ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਦੀ ਮੱਦਦ ਨਾਲ ਲਾਈਟ ਸਪੀਡ ਵਿਖੇ ਤਨਖ਼ਾਹ ਸਮੇਤ ਕੰਮ ਦਾ ਤਜ਼ਰਬਾ

Avatar photo

ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਸਟੂਡੈਂਟ ਵਰਕ ਪਲੇਸਮੈਂਟ ਪ੍ਰੋਗਰਾਮ ਰਾਹੀਂ, ਲਾਈਟ ਸਪੀਡ ਲੋਜਿਸਟਿਕਸ ਨੇ ਆਪਣੇ ਪਹਿਲੇ ਕੋ-ਓਪ ਸਟੂਡੈਂਟ ਨੂੰ ਕੰਮ ’ਤੇ ਰੱਖ ਲਿਆ ਹੈ। 7,500 ਡਾਲਰ ਦੀ ਤਨਖ਼ਾਹ ਸਬਸਿਡੀ ਦਾ ਲਾਭ ਲੈਂਦਿਆਂ – ਲਾਈਟ ਸਪੀਡ ਇੱਕ ਪੁਰਜੋਸ਼ ਵਿਦਿਆਰਥੀ, ਅਮਨ ਮਿਨਹਾਸ, ਨੂੰ ਇੱਕ ਨਵੇਂ ਡਰਾਈਵਰ ਸਰਪ੍ਰਸਤੀ ਪ੍ਰੋਗਰਾਮ ਦਾ ਪ੍ਰਬੰਧਨ ਕਰਨ ਲਈ ਆਪਣੇ ਨਾਲ  ਜੋੜਨ ’ਚ ਕਾਮਯਾਬ ਰਿਹਾ, ਅਤੇ ਅਮਨ ਨੂੰ ਟਰੱਕਿੰਗ ਅਤੇ ਲੋਜਿਸਟਿਕਸ ਉਦਯੋਗ ਅੰਦਰ ਕੰਮ ਦਾ ਤਜ਼ਰਬਾ ਪ੍ਰਾਪਤ ਕਰਨ ਲਈ ਕਰੀਅਰ ਨੂੰ ਸੇਧ ਦੇਣ ਵਾਲਾ ਮੌਕਾ ਦਿੱਤਾ ਗਿਆ।

ਕੈਲਗਰੀ ’ਚ ਸਥਿਤ ਲਾਈਟ ਸਪੀਡ ਲੋਜਿਸਟਿਕਸ ’ਚ ਪ੍ਰੋਗਰਾਮਜ਼ ਮੁਖੀ ਰੌਬ ਏਰੋਨਸਨ ਅਨੁਸਾਰ, ਮੁਸ਼ਕਲ ਸਮਿਆਂ ਤੋਂ ਪਾਰ ਪਾਉਣ ਦਾ ਮਤਲਬ ਜਿੱਥੇ ਵੀ ਹੋ ਸਕੇ ਗੁਣਕਾਰੀ ਕਾਰਵਾਈਆਂ ਅਤੇ ਆਰਥਿਕ ਰਣਨੀਤੀ ’ਤੇ ਧਿਆਨ ਕੇਂਦਰਤ ਕਰਨ ਦੀ ਸਮਰੱਥਾ ਹੈ, ਜਿਸ ’ਚ ਭਰਤੀਆਂ ਦੀ ਪ੍ਰਕਿਰਿਆ ਵੀ ਸ਼ਾਮਲ ਹੈ।

ਵਿਦਿਆਰਥੀਆਂ ਨੂੰ ਨੌਕਰੀਆਂ ਲਈ ਸਬਸਿਡੀ ਦੇਣ ਵਾਲੇ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਰਾਹੀਂ ਫ਼ਲੀਟ ਵੱਲੋਂ ਟਰੱਕਿੰਗ ਐਚ.ਆਰ. ਕੈਨੇਡਾ ਤੋਂ ਵਿੱਤੀ ਮੱਦਦ ਪ੍ਰਾਪਤ ਕਰਨ ਬਾਰੇ ਉਨ੍ਹਾਂ ਕਿਹਾ, ‘‘ਸਬਸਿਡੀਆਂ ਅਤੇ ਗ੍ਰਾਂਟਾਂ ਇਸ ’ਚ ਕਾਫ਼ੀ ਮੱਦਦ ਕਰਦੀਆਂ ਹਨ।’’

