ਟਰੱਕ ਡਰਾਈਵਰਾਂ ਅਤੇ ਸ਼ਿੱਪਰਾਂ ਦਾ ਰਿਸ਼ਤਾ ਤਕਰਾਰ ਵਾਲਾ ਨਹੀਂ ਹੋਣਾ ਚਾਹੀਦਾ

Avatar photo
ਡੇਵ ਬੈਨਨ ਅਤੇ ਡੈਨਿਸ ਨਾਲ ਸ਼ਿੰਪਿੰਗ ਸੰਬਧੀ ਪੇਪਰਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਸੁਰਿੰਦਰ ਧਾਲੀਵਾਲ।

ਡੈਨਿਸ ਮਾਈਲਜ਼ ਅਤੇ ਡੇਵ ਬੈਨਨ ਸਟਰੈਟਫੋਰਡ ਸ਼ਹਿਰ ਵਿਖੇ ਕਾਰਾਂ ਦੇ ਪੁਰਜ਼ੇ ਅਤੇ ਹੋਰ ਸਮਾਨ ਬਣਾਉਣ ਵਾਲੀ ਸਟੈਕਪੋਲ ਇੰਟਰਨੈਸ਼ਨਲ ਨਾਂ ਦੀ ਇੱਕ ਵੱਡੀ ਕੰਪਨੀ ਵਿੱਚ ਸ਼ਿੱਪਰ ਦੀ ਨੌਕਰੀ ਕਰਦੇ ਹਨ। ਭਾਂਵੇਂ ਦੋਵੇਂ ਢਲਦੀ ਹੋਈ ਉਮਰ ਵਿੱਚ ਹਨ ਪਰ ਉਨ੍ਹਾਂ ਵਿੱਚ ਹਿੰਮਤ ਜਵਾਨਾਂ ਨਾਲੋਂ ਵੀ ਕਿਤੇ ਵਧੇਰੇ ਹੈ। ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਸ਼ਿੰਪਿੰਗ ਡਿਪਾਰਟਮੈਂਟ ਨਾਲ ਜੁੜੇ ਹਰ ਵਿਅਕਤੀ ਨਾਲ ਬੜਾ ਚੰਗਾ ਵਾਹ-ਵਾਸਤਾ ਹੈ ਦੋਵਾਂ ਦਾ। ਕੰਮ ਕਰਨ ਵਿੱਚ ਦੋਵੇਂ ਇੱਕ ਦੂਜੇ ਨਾਲੋਂ ਵੱਧ ਫੁਰਤੀਲੇ ਹਨ ਅਤੇ ਚੰਗਿਆਈ ਵੀ ਉਨ੍ਹਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਤੇ ਏਹੀ ਕਾਰਨ ਹੈ ਕਿ ਕੰਪਨੀ ਦੇ ਬੌਸ ਅਤੇ ਡਰਾਈਵਰਾਂ ਨਾਲ ਉਹ ਪੂਰਾ ਸੰਤੁਲਨ ਬਣਾ ਕੇ ਚਲਦੇ ਹਨ ਜਿਸ ਲਈ ਹਰ ਪਾਸਿਉਂ ਉਨ੍ਹਾਂ ਦਾ ਸਤਿਕਾਰ ਵੀ ਬਣਿਆ ਹੋਇਆ ਹੈ।

ਰੈਗੂਲਰ ਜਾਂ ਰੋਜ਼ਾਨਾ ਉੱਥੇ ਜਾਣ ਵਾਲੇ ਡਰਾਈਵਰਾਂ ਦਾ ਕਹਿਣਾ ਹੈ ਵਧੇਰੇ ਕਰ ਕੇ ਏਦਾਂ ਦੀਆਂ ਵੱਡੀਆਂ ਕੰਪਨੀਆਂ ਦੇ ਸ਼ਿੱਪਰ ਡਰਾਈਵਰਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਅਤੇ ਕਈ ਤਾਂ ਵੱਢ ਖਾਣਿਆਂ ਵਾਂਗ ਪੈਂਦੇ ਹਨ। ਪਰ ਡਰਾਈਵਰਾਂ ਨੂੰ ਲੋਡ ਚੁੱਕਣ ਦੀ ਮਜ਼ਬੂਰੀ ਹੁੰਦੀ ਹੈ ਜਿਸ ਬਾਰੇ ਕਈ ਪੰਜਾਬੀ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਮਜ਼ਬੂਰੀ ਵੱਸ ਇਨ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਜੇਕਰ ਕਿਤੇ ਅਜਿਹਾ ਇੰਡੀਆ ਵਿੱਚ ਹੁੰਦਾ ਤਾਂ ਅਸੀਂ ਇਨ੍ਹਾਂ ਵਰਗੇ ਵੱਢ ਖਾਣਿਆਂ ਨੂੰ ਡੰਗਰਾਂ ਦੇ ਪੱਠੇ ਵੱਢਣ ਲਈ ਵੀ ਨਹੀਂ ਸੀ ਰੱਖਣਾ।

