ਟਰੇਲਰਾਂ ਲਈ ਜੀ.ਐਚ.ਜੀ. ਮਾਨਕਾਂ ਨੂੰ ਕੈਨੇਡਾ ਨੇ ਮੁੜ ਕੀਤਾ ਮੁਲਤਵੀ

ਕੈਨੇਡਾ ਦੀ ਫ਼ੈਡਰਲ ਸਰਕਾਰ ਇੱਕ ਵਾਰੀ ਫਿਰ ਟਰੇਲਰਾਂ ’ਤੇ ਗ੍ਰੀਨਹਾਊਸ ਗੈਸ ਉਤਸਰਜਨ (ਜੀ.ਐਚ.ਜੀ.) ਮਾਨਕ ਲਾਗੂ ਕਰਨ ਦੀ ਕਾਰਵਾਈ ਨੂੰ ਮੁਲਤਵੀ ਕਰ ਰਹੀ ਹੈ। ਅਮਰੀਕਾ ’ਚ ਇਸੇ ਤਰ੍ਹਾਂ ਦੇ ਨਿਯਮਾਂ ਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਾਤਾਵਰਣ ਅਤੇ ਜਲਵਾਯੂ ਤਬਦੀਲੀ ਕੈਨੇਡਾ ਦੇ ਵਾਤਾਵਰਣੀ ਸੁਰੱਖਿਆ ਬ੍ਰਾਂਚ ਵਿਖੇ ਟਰਾਂਸਪੋਰਟੇਸ਼ਨ ਡਿਵੀਜ਼ਨ ਦੇ ਡਾਇਰੈਕਟਰ ਸਟੀਫ਼ਨ ਕੋਰੋਕਸ ਨੇ ਕਿਹਾ ਇਸ ਵਿਸ਼ੇ ’ਤੇ ਚੌਥਾ ਅੰਤਰਿਮ ਆਰਡਰ ਮਾਨਕਾਂ ਨੂੰ ਇੱਕ ਹੋਰ ਸਾਲ ਲਈ ਮੁਲਤਵੀ ਕਰ ਦੇਵੇਗਾ।

ਕੋਰੋਕਸ ਨੇ ਇਕ ਸੰਬੰਧਤ ਨੋਟਿਸ ’ਚ ਕਿਹਾ, ‘‘ਚੌਥੇ ਅੰਤਰਿਮ ਆਰਡਰ ਦੇ ਲਾਗੂ ਹੋਣ ਦੇ ਸਮੇਂ ਦੌਰਾਨ, ਵਿਭਾਗ ਪ੍ਰਮੁੱਖ ਹਿੱਤਧਾਰਕਾਂ ਨਾਲ ਹੋਰ ਸਲਾਹ-ਮਸ਼ਵਰਾ ਕਰੇਗਾ, ਅਮਰੀਕੀ ਈ.ਪੀ.ਏ. ਅਤੇ ਐਨ.ਐਚ.ਟੀ.ਐਸ.ਏ. ਵੱਲੋਂ ਸਥਾਪਤ ਟਰੇਲਰ ਮਾਨਕਾਂ ਨੂੰ ਰੱਦ ਕਰਨ ਦੇ ਅਦਾਲਤ ਦੇ ਫ਼ੈਸਲੇ ਮਗਰੋਂ ਅਮਰੀਕਾ ਦੀ ਸਥਿਤੀ ’ਤੇ ਨਜ਼ਰ ਰੱਖੇਗਾ, ਅਤੇ ਕੈਨੇਡਾ ’ਤੇ ਇਸ ਦੇ ਅਸਰ ਨੂੰ ਮਾਪਦਾ ਰਹੇਗਾ।’’

‘‘ਇਸ ਨਾਲ ਇਹ ਸੂਚਨਾ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋਵੇਗਾ ਕਿ ਕੀ ਮਾਡਲ ਵਰ੍ਹੇ 2023 ਲਈ ਕੈਨੇਡਾ ’ਚ ਟਰੇਲਰ ਮਾਨਕਾਂ ’ਚ ਸੋਧ ਕਰਨ ਜਾਂ ਲਾਗੂ ਕਰਨ ਦੀ ਜ਼ਰੂਰਤ ਹੈ।’’

Utility Trailer aerodynamics
(ਤਸਵੀਰ: ਯੂ.ਟੀ.ਐਮ.)