ਏਰੋਨਸਨ ਨੇ ਕਿਹਾ, ‘‘ਨਵੀਂ ਪੀੜ੍ਹੀ ਜ਼ਿਆਦਾ ਉੱਦਮੀ ਅਤੇ ਨਵੇਂ ਢੰਗ-ਤਰੀਕੇ ਅਪਨਾਉਣ ਵਾਲੀ ਹੈ, ਜਿਸ ਕਰ ਕੇ ਉਹ ਕੰਪਨੀ ਦੇ ਵਿਕਾਸ ਲਈ ਜ਼ਰੂਰੀ ਸਮਝ ਲੈ ਕੇ ਆਉਂਦੇ ਹਨ। ਨੌਜੁਆਨ ਲੋਕ ਆਪਣੀ ਸਮਝ ਅਤੇ ਕੰਮ ਰਾਹੀਂ ਬਹੁਤ ਯੋਗਦਾਨ ਦੇ ਸਕਦੇ ਹਨ।’’

ਜਦੋਂ ਰੁਜ਼ਗਾਰਦਾਤਾ ਨੌਜੁਆਨ ਕਾਮਿਆਂ ਦੀਆਂ ਗੱਲਾਂ ਸੁਣਨ ਲਈ ਤਿਆਰ ਹੋਵੇ ਅਤੇ ਉਨ੍ਹਾਂ ਨੂੰ ਵਿਕਾਸ ਕਰਨ ਦਾ ਮੌਕਾ ਦਿੰਦਾ ਹੈ, ਤਾਂ ਇਸ ਖੇਤਰ ’ਚ ਬਹੁਤ ਘੱਟ ਜਾਂ ਕੋਈ ਤਜ਼ਰਬਾ ਨਾ ਰੱਖਣ ਵਾਲੇ ਵਿਦਿਆਰਥੀ ਜਿਨ੍ਹਾਂ ਟੀਮਾਂ ਲਈ ਕੰਮ ਕਰਦੇ ਹਨ, ਉਨ੍ਹਾਂ ’ਤੇ ਕਾਫੀ ਸਾਕਾਰਾਤਮਕ ਅਸਰ ਪਾ ਸਕਦੇ ਹਨ।

ਮਿਨਹਾਸ ਨੇ ਕਿਹਾ ਕਿ ਉਨ੍ਹਾਂ ਨੂੰ ਲਾਈਟ ਸਪੀਡ ’ਚ ਇਸੇ ਤਰ੍ਹਾਂ ਦੀ ਸੋਚ ਵੇਖਣ ਨੂੰ ਮਿਲੀ। ਉਨ੍ਹਾਂ ਆਪਣੇ ਵੱਲੋਂ ਦਿੱਤੇ ਸੁਝਾਵਾਂ ਬਾਰੇ ਕਿਹਾ, ‘‘ਉਹ ਤੁਹਾਡੇ ਦਿੱਤੇ ਸੁਝਾਅ ’ਤੇ ਸੱਚਮੁਚ ਗ਼ੌਰ ਕਰਦੇ ਹਨ ਅਤੇ ਪ੍ਰੋਗਰਾਮ ਨੂੰ ਬਿਹਤਰ ਕਰਨ ਲਈ ਤਬਦੀਲੀਆਂ ਵੀ ਕਰਦੇ ਹਨ।’’

ਉਹ ਫ਼ਲੀਟ ਵੱਲੋਂ ਪਿੱਛੇ ਜਿਹੇ ਲਿਆਂਦੇ ਸਰਪ੍ਰਸਤੀ ਪ੍ਰੋਗਰਾਮ ਬਾਰੇ ਗੱਲ ਕਰ ਰਹੇ ਸਨ, ਜਿਸ ਅਨੁਸਾਰ ਨਵੇਂ ਡਰਾਈਵਰਾਂ ਅਤੇ ਤਜ਼ਰਬੇਕਾਰ ਡਰਾਈਵਰਾਂ ਦੀ ਟੀਮ ਬਣਾਈ ਗਈ ਸੀ।