ਪਰ ਬਿਲਕੁਲ ਐਨ ਇਸਦੇ ਉਲਟ ਇੱਕ ਕੰਪਨੀ ਨਾਲ ਪਿਛਲੇ ਕਾਫੀ ਲੰਮੇਂ ਸਮੇਂ ਤੋਂ ਟਰੱਕ ਚਲਾਉਂਦੇ ਸੁਰਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਡੈਨਿਸ ਅਤੇ ਡੇਵ ਦੇ ਮਿਲ੍ਹਾਪੜੇ ਅਤੇ ਮਿੱਠ-ਬੋਲੜੇ ਸੁਭਾਅ ਕਾਰਨ ਇਸ ਰੂਟ ਉੱਤੇ ਵਾਰ-ਵਾਰ ਆਉਣ ਨੂੰ ਜੀਅ ਕਰਦਾ ਹੈ।

ਸੁਰਿੰਦਰ ਧਾਲੀਵਾਲ ਕਹਿੰਦੇ ਹਨ ਕਿ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਟਰੱਕ ਲੈ ਕੇ ਜਾਣ ਨੂੰ ਉੱਕਾ ਹੀ ਦਿਲ ਨਹੀਂ ਕਰਦਾ ਕਿਉਂਕਿ ਉੱਥੋਂ ਦੇ ਸ਼ਿੱਪਰਾਂ ਦਾ ਅੱਖੜ ਸੁਭਾਅ ਅਤੇ ਅੱਖੜਵੀਂ ਬੋਲ-ਬਾਣੀ ਕਾਰਨ ਵਧੇਰੇ ਟਰੱਕ ਡਰਾਈਵਰ ਉਨ੍ਹਾਂ ਪਾਸਿਆਂ ਤੋਂ ਕਿਨਾਰਾ ਕਰਨ ਦੀ ਹੀ ਕੋਸ਼ਿਸ਼ ਕਰਦੇ ਹਨ। ਦੂਜਾ ਇਹ ਕਿ ਇੱਕ ਤਾਂ ਟਰੱਕ ਡਰਾਈਵਰ ਕਈ ਵਾਰੀ ਹਾਈਵੇ ਉੱਤੇ ਭੀੜ ਵਿੱਚ ਫੱਸ ਜਾਂਦੇ ਹਨ ਅਤੇ ਮਾਨਸਿਕ ਜਾਂ ਸਰੀਰਕ ਤੌਰ ‘ਤੇ ਥੱਕੇ ਹੋਇਆਂ ਨਾਲ ਜਦੋਂ ਸ਼ਿੱਪਰ ਵੀ ਰੂੜ ਭਾਸ਼ਾ ਵਿੱਚ ਗੱਲ ਕਰਦੇ ਹਨ ਤਾਂ ਵਿਚਾਰੇ ਡਰਾਈਵਰ ਤਾਂ ਗੁੱਸਾ ਵਿੱਚੋਂ-ਵਿੱਚ ਪੀ ਜਾਂਦੇ ਹਨ ਜਾਂ ਕਈ ਵਾਰੀ ਸ਼ਿੱਪਰਾਂ ਅਤੇ ਡਰਾਈਵਰਾਂ ਦੀ ਆਪਸ ਵਿੱਚ ਖੜਕ ਵੀ ਜਾਂਦੀ ਹੈ। ਇਸ ਬਾਰੇ ਡੇਵ ਅਤੇ ਡੈਨਿਸ ਦੱਸਦੇ ਹਨ ਕਿ ਕਈ ਵਾਰ ਡਰਾਈਵਰ ਬੇਹੱਦ ਤੰਗ ਕਰਦੇ ਹਨ, ਉਹ ਸਾਡੀ ਮਜ਼ਬੂਰੀ ਨਹੀਂ ਵੇਖਦੇ ਸਗੋਂ ਆਉਣ ਸਾਰ ਹੁਕਮ ਕਰਨੇ ਸ਼ੁਰੂ ਕਰ ਦਿੰਦੇ ਹਨ, ਬੇ-ਟਾਈਮੇ ਆਉਣ ‘ਤੇ ਆਪਣੀ ਵਾਰੀ ਸਿਰ ਡੌਕ ‘ਤੇ ਆਉਣ ਦੀ ਬਜਾਏ ਆਪਣੀ ਵਾਰੀ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਦੇ ਹਨ। ਜਿਹੜੇ ਸਾਥੀ ਡਰਾਈਵਰਾਂ ਨਾਲ ਵੀ ਲੜਦੇ ਝਗੜਦੇ ਹਨ ਅਤੇ ਡਿਸਪੈਚਰਾਂ, ਸ਼ਿੱਪਰਾਂ ਨਾਲ ਵੀ ਨਿਰੰਤਰ ਲੜਦੇ ਹਨ ਫਿਰ ਅਜਿਹੇ ਡਰਾਈਵਰਾਂ ਦੀ ਸ਼ਿਕਾਇਤ ਕਰਨੀਂ ਪੈਂਦੀ ਹੈ।