ਇਹ ਅਜਿਹੇ ਪਹਿਲੇ ਨਿਯਮ ਹੋਣਗੇ ਜੋ ਕਿ ਟਰੇਲਰਾਂ ’ਤੇ ਲਾਗੂ ਹੋਣਗੇ, ਜਿਨ੍ਹਾਂ ਹੇਠ ਏਅਰੋਡਾਇਨਾਮਿਕ ਫ਼ੇਅਰਿੰਗ, ਲੋਅ-ਰੋਲਿੰਗ-ਰੈਜਿਸਟੈਂਸ ਟਾਇਰ, ਟਾਇਰ ਇਨਫ਼ਲੇਸ਼ਨ ਸਿਸਟਮ, ਅਤੇ ਹਲਕੇ ਉਪਕਰਨਾਂ ਦੀ ਜ਼ਰੂਰਤ ਪਵੇਗੀ।

ਕੈਨੇਡੀਅਨ ਮਾਨਕਾਂ ਨੂੰ ਪਹਿਲਾਂ 1 ਜਨਵਰੀ, 2020 ਤੋਂ ਲਾਗੂ ਕੀਤਾ ਜਾਣਾ ਸੀ, ਪਰ ਇਨ੍ਹਾਂ ਨੂੰ ਅਮਰੀਕੀ ਸੰਸਕਰਨ ਦੇ ਨਿਯਮ ਰੋਕੇ ਜਾਣ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ।

ਅਮਰੀਕਾ ਅਧਾਰਤ ਟਰੱਕ ਟਰੇਲਰ ਨਿਰਮਾਤਾ ਐਸੋਸੀਏਸ਼ਨ (ਟੀ.ਟੀ.ਐਮ.ਏ.) ਨੇ ਜੀ.ਐਚ.ਜੀ. ਫ਼ੇਜ਼ 2 ਨੂੰ ਇਹ ਕਹਿ ਕੇ ਕਾਨੂੰਨੀ ਚੁਨੌਤੀ ਦਿੱਤੀ ਸੀ ਕਿ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਕੋਲ ਟਰੇਲਰਾਂ ’ਤੇ ਕੋਈ ਅਥਾਰਟੀ ਪ੍ਰਾਪਤ ਨਹੀਂ ਹੈ। ਕੋਲੰਬੀਆ ਜ਼ਿਲ੍ਹੇ ਦੀ ਅਮਰੀਕੀ ਅਪੀਲੀ ਅਦਾਲਤ ਨੇ ਅਕਤੂਬਰ 2017 ’ਚ ਇਨ੍ਹਾਂ ਨਿਯਮਾਂ ਨੂੰ ਰੋਕ ਦਿੱਤਾ ਸੀ।

ਕੈਨੇਡਾ ਦੇ ਵਾਤਾਵਰਣ ਅਨੁਮਾਨ ਵਿਭਾਗ ਨੇ ਕਿਹਾ ਹੈ ਕਿ ਕੈਨੇਡੀਅਨ ਮਾਨਕਾਂ ਨੂੰ ਪੂਰੇ ਸਾਲ ਲਈ ਮੁਲਤਵੀ ਕਰਨ ਨਾਲ 2020 ਅਤੇ 2021 ਮਾਡਲ ਵਰ੍ਹੇ ਲਈ ਜੀ.ਐਚ.ਜੀ. ਉਤਸਰਜਨ ’ਚ 0.8 ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਦਾ ਵਾਧਾ ਹੋਇਆ ਹੈ।