20 ਡਰਾਈਵਰ ਟੀਮਾਂ ਦੀ ਨਿਗਰਾਨੀ

ਸੁਰੱਖਿਆ ਅਤੇ ਤਾਮੀਲੀ ਵਿਭਾਗ ’ਚ ਕੰਮ ਕਰਦਿਆਂ ਮਿਨਹਾਸ ਦਾ ਕੰਮ ਅਜਿਹੀਆਂ 20 ਟੀਮਾਂ ਦੀ ਰੋਜ਼ ਸਰਪ੍ਰਸਤੀ ਕਰਨਾ ਅਤੇ ਨਵੇਂ ਡਰਾਈਵਰਾਂ ਨੂੰ ਬਿਹਤਰ ਬਣਾਉਣ ’ਚ ਮੱਦਦ ਲਈ ਅੰਕੜੇ ਇਕੱਠੇ ਕਰਨਾ ਹੈ। ਉਦਾਹਰਣ ਵਜੋਂ, ਉਹ ਇਹ ਯਕੀਨੀ ਕਰਨ ਲਈ ਟੈਲੀਮੈਟਿਕਸ ਪੋਰਟਲ ਦੀ ਨਿਗਰਾਨੀ ਕਰਦਾ ਹੈ ਕਿ ਸੁਰੱਖਿਆ ਦੇ ਨਿਯਮਾਂ ਦੀ ਤਾਮੀਲ ਕਾਇਮ ਰਹੇ। ਕਾਨੂੰਨ ਪਾਲਣਾ ਬਾਰੇ ਉਸ ਦੀ ਚੌਕਸੀ ਕਰਕੇ ਤੇਜ਼ ਗਤੀ, ਇਕਦਮ ਬ੍ਰੇਕ ਅਤੇ ਸੇਵਾ ਦੇ ਘੰਟਿਆਂ ਵਰਗੇ ਮਹੱਤਵਪੂਰਨ ਸੁਰੱਖਿਆ ਖੇਤਰਾਂ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ।

ਫਿਰ ਉਹ ਡਰਾਈਵਰਾਂ ਨੂੰ ਸਲਾਹ ਜਾਂ, ਜੇਕਰ ਜ਼ਰੂਰੀ ਹੈ ਤਾਂ, ਚੇਤਾਵਨੀਆਂ ਜਾਰੀ ਕਰਦੇ ਹਨ। ਇਹ ਕੰਮ 22 ਵਰਿ੍ਹਆਂ ਦੇ ਨੌਜੁਆਨ ਲਈ ਹਮੇਸ਼ਾ ਸੌਖਾ ਨਹੀਂ ਹੁੰਦਾ। ਮਿਨਹਾਸ ਕਹਿੰਦੇ ਹਨ, ‘‘ਕਈ ਵਾਰੀ ਇਹ ਲੋਕ ਮੇਰੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਮੈਨੂੰ ਬੱਚਾ ਸਮਝਦੇ ਹਨ।’’

ਉਹ ਇਸ ਚੁਨੌਤੀ ਦਾ ਸਾਹਮਣਾ ਡਰਾਈਵਰਾਂ ਨਾਲ ਮਿੱਤਰਤਾਪੂਰਨ ਵਾਤਾਵਰਣ ’ਚ ਚੰਗੇ ਸੰਬੰਧ ਸਥਾਪਤ ਕਰ ਕੇ ਕਰ ਰਹੇ ਹਨ। ‘‘ਜਦੋਂ ਮੈਂ ਡਰਾਈਵਰਾਂ ਨਾਲ ਗੱਲਬਾਤ ਕਰਦਾ ਹਾਂ ਤਾਂ ਮੈਂ ਉਨ੍ਹਾਂ ਪ੍ਰਤੀ ਵੱਧ ਤੋਂ ਵੱਧ ਸਤਿਕਾਰਤ ਰਵੱਈਆ ਅਪਣਾਉਂਦਾ ਹਾਂ।’’