ਡੇਵ ਅਤੇ ਡੈਨਿਸ ਦਾ ਹੋਰ ਵੀ ਆਖਣਾ ਹੈ ਕਿ ਅਸੀਂ ‘ਜੀ ਕਹੋ ਅਤੇ ਜੀ ਕਹਾਉ’ ਵਾਲੀ ਨੀਤੀ ‘ਤੇ ਕੰਮ ਕਰਦੇ ਹਾਂ। ਜੇਕਰ ਕੋਈ ਟਰੱਕ ਡਰਾਈਵਰ ਹਲੀਮੀ ਅਤੇ ਲਿਆਕਤ ਨਾਲ ਗੱਲ ਕਰਦਾ ਹੈ ਅਤੇ ਕੰਪਨੀ ਦੇ ਰੂਲ ਫੋਲੋ ਕਰਦਾ ਹੈ ਤਾਂ ਉਸਨੂੰ ਕੋਈ ਦਿੱਕਤ ਨਹੀਂ ਆਉਂਦੀ ਪਰ ਵਧੇਰੇ ਟਰੱਕ ਡਰਾਈਵਰ ਕੰਪਨੀ ਦੇ ਰੂਲ ਹੀ ਫੋਲੋ ਨਹੀਂ ਕਰਦੇ ਜਿਵੇਂ : ਸੇਫਟੀ ਵੈਸਟ, ਸੇਫਟੀ ਬੂਟ, ਸੇਫਟੀ ਵਾਲੀਆਂ ਐਨਕਾਂ, ਕੰਨਾਂ ਵਿੱਚ ਪਲੱਗ ਨਾਂ ਪਾਉਣਾ ਆਦਿ। ਇਸ ਕਾਰਨ ਸ਼ਿੱਪਰਾਂ ਅਤੇ ਟਰੱਕ ਡਰਾਈਵਰਾਂ ਵਿੱਚ ਤਕਰਾਰ ਹੋਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ।

ਉਹ ਕਹਿੰਦੇ ਹਨ ਕਿ ਕਈ ਟਰੱਕ ਡਰਾਈਵਰ ਸਮੇਂ ਤੋਂ ਪਹਿਲਾਂ ਆ ਕੇ ਟਰੱਕ ਡੌਕਾਂ ‘ਤੇ ਲਾ ਕੇ ਚਾਹ-ਕਾਫੀ ਲੈਣ ਲਈ ਚਲੇ ਜਾਂਦੇ ਹਨ ਜਿਸ ਕਾਰਨ ਸ਼ਿੱਪਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਨਾ ਕਰਨਾ ਪੈਂਦਾ ਹੈ। ਜਿਵੇ ਟਰੱਕ ਦਾ ਲੋਡ ਮੁਕੰਮਲ ਹੋਣ ਉੱਤੇ ਡੌਕ ਦੂਜੇ ਟਰੱਕ ਲਈ ਟਾਈਮ ਸਿਰ ਵਿਹਲਾ ਨਾਂ ਹੋਣ ਉੱਤੇ ਜ਼ਿਆਦਾਤਰ ਆਪਣੀ ਵਾਰੀ ਦੀ ਉਡੀਕ ਕਰਦੇ ਡਰਾਈਵਰ ਭੜਕ ਜਾਂਦੇ ਹਨ ‘ਤੇ ਗੱਲ ਗਾਲੀ ਗਲੋਚ ਤੋਂ ਹੁੰਦੀ ਹੋਈ ਹੱਥੋ-ਪਾਈ ਤੱਕ ਵੀ ਅੱਪੜ ਜਾਂਦੀ ਹੈ।

 

ਲੇਖਕ ਬਾਰੇ:
ਹਰਜੀਤ ਬਾਜਵਾ 1993 ਤੋਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਲੰਬੇ ਸਮੇਂ ਤੋਂ ਟੋਰੰਟੋ ਦੇ ਆਸਪਾਸ ਦੇ ਇਲਾਕੇ ਦੀ ਨਿਰਪੱਖ ਰਿਪੋਰਟਿੰਗ ਕਰ ਰਹੇ ਹਨ। ਉਨ੍ਹਾਂ ਪਿਛਲੇ ਛੇ ਕੁ ਸਾਲਾਂ ਤੋਂ ਟਰੱਕ ਡਰਾਈਵਿੰਗ ਕਰਦੇ ਹੋਏ ਇੰਡਸਟਰੀ ਦੇ ਦਰਪੇਸ਼ ਮੁੱਦਿਆਂ ਨੂੰ ਕਾਫ਼ੀ ਕਰੀਬੀ ਨਾਲ ਦੇਖਿਆ ਹੈ। ਹਰਜੀਤ ਬਾਜਵਾ ਨਾਲ ਸੰਪਰਕ ਕਰਨ ਲਈ ਈ-ਮੇਲ ਐਡਰੈੱਸ ਹੈ harjitbajwa@gmail.com ਅਤੇ ਫੋਨ ਨੰਬਰ ਹੈ 416 970 4333