ਜੀਓਟੈਬ ਈ.ਐਲ.ਡੀ. ਹੁਣ ਕੈਨੇਡਾ ਲਈ ਸਰਟੀਫ਼ਾਈਡ

ਜੀਓਟੈਬ ਦਾ ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਤੀਜੀ ਧਿਰ ਸਰਟੀਫ਼ਾਈਡ ਬਣ ਗਿਆ ਹੈ, ਜਿਸ ਨਾਲ ਇਸ ’ਤੇ ਕੈਨੇਡਾ ’ਚ ਪ੍ਰਯੋਗ ਕਰਨ ਲਈ ਟਰਾਂਸਪੋਰਟ ਕੈਨੇਡਾ ਦੀ ਮਨਜ਼ੂਰੀ ਦੀ ਮੋਹਰ ਲੱਗ ਗਈ ਹੈ।

ਇਸ ਖ਼ਬਰ ਦਾ ਜੀਓਟੈਬ ਦੇ ਰੀਸੈਲਰਾਂ ਨੇ ਭਰਵਾਂ ਸਵਾਗਤ ਕੀਤਾ ਹੈ।

Geotab ELD
(ਤਸਵੀਰ: ਜੀਓਟੈਬ)

ਐਟਰਿਕਸ ਟੈਕਨਾਲੋਜੀਜ਼ ਦੇ ਪ੍ਰੈਜ਼ੀਡੈਂਟ ਐਂਥਨੀ ਮੇਨਵਿਲੇ ਨੇ ਕਿਹਾ, ‘‘ਸਾਡੇ ਆਰੰਭ ਤੋਂ ਲੈ ਕੇ, ਜੀਓਟੈਬ ਅਤੇ ਐਟਰਿਕਸ ਨੇ ਉਦਯੋਗ ’ਚ ਨਵੀਨਤਾਕਾਰੀ ਅਤੇ ਲਚੀਲੇ ਈ.ਐਲ.ਡੀ. ਫ਼ਲੀਟ ਮੈਨੇਜਮੈਂਟ ਉਪਾਅ ਦੀ ਸਖ਼ਤ ਜ਼ਰੂਰਤ ਦੀ ਪਛਾਣ ਕੀਤੀ ਹੈ ਜੋ ਕਿ ਆਸਾਨੀ ਨਾਲ ਹਰ ਗ੍ਰਾਹਕ ਦੀਆਂ ਕਾਰਵਾਈਆਂ ਅਤੇ ਜ਼ਰੂਰਤਾਂ ਪੂਰੀਆਂ ਕਰ ਸਕੇ। ਉਦਯੋਗ ’ਚ ਸੁਰੱਖਿਆ ਅਤੇ ਡਾਟਾ ਦੀ ਰਾਖੀ ਦੇ ਉੱਚਤਮ ਪੱਧਰਾਂ ਨੂੰ ਬਰਕਰਾਰ ਰਖਦਿਆਂ, ਆਪਣੇ ਗ੍ਰਾਹਕਾਂ ਨੂੰ ਬਿਹਤਰੀਨ ਉਪਾਅ ਅਤੇ ਸਹੂਲਤਾਂ ਦੇਣਾ ਵੀ ਸਾਡੀ ਪਹਿਲ ਸੀ। ਇਸੇ ਕਰਕੇ ਸਾਡੇ ਸਰਟੀਫ਼ਿਕੇਸ਼ਨ ਨੂੰ ਛੇਤੀ ਪੂਰਾ ਕਰਵਾਉਣ ਬਦਲੇ ਆਪਣੀਆਂ ਵਿਸ਼ੇਸ਼ਤਾਵਾਂ ਨਾਲ ਸਮਝੌਤਾ ਕਰਨਾ ਸਾਡੇ ਲਈ ਅਸੰਭਵ ਸੀ।’’

ਕੰਪਨੀ ਨੇ ਕਿਹਾ ਕਿ ਉਹ ਜੀਓਟੈਬ ਦਾ ਸਭ ਤੋਂ ਵੱਡਾ ਕੈਨੇਡੀਅਨ ਪਾਰਟਨਰ ਹੈ ਅਤੇ ਇਸ ਨੇ ਸਰਟੀਫ਼ਿਕੇਸ਼ਨ ਪ੍ਰਕਿਰਿਆ ’ਚ ਬੜੀ ਸਰਗਰਮੀ ਨਾਲ ਹਿੱਸਾ ਲਿਆ।

ਹੈਲੀਫ਼ੈਕਸ ਅਧਾਰਤ ਨਾਰਦਰਨ ਬਿਜ਼ਨੈਸ ਇੰਟੈਲੀਜੈਂਸ ਨੇ ਵੀ ਸਰਟੀਫ਼ਿਕੇਸ਼ਨ ਦਾ ਸਵਾਗਤ ਕੀਤਾ।

ਉੱਤਰੀ ਬੀ.ਆਈ. ਦੇ ਪ੍ਰੈਜ਼ੀਡੈਂਟ ਡਵੇਨ ਪ੍ਰਾਈਮਾਓ ਨੇ ਕਿਹਾ, ‘‘ਅਸੀਂ ਉਦਯੋਗ ’ਚ ਮੋਹਰੀ ਤਾਮੀਲੀ ਉਪਾਅ ਵਜੋਂ ਜੀਓਟੈਬ ਈ.ਐਲ.ਡੀ. ਉਤਪਾਦ ਮੁਹੱਈਆ ਕਰਵਾਉਣ ਲਈ ਬਹੁਤ ਉਤਸ਼ਾਹਿਤ ਹਾਂ – ਜੋ ਕਿ ਹੁਣ ਕੈਨੇਡਾ ਅਤੇ ਅਮਰੀਕਾ ਦੋਹਾਂ ’ਚ ਪੂਰੀ ਤਰ੍ਹਾਂ ਸਰਟੀਫ਼ਾਈਡ ਹੈ। ਕੈਨੇਡੀਅਨ ਤੀਜੀ ਧਿਰ ਸਰਟੀਫ਼ਿਕੇਸ਼ਨ ਪ੍ਰਕਿਰਿਆ ਮੁਕੰਮਲ ਕਰਨ ਨਾਲ, ਅਤੇ ਮਨਜ਼ੂਰੀ ਦੀ ਮੋਹਰ ਲੱਗਣ ਨਾਲ, ਡਰਾਈਵਰ ਅਤੇ ਕੈਰੀਅਰ ਅਜਿਹੇ ਉਪਕਰਨਾਂ ਨਾਲ ਲੈਸ ਹੋਣਗੇ ਜੋ ਕਿ ਕਾਨੂੰਨ ਦੀ ਪਾਲਣਾ, ਬਿਹਤਰ ਸੁਰੱਖਿਆ ਅਤੇ ਉਨ੍ਹਾਂ ਦੇ ਫ਼ਲੀਟ ਅਤੇ ਸੰਚਾਲਨ ਦੀ ਸਟੀਕਤਾ ਯਕੀਨੀ ਕਰੇਗੀ।’’

ਕੈਨੇਡਾ ਦਾ ਈ.ਐਲ.ਡੀ. ਫ਼ੁਰਮਾਨ ਜਨਵਰੀ, 2023 ਨੂੰ ਅਮਲ  ’ਚ ਆ ਜਾਵੇਗਾ। ਸਰਟੀਫ਼ਾਈਡ ਉਪਕਰਨਾਂ ਦੀ ਪੂਰੀ ਸੂਚੀ ਇੱਥੇ ਵੇਖੀ ਜਾ ਸਕਦੀ ਹੈ।