ਟਰੱਕ ਡਰਾਈਵਰਾਂ ਵੱਲੋਂ ਸ਼ਰਾਬ ਅਤੇ ਨਸ਼ੇ ’