ਟਰੱਕਾਂ ਦੇ ਉਤਪਾਦਨ ’ਚ ਅਜੇ ਵੀ ਰੇੜਕਾ ਪਾ ਰਹੀ ਹੈ ਚਿੱਪਾਂ ਦੀ ਕਮੀ : ਐਕਟ

ਐਕਟ ਰਿਸਰਚ ਦੇ ਐਨਾਲਿਸਟਾਂ ਨੂੰ ਨਹੀਂ ਲਗਦਾ ਕਿ ਸਪਲਾਈ ਚੇਨ ’ਚ ਚਲ ਰਹੀ ਕਮੀ ਦਾ ਹੱਲ ਛੇਤੀ ਕਿਤੇ ਨਿਕਲ ਸਕੇਗਾ। ਇਸ ਦੇ ਸਿੱਟੇ ਵਜੋਂ ਨੇੜ ਭਵਿੱਖ ’ਚ ਨਿਰਮਾਤਾਵਾਂ ਨੂੰ ਕਮਰਸ਼ੀਅਲ ਟਰੱਕ ਨਿਰਮਾਣ ’ਚ ਤੇਜ਼ੀ ਲਿਆਉਣ ਦਾ ਮੌਕਾ ਮਿਲਦਾ ਨਹੀਂ ਦਿਸ ਰਿਹਾ ਹੈ।

ਆਪਣੇ ਕਮਰਸ਼ੀਅਲ ਵਹੀਕਲ ਡੀਲਰ ਡਾਇਜੈਸਟ ’ਚ ਐਕਟ ਨੇ ਰਿਪੋਰਟ ਦਿੱਤੀ ਹੈ ਕਿ ਓ.ਈ.ਐਮ. ਇਸ ਸਾਲ, ਜਾਂ ਇਸ ਤੋਂ ਅਗਲੇ ਸਾਲ ਵੀ ਗ੍ਰਾਹਕਾਂ ਦੀ ਮੰਗ ਨੂੰ ਪੂਰਾ ਕਰਨ ’ਚ ਨਾਕਾਮਯਾਬ ਰਹਿਣਗੇ।

microchip image
(ਤਸਵੀਰ: ਆਈਸਟਾਕ)

ਐਕਟ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਐਨਾਲਿਸਟ ਕੇਨੀ ਵੇਥ ਨੇ ਆਪਣੇ ਇੱਕ ਸੰਬੰਧਤ ਬਿਆਨ ’ਚ ਕਿਹਾ, ‘‘ਸੈਮੀਕੰਡਕਟਰ ਉਦਯੋਗ ਦੇ ਆਗੂਆਂ ਵੱਲੋਂ ਪਿੱਛੇ ਜਿਹੇ ਦਿੱਤੇ ਬਿਆਨਾਂ ਤੋਂ ਲਗਦਾ ਹੈ ਕਿ ਇਹ ਦੇਰੀ ਲੰਮੀ ਚੱਲਣ ਵਾਲੀ ਹੈ। ਸੈਮੀਕੰਡਕਟਰ ਉਤਪਾਦਨ ਉਪਕਰਨਾਂ ਦੇ ਪ੍ਰਮੁੱਖ ਸਪਲਾਈਕਰਤਾ ਏ.ਐਸ.ਐਮ.ਐਲ. ਨੇ ਕਿਹਾ ਕਿ ‘ਇਸ ਸਾਲ ਅਤੇ ਅਗਲੇ ਸਾਲ ਵੀ ਸੈਮੀਕੰਡਕਟਰ ਦੀ ਭਾਰੀ ਕਮੀ ਬਣੀ ਰਹੇਗੀ।’ ਇਸ ਸਭ ਨੂੰ ਅਤੇ ਹੋਰ ਉਦਯੋਗਾਂ ਦੇ ਬਿਆਨਾਂ ਨੂੰ ਵੇਖਦਿਆਂ ਸਾਨੂੰ ਲਗਦਾ ਹੈ ਕਿ ਲੰਮੇ ਸਮੇਂ ਤੱਕ ਚਿੱਪਾਂ ਦੀ ਕਮੀ ਕਰਕੇ ਉਦਯੋਗ ਗ੍ਰਾਹਕਾਂ ਦੀ ਵਿਸ਼ਾਲ ਮੰਗ ਨੂੰ ਪੂਰਾ ਕਰਨ ’ਚ ਨਾਕਾਮਯਾਬ ਰਹੇਗਾ।’’