ਮਿਨਹਾਸ ਕੋਲ ਕੁੱਝ ਵਿਸ਼ੇਸ਼ ਲਾਭ ਵੀ ਹਨ। ਉਹ ਪੂਰਬੀ ਭਾਰਤੀ ਪਰਿਵਾਰਕ ਪਿਛੋਕੜ ਵਾਲੇ ਕੈਨੇਡੀਅਨ ਹਨ ਅਤੇ ਕੈਲਗਰੀ ਦੇ ਜੰਮਪਲ ਹਨ- ਜੋ ਕਿ ਲਾਈਟ ਸਪੀਡ ਦੇ ਬਹੁਤ ਸਾਰੇ ਡਰਾਈਵਰਾਂ ਦਾ ਵੀ ਪਿਛੋਕੜ ਹੈ। ਇਸ ਨਾਲ ਉਨ੍ਹਾਂ ਨੂੰ ਅਕਸਰ ਗੱਲਬਾਤ ਕਰਨ ’ਚ ਮੱਦਦ ਮਿਲਦੀ ਹੈ, ਹਾਲਾਂਕਿ ਨੌਜੁਆਨ ਇਹ ਵੀ ਮੰਨਦਾ ਹੈ ਕਿ ਉਹ ਪੰਜਾਬੀ ਭਾਸ਼ਾ ਨੂੰ ਓਨੀ ਆਸਾਨੀ ਨਾਲ ਨਹੀਂ ਬੋਲ ਸਕਦਾ ਜਿੰਨੀ ਇੰਗਲਿਸ਼।

ਉਹ ਆਵਾਜਾਈ ਉਦਯੋਗ ’ਚ ਕੰਮ ਕਰਨ ਵਾਲੇ ਲੋਕਾਂ ਵਿਚਕਾਰ ਹੀ ਵੱਡੇ ਹੋਏ ਹਨ – ਅਸਲ ’ਚ ਉਨ੍ਹਾਂ ਦੇ ਇੱਕ ਅੰਕਲ ਲਾਈਟ ਸਪੀਡ ’ਚ ਡਰਾਈਵਰ ਹਨ – ਜਿਸ ਕਰਕੇ ਉਨ੍ਹਾਂ ਨੂੰ ਉਦਯੋਗ ਦੇ ਕੰਮਕਾਰ ਦੀ ਸਮਝ ਹੈ।

ਪਰ ਉਹ ਫਿਰ ਵੀ ਰੋਜ਼ ਕੁੱਝ ਨਾ ਕੁੱਝ ਨਵਾਂ ਸਿੱਖਦੇ ਹਨ। ਉਨ੍ਹਾਂ ਕਿਹਾ, ‘‘ਭਾਵੇਂ ਮੈਂ ਆਪਣੀ ਸਾਰੀ ਜ਼ਿੰਦਗੀ ਆਵਾਜਾਈ ਨਾਲ ਸੰਬੰਧਤ ਕੰਮਕਾਜ ਦੇ ਆਲੇ-ਦੁਆਲੇ ਰਿਹਾ, ਮੈਂ ਕਦੇ ਨਹੀਂ ਸੋਚਿਆ ਸੀ ਕਿ ਲੋਜਿਸਟਿਕਸ ਉਦਯੋਗ ਲਈ ਏਨੇ ਨਿਯਮ ਅਤੇ ਕਾਨੂੰਨ ਬਣਾਏ ਗਏ ਹੋਣਗੇ।’’

ਕਈ ਵਾਰੀ, ਆਪਣੇ ਕੰਮਕਾਜ ’ਚ ਜੋ ਚੀਜ਼ ਉਸ ਨੂੰ ਸਭ ਤੋਂ ਜ਼ਿਆਦਾ ਪਸੰਦ ਹੁੰਦੀ ਹੈ ਉਹ ਚੁਨੌਤੀਆਂ ਹੀ ਹੁੰਦੀਆਂ ਹਨ। ਮਿਨਹਾਸ ਨੇ ਕਿਹਾ, ‘‘ਰੋਜ਼ ਕਈ ਨਵੀਆਂ ਚੁਨੌਤੀਆਂ ਦਾ ਹੱਲ ਕਰਨਾ ਪੈਂਦਾ ਹੈ।’’

ਰੁਜ਼ਗਾਰਦਾਤਾ ਹੋਣ ਦੇ ਨਾਤੇ, ਏਰੋਨਸਨ ਅਜਿਹੇ ਸਾਕਾਰਾਤਮਕ ਰਵੱਈਏ ਦੀ ਤਾਰੀਫ਼ ਕਰਦੇ ਹਨ। ਮਿਨਹਾਸ ਬਾਰੇ ਉਨ੍ਹਾਂ ਕਿਹਾ, ‘‘ਮੈਂ ਉਸ ਦੇ ਉਤਸ਼ਾਹ ਅਤੇ ਹਿੰਮਤ ਤੋਂ ਕਾਫ਼ੀ ਪ੍ਰਭਾਵਿਤ ਹਾਂ। ਉਹ ਇਸ ਨੂੰ ਗੰਭੀਰਤਾ ਨਾਲ ਲੈਣ ਤੋਂ ਵੀ ਅੱਗੇ ਲੈ ਜਾਂਦਾ ਹੈ।’’

