੰਕਟ ਦੇ ਸਮੇਂ ’ਚ ਵੀ ਆਸਾਨੀ ਨਾਲ ਸਾਡੇ ਲਈ ਕੰਮ ਕਰਦੇ ਰਹੇ। ਮੈਨੂੰ ਉਨ੍ਹਾਂ ’ਤੇ ਮਾਣ ਹੈ। ਉਹ ਸੰਕਟ ਸਮੇਂ ਵੀ ਨਿਊਯਾਰਕ ਸਿਟੀ ਜਾਂ ਸ਼ਿਕਾਗੋ ’ਚ ਟਰੱਕ ਲੈ ਕੇ ਚਲੇ ਜਾਂਦੇ ਸਨ। ਹਰ ਕੋਈ ਜਾਣ ਲਈ ਤਿਆਰ ਨਹੀਂ ਸੀ ਪਰ ਸਾਡੇ ਜ਼ਿਆਦਾਤਰ ਡਰਾਈਵਰ ਫਿਰ ਵੀ ਚਲੇ ਗਏ। ਉਨ੍ਹਾਂ ਨੂੰ ਲਗਦਾ ਸੀ ਕਿ ਸਾਡੇ ਕੋਲ ਉਨ੍ਹਾਂ ਨੂੰ ਸਫ਼ਲ ਬਣਾਉਣ ਲਈ ਮੱਦਦਗਾਰ ਸਿਸਟਮ ਹੈ।’’

ਪੀਪਲਸ ਨੇ ਮੰਨਿਆ ਕਿ ਕੰਪਨੀ ਕੋਲ ਬਹੁਤ ਕੰਮ ਕਰਨਾ ਅਜੇ ਬਾਕੀ ਹੈ। ਉਨ੍ਹਾਂ ਕਿਹਾ, ‘‘ਅਸੀਂ ਇਹ ਕੰਮ ਸੱਤ ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਪਰ ਜਿੱਥੇ ਤੱਕ ਅਸੀਂ ਪਹੁੰਚਣਾ ਚਾਹੁੰਦੇ ਹਾਂ ਉੱਥੇ ਤੱਕ ਪੁੱਜਣ ਲਈ ਸ਼ਾਇਦ ਸਾਨੂੰ ਸੱਤ ਹੋਰ ਸਾਲ ਚਾਹੀਦੇ ਹੋਣਗੇ।’’

ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਸਹੀ ਸਮਾਂ ਹੈ, ਜਦੋਂ ਸਾਰੇ ਫ਼ਲੀਟ ਹੁਨਰਮੰਦਾਂ ਨੂੰ ਆਕਰਸ਼ਿਤ ਕਰਨ ’ਚ ਸੰਘਰਸ਼ ਕਰ ਰਹੇ ਹਨ। ‘‘ਇਨ੍ਹਾਂ ਪੁਰਸਕਾਰਾਂ ’ਤੇ ਭਰੋਸੇਯੋਗਤਾ ਨੂੰ ਵੇਖਦਿਆਂ ਅਸੀਂ ਆਪਣੀ ਕੰਪਨੀ ਨੂੰ ਅਜਿਹੇ ਵਾਤਾਵਰਣ ਵਜੋਂ ਪ੍ਰਚਾਰ ਸਕਦੇ ਹਾਂ ਜਿੱਥੇ ਤੁਸੀਂ ਕੰਮ ਕਰਨਾ ਪਸੰਦ ਕਰੋਗੇ, ਉਹ ਵੀ ਅਜਿਹੇ ਸਮੇਂ ਜਦੋਂ ਹਰ ਕੰਪਨੀ ਨੂੰ ਨਾ ਸਿਰਫ਼ ਡਰਾਈਵਰ ਬਲਕਿ ਦਫ਼ਤਰੀ ਮੁਲਾਜ਼ਮ ਭਰਤੀ ਕਰਨ ’ਚ ਵੀ ਮੁਸ਼ਕਲ ਪੇਸ਼ ਆ ਰਹੀ ਹੈ। ਅਸੀਂ ਅਜਿਹੀ ਥਾਂ ਬਣਨਾ ਚਾਹੁੰਦੇ ਹਾਂ ਜਿੱਥੇ ਲੋਕ ਕੰਮ ਕਰਨਾ ਪਸੰਦ ਕਰਨ, ਸਾਡੇ ਭਾਈਚਾਰਿਆਂ ਦਾ ਪਸੰਦੀਦਾ ਰੁਜ਼ਗਾਰਦਾਤਾ।’’

ਪੁਰਸਕਾਰ ਪ੍ਰਾਪਤ ਕਰਨ ਵਾਲਾ ਚੈਲੰਜਰ ਹੀ ਇੱਕੋ-ਇੱਕ ਫ਼ਲੀਟ ਨਹੀਂ ਰਿਹਾ। ਨਿਰੰਤਰ ਜਿੱਤਣ ਵਾਲੇ ਫ਼ਲੀਟਸ ਲਈ ਇਸ ਵਰ੍ਹੇ ਸਥਾਪਤ ‘ਬੈਸਟ ਫ਼ਲੀਟ ਹਾਲ ਆਫ਼ ਫ਼ੇਮ’ ਦਾ ਪਹਿਲਾ ਮੈਂਬਰ ਬਾਈਸਨ ਟਰਾਂਸਪੋਰਟ ਨੂੰ ਬਣਾਇਆ ਗਿਆ।

ਪ੍ਰੋਗਰਾਮ ਦਾ ਪ੍ਰਸ਼ਾਸਨ ਕਰਨ ਵਾਲੇ ਕੈਰੀਅਰਸ ਐੱਜ ਦੇ ਸੀ.ਈ.ਓ. ਜੇਨ ਜੈਜ਼ਰਵੇ ਨੇ ਕਿਹਾ, ‘‘ਸਾਲ ਦਰ ਸਾਲ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਫ਼ਲੀਟਸ ਨੂੰ ਹਾਲ ਆਫ਼ ਫ਼ੇਮ ’ਚ ਮਾਨਤਾ ਦਿੱਤੀ ਜਾਵੇਗੀ। ਪਹਿਲੇ ਵਰ੍ਹੇ ’ਚ ਇਸ ’ਚ ਸ਼ਾਮਲ ਹੋਣ ਵਾਲਿਆਂ ਨੇ ਕਈ ਸਾਲਾਂ ਤੋਂ ਬਿਹਤਰੀਨ ਕਾਰਗੁਜ਼ਾਰੀ ਜਾਰੀ ਰੱਖੀ ਹੈ, ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤਮਤਾ ਦੇ ਸ਼ਿਖਰਲੇ ਪੱਧਰ ਦਾ ਪ੍ਰਦਰਸ਼ਨ ਕਰਦੀਆਂ ਹਨ।’’

ਸਿਖਰਲੇ 20 ਫ਼ਲੀਟਸ ’ਚ ਸ਼ਾਮਲ ਹੋਰ ਕੈਨੇਡੀਅਨ ਫ਼ਲੀਟਸ ’ਚ ਸ਼ਾਮਲ ਹਨ: ਅਰਬ ਟਰਾਂਸਪੋਰਟ, ਫ਼ੋਰਟਿਗੋ ਫ਼ਰੇਟ ਸਰਵੀਸਿਜ਼; ਲਿਬਰਟੀ ਲਾਈਨਹੌਲ; ਟਰਾਂਸਪ੍ਰੋ ਫ਼ਰੇਟ ਸਿਸਟਮਜ਼; ਅਤੇ ਵੈਲਿੰਗਟਨ ਗਰੁੱਪ ਆਫ਼ ਕੰਪਨੀਜ਼।