ਵੇਥ ਨੇ ਕਿਹਾ ਕਿ ਹੋਰ ਕਮੀਆਂ ਪੇਸ਼ ਆਉਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।

‘‘ਇਸ ਤੋਂ ਇਲਾਵਾ, ਚਿੱਪ ਬਣਾਉਣ ਲਈ ਮਹੱਤਵਪੂਰਨ ਨੀਓਨ ਦੀ ਲਗਭਗ ਅੱਧੀ ਸਪਲਾਈ ਓਡੇਸਾ, ਯੂਕਰੇਨ ’ਚ ਕੇਂਦਰਿਤ ਹੈ, ਜਿੱਥੇ ਫ਼ਰਵਰੀ ਤੋਂ ਬਾਅਦ ਉਤਪਾਦਨ ਘੱਟ ਗਿਆ ਹੈ। ਯੂਕਰੇਨ ’ਚ ਸ਼ੁੱਧ ਕੀਤੀਆਂ ਜਾਣ ਵਾਲੀਆਂ ਗੈਸਾਂ ਦਾ ਉਤਪਾਦਨ ਰੂਸ ਦੇ ਸਟੀਲ ਨਿਰਮਾਤਾਵਾਂ ਵੱਲੋਂ ਕੀਤਾ ਜਾਂਦਾ ਸੀ। ਇਨ੍ਹਾਂ ਦਾ ਸਰੋਤ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਨਵੈਂਟਰੀ ’ਚ ਇਸ ਦੀ ਮੌਜੂਦਗੀ ਸੀਮਤ ਰਹਿ ਗਈ ਹੈ।’’

ਹਾਲਾਂਕਿ, ਐਕਟ ਨੇ ਕਿਹਾ ਕਿ ਨਵੇਂ ਟਰੱਕਾਂ ਦੀ ਮੰਗ ਜ਼ਿਆਦਾ ਬਣੀ ਹੋਈ ਹੈ। ‘‘ਕੈਰੀਅਰਾਂ ਦਾ ਲਾਭ ਮਜ਼ਬੂਤ ਹੈ, ਇਸ ਵੇਲੇ ਸਾਨੂੰ ਮੰਦੀ ਦੀ ਸੰਭਾਵਨਾ ਘੱਟ ਹੈ, ਅਤੇ ਸਾਡੇ ਸ਼੍ਰੇਣੀ 8 ਮਾਡਲ ਵਧੀ ਹੋਈ ਮੰਗ, ਨਾਲ ਹੀ ਸੀ.ਏ.ਆਰ.ਬੀ. ਦੇ ਮਹਿੰਗੇ ਸਵੱਛ ਟਰੱਕ ਫ਼ੁਰਮਾਨ ਨੂੰ ਵੇਖਦਿਆਂ ਅਗਾਊਂ-ਖ਼ਰੀਦਦਾਰੀ ਦੀ ਸੰਭਾਵਨਾ ਨੂੰ ਦਰਸਾ ਰਹੇ ਹਨ।’’

ਮਾਈਕ੍ਰੋਚਿੱਪਸ ਅਤੇ ਹੋਰ ਮਹੱਤਵਪੂਰਨ ਪੁਰਜ਼ਿਆਂ ਦੀ ਕਮੀ ਕਰਕੇ ਟਰੱਕ ਨਿਰਮਾਤਾ ਗ੍ਰਾਹਕਾਂ ਦੀ ਮੰਗ ਨੂੰ ਪੂਰਾ ਕਰਨ ’ਚ ਨਾਕਾਮਯਾਬ ਰਹੇ ਹਨ। ਉਨ੍ਹਾਂ ਨੇ ਗ੍ਰਾਹਕਾਂ ਦੀ ਮੰਗ ਅਤੇ ਬੈਕਲਾਗ ਨੂੰ ਪੂਰਾ ਕਰਨ ਲਈ ਆਰਡਰ ਲੈਣੇ ਘੱਟ ਕਰ ਦਿੱਤੇ ਹਨ।