ਜੂਨ 2021 ‘ਚ ਈ.ਐਲ.ਡੀ. ਦੀ ਵਰਤੋਂ ਸ਼ੁਰੂ ਕਰਨ ਪ੍ਰਤੀ ਵਚਨਬੱਧ ਹੈ ਫ਼ੈਡਰਲ ਸਰਕਾਰ

Avatar photo

ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਉਹ ਫ਼ੈਡਰਲ ਸਰਕਾਰ ਅਧੀਨ ਆਉਣ ਵਾਲੇ ਆਪਰੇਸ਼ਨਜ਼ ਲਈ ਜੂਨ 2021 ਤਕ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਿਜ਼ (ਈ.ਐਲ.ਡੀ.) ਨੂੰ ਲਾਗੂ ਕਰਨ ਪ੍ਰਤੀ ਵਚਨਬੱਧ ਹੈ, ਹਾਲਾਂਕਿ ਇਸ ਨਾਲ ਸੰਬੰਧਤ ਤੀਜੀ ਧਿਰ ਜਾਂਚ ਅਤੇ ਸਰਟੀਫ਼ਿਕੇਸ਼ਨ ਦੀ ਪ੍ਰਕਿਰਿਆ ਅਜੇ ਵੀ ਮੁਕੰਮਲ ਹੋਣੀ ਬਾਕੀ ਹੈ।

ਇਸ ਬਾਰੇ ਸਵਾਲਾਂ ਦੇ ਲਿਖਤੀ ਜਵਾਬ ‘ਚ ਟਰਾਂਸਪੋਰਟ ਕੈਨੇਡਾ ਦੀ ਇੱਕ ਬੁਲਾਰਾ ਨੇ ਕਿਹਾ, ”ਪਹਿਲਾਂ ਮਿੱਥੀ ਗਈ ਮਿਤੀ ਨੂੰ ਹੀ ਟਰਾਂਸਪੋਰਟ ਕੈਨੇਡਾ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਿਜ਼ ਨੂੰ ਲਾਗੂ ਕਰਨ ਦੀ ਸਹੀ ਰਾਹ ‘ਤੇ ਤੁਰ ਰਿਹਾ ਹੈ। ਸਾਡਾ ਵਿਭਾਗ ਉਦਯੋਗ ਦੇ ਭਾਈਵਾਲਾਂ ਅਤੇ ਸਟੈਂਡਰਡ ਕੌਂਸਲ ਆਫ਼ ਕੈਨੇਡਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਨਾਲ ਹੀ ਤੀਜੀ-ਧਿਰ ਸਰਟੀਫ਼ਿਕੇਸ਼ਨ ਬਾਰੇ ਹੋਰਨਾਂ ਧਿਰਾਂ ਨੂੰ ਵੀ ਸੂਚਨਾ ਕਰਦਾ ਰਹੇਗਾ।”

ਇਨ੍ਹਾਂ ‘ਚੋਂ ਇੱਕ ਸੂਚਨਾ ਅੱਜ ਸਾਂਝੇ ਬਿਆਨ ‘ਚ ਜਾਰੀ ਕੀਤੀ ਗਈ ਜੋ ਕਿ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਤੇ ਟੀਮਸਟਰ ਕੈਨੇਡਾ ਵੱਲੋਂ ਜਾਰੀ ਕੀਤਾ ਗਿਆ, ਜਿਸ ‘ਚ ਟਰਾਂਸਪੋਰਟ ਮੰਤਰੀ ਮਾਰਕ ਗਾਰਨੋ ਦੀ ਇੱਕ ਟਿੱਪਣੀ ਵੀ ਸ਼ਾਮਲ ਸੀ।