ਸੋਖਣ ਪ੍ਰਕਿਰਿਆ

ਇਹੀ ਵਿਚਾਰ ਲਾਈਟ ਸਪੀਡ ਦੀ ਡਾਇਰੈਕਟਰਾਂ ਦੀ ਟੀਮ ਵੀ ਸਾਂਝੇ ਕਰਦੀ ਹੈ। ਏਰੋਨਸਨ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਮੈਨੇਜਮੈਂਟ ਨੂੰ ਇਹ ਜਾਣ ਕੇ ਬਹੁਤ ਤੱਸਲੀ ਮਿਲਦੀ ਹੈ ਕਿ ਕੰਪਨੀ ’ਚ ਆ ਰਹੀ ਨਵੀਂ ਪੀੜ੍ਹੀ ਮੁਹਈਆ ਕੀਤੀ ਜਾ ਰਾਹੀ ਜਾਣਕਾਰੀ ਨੂੰ ਆਸਾਨੀ ਨਾਲ ਸੋਖ ਲੈਂਦੀ ਹੈ।’’

ਲਾਈਟ ਸਪੀਡ ਨੇ ਇਸ ਤਰ੍ਹਾਂ ਦੀ ਭਰਤੀ ਦੇ ਤਜ਼ਰਬੇ ਨੂੰ ਦੁਹਰਾਉਣ ਦਾ ਫ਼ੈਸਲਾ ਕੀਤਾ ਹੈ। ਏਰੋਨਸਨ ਨੇ ਕਿਹਾ, ‘‘ਟਰੱਕਿੰਗ ਐਚ.ਆਰ. ਕੈਨੇਡਾ ਨਾਲ ਸਾਡਾ ਤਜ਼ਰਬਾ ਬਹੁਤ ਵਧੀਆ ਰਿਹਾ ਹੈ, ਸਾਨੂੰ ਪਤਾ ਹੈ ਕਿ ਅਸੀਂ ਇਸ ਦਿਸ਼ਾ ’ਚ ਕੰਮ ਕਰਨ ਦਾ ਹਰ ਮੌਕਾ ਪ੍ਰਾਪਤ ਕਰ ਸਕਾਂਗੇ ਅਤੇ ਹੋਰ ਨੌਜੁਆਨਾਂ ਨੂੰ ਕੰਪਨੀ ਦੇ ਵੱਖੋ-ਵੱਖ ਵਿਭਾਗਾਂ ’ਚ ਲਿਆਉਣ ਦੇ ਮੌਕੇ ਵਧਾਉਂਦੇ ਰਹਾਂਗੇ।’’

ਇਸ ਤਰ੍ਹਾਂ ਦੇ ਤਜ਼ਰਬੇ, ਜੋ ਕਿ ਰੁਜ਼ਗਾਰਦਾਤਾ ਅਤੇ ਵਿਦਿਆਰਥੀ ਦੋਹਾਂ ਨੂੰ ਲਾਭ ਪਹੁੰਚਾਉਂਦੇ ਹਨ, ਹੀ ਟੀ.ਐਚ.ਆਰ.ਸੀ. ਦੇ ਸਟੂਡੈਂਟ ਵਰਕ ਪਲੇਸਮੈਂਟ ਪ੍ਰੋਗਰਾਮ ਦਾ ਆਖ਼ਰੀ ਟੀਚਾ ਹਨ।

ਸਟੂਡੈਂਟ ਵਰਕ ਪਲੇਸਮੈਂਟ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਇਹ ਜਾਣਨ ਲਈ ਕਿ ਤੁਸੀਂ ਇਸ ਮੌਕੇ ਤੋਂ ਕਿਸ ਤਰ੍ਹਾਂ ਲਾਭ ਪ੍ਰਾਪਤ ਕਰ ਸਕਦੇ ਹੋ, ਕਿ੍ਰਪਾ ਕਰ ਕੇ ਟੀ.ਐਚ.ਆਰ.ਸੀ. ਕਰੀਅਰ ਦੀ ਵੈੱਬਸਾਈਟ ’ਤੇ ਜਾਓ ਜਾਂ theteam@truckinghr.com ’ਤੇ ਈ-ਮੇਲ ਕਰੋ।