ਗਾਰਨੋ ਨੇ ਕਿਹਾ, ”ਇਲੈਕਟ੍ਰਾਨਿਕ ਲਾਗਿੰਗ ਡਿਵਾਇਸ ਡਰਾਈਵਰਾਂ ਦੇ ਥਕੇਵੇਂ ਅਤੇ ਟੱਕਰਾਂ ‘ਚ ਕਮੀ ਲਿਆ ਸਕਦੇ ਹਨ। ਇਹ ਸੁਰੱਖਿਆ ਲਾਭ ਕੈਨੇਡੀਅਨ ਲੋਕਾਂ ਲਈ ਮਹੱਤਵਪੂਰਨ ਹਨ ਅਤੇ ਇਹ ਸੜਕੀ ਸੁਰੱਖਿਆ ਨੂੰ ਬਿਹਤਰ ਬਣਾਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ, ਅਸੀਂ ਉਦਯੋਗ ਨਾਲ ਮਿਲ ਕੇ ਇਨ੍ਹਾਂ ਉਪਕਰਨਾਂ ਨੂੰ 12 ਜੂਨ, 2021 ਨੂੰ ਲਾਗੂ ਕਰਨ ਬਾਰੇ ਹੁਕਮ ਜਾਰੀ ਕੀਤਾ ਹੈ। ਅਸੀਂ ਇਸ ਸਮੇਂ ਸਮਾਂ ਸੀਮਾ ਨੂੰ ਪੂਰਾ ਕਰਨ ਲਈ ਸਹੀ ਰਾਹ ‘ਤੇ ‘ਤੇ ਤੁਰ ਰਹੇ ਹਾਂ ਅਤੇ ਅਸੀਂ ਉਦਯੋਗ ਅਤੇ ਹੋਰ ਧਿਰਾਂ ਨਾਲ ਇਸ ਟੀਚੇ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਦੇ ਰਹਾਂਗੇ।”

ਟਰਾਂਸਪੋਰਟ ਕੈਨੇਡਾ ਦੀ ਬੁਲਾਰਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨਵੇਂ ਨਿਯਮ ਅਮਰੀਕੀ ਰੈਗੂਲੇਸ਼ਨ ਦੇ ਬਰਾਬਰ ਦੇ ਹੋਣਗੇ।

ਪਰ ਤੀਜੀ-ਧਿਰ ਸਰਟੀਫ਼ਿਕੇਸ਼ਨ ਪ੍ਰਕਿਰਿਆ ਦੇ ਰੂਪ ‘ਚ ਇੱਕ ਵੱਡਾ ਫ਼ਰਕ ਮੌਜੂਦ ਹੈ। ਕੈਨੇਡੀਅਨ ਈ.ਐਲ.ਡੀ. ਦੀ ਜਾਂਚ ਅਤੇ ਪ੍ਰਮਾਣਨ ਤੀਜੀ ਧਿਰ ਵੱਲੋਂ ਕਰਨਾ ਜ਼ਰੂਰੀ ਹੋਵੇਗਾ ਜੋ ਕਿ ਸਟੈਂਡਰਡਸ ਕੌਂਸਲ ਆਫ਼ ਕੈਨੇਡਾ ਤੋਂ ਮਾਨਤਾ ਪ੍ਰਾਪਤ ਹੋਵੇ ਅਤੇ ਇਹ ਸਬੰਧਤ ਤਕਨੀਕੀ ਮਾਨਕਾਂ ਦੀ ਲੜੀ ‘ਤੇ ਅਧਾਰਤ ਹੈ।

ਜਦਕਿ ਸਰਹੱਦ ਦੇ ਦੂਜੇ ਪਾਰ ਨਿਰਮਾਤਾ ਖ਼ੁਦ ਆਪਣੇ ਈ.ਐਲ.ਡੀ. ਨੂੰ ਸਰਟੀਫ਼ਾਈ ਕਰ ਦਿੰਦੇ ਹਨ ਕਿ ਇਹ ਤਕਨੀਕੀ ਮਾਨਕਾਂ ‘ਤੇ ਖਰੀ ਉਤਰਦੀ ਹੈ। ਹਾਲਾਂਕਿ ਇਨ੍ਹਾਂ ‘ਚੋਂ ਕੁੱਝ ਉਪਕਰਨਾਂ ਨਾਲ ਛੇੜਛਾੜ ਵੀ ਕੀਤੀ ਜਾ ਸਕਦੀ ਹੈ।

ਸੀ.ਟੀ.ਏ. ਨਾਲ ਇੱਕ ਸਾਂਝੇ ਬਿਆਨ ‘ਚ ਟੀਮਸਟਰ ਕੈਨੇਡਾ ਦੇ ਪ੍ਰੈਜ਼ੀਡੈਂਟ ਫ਼ਰਾਂਸੁਆ ਲਾਪੋਰਟ ਨੇ ਕਿਹਾ, ”ਕਮਰਸ਼ੀਅਲ ਗੱਡੀਆਂ ‘ਚ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਿਜ਼ ਨੂੰ ਲਾਜ਼ਮੀ ਕਰਨ ਦੀ ਜੂਨ 2021 ਦੀ ਮਿਤੀ ਅਖ਼ੀਰ ਸੇਵਾ ਦੇ ਘੰਟਿਆਂ ਬਾਬਤ ਨਿਯਮਾਂ ਦੀ ਤਾਮੀਲ ਯਕੀਨੀ ਬਣਾਏਗੀ। ਇਸ ਨਾਲ ਡਰਾਈਵਰਾਂ ਦਾ ਥਕੇਵਾਂ ਅਤੇ ਹਾਦਸੇ ਘੱਟ ਕਰਨ ‘ਚ ਮੱਦਦ ਮਿਲੇਗੀ ਜਿਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦਾ ਟੀਚਾ ਸਰ ਹੋ ਸਕੇਗਾ।”

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਈ.ਐਲ.ਡੀ. ਹੁਕਮ ਦੀ ਜੂਨ 2021 ਦੀ ਤਰੀਕ ਪੱਥਰ ‘ਤੇ ਲਕੀਰ ਹੈ ਅਤੇ ਸੀ.ਟੀ.ਏ. ਸੇਵਾ ਦੇ ਘੰਟੇ ਨਿਯਮ ਦੀ ਤਾਮੀਲ ‘ਚ ਨਵਾਂ ਯੁੱਗ ਸ਼ੁਰੂ ਹੋਣ ਪ੍ਰਤੀ ਆਸਵੰਦ ਹੈ।”

ਉਨ੍ਹਾਂ ਨੇ ਮਿਲ ਕੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤੀਜੀ ਧਿਰ ਸਰਟੀਫ਼ਿਕੇਸ਼ਨ ਨਾਲ ਇਹ ਯਕੀਨੀ ਹੋਵੇਗਾ ਕਿ ਈ.ਐਲ.ਡੀ. ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਅਤੇ ਤੀਜੀ ਧਿਰ ਟੈਸਟਿੰਗ ਇਸ ਹੁਕਮ ਨੂੰ ਸ਼ੁੱਧ ਰੂਪ ‘ਚ ਲਾਗੂ ਕਰਨ ਦੀ ਨਾਜ਼ੁਕ ਕੜੀ ਹੈ।

ਹਾਲਾਂਕਿ ਜੂਨ 2021 ਤਕ ਇਸ ਨੂੰ ਲਾਗੂ ਕਰਨ ਦੀ ਮਿਤੀ ਤੋਂ ਹਰ ਕੋਈ ਖ਼ੁਸ਼ ਨਹੀਂ ਹੈ। ਆਪਣੇ ਮਹੀਨਾਵਾਰ ਕਾਲਮ ‘ਚ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਸਰਟੀਫ਼ਿਕੇਸ਼ਨ ਸੰਸਥਾ ਦਾ ਨਾਂ ਜਾਰੀ ਕਰਨ ‘ਚ ਦੇਰ ਬਾਰੇ ਆਪਣੇ ਗਰੁੱਪ ਦੀਆਂ ਚਿੰਤਾਵਾਂ ਨੂੰ ਜ਼ਾਹਰ ਕੀਤਾ।

ਮਿਲੀਅਨ ਨੇ ਕਿਹਾ, ”ਇੱਕ ਵਾਰੀ ਜਦੋਂ ਸਰਟੀਫ਼ਿਕੇਸ਼ਨ ਸੰਸਥਾ ਜਾਂ ਸੰਸਥਾਵਾਂ ਦਾ ਐਲਾਨ ਹੋ ਗਿਆ, ਫਿਰ ਹੀ ਈ.ਐਲ.ਡੀ. ਨਿਰਮਾਤਾ ਆਪਣੇ ਉਪਕਰਨ ਸਰਟੀਫ਼ਿਕੇਸ਼ਨ ਲਈ ਜਮ੍ਹਾਂ ਕਰਵਾ ਸਕਣਗੇ, ਜੋ ਕਿ ਸਾਡੀ ਸਮਝ ਅਨੁਸਾਰ ਚਾਰ ਤੋਂ ਛੇ ਹਫ਼ਤਿਆਂ ਦੀ ਪ੍ਰਕਿਰਿਆ ਹੋਵੇਗੀ।”

ਉਨ੍ਹਾਂ ਕਿਹਾ, ਸਾਰਾ ਕੁੱਝ ਠੀਕ ਵੀ ਰਿਹਾ ਤਾਂ ਕੈਰੀਅਰਸ ਨੂੰ ਮੌਜੂਦ ਉਪਕਰਨਾਂ ਦੀ ਖੋਜ ਕਰਨ, ਇਨ੍ਹਾਂ ਨੂੰ ਲਗਾਉਣ ਅਤੇ ਸਿਖਲਾਈ ਦੇਣ ਲਈ 10 ਮਹੀਨਿਆਂ ਤਕ ਦਾ ਸਮਾਂ ਲੱਗ ਜਾਵੇਗਾ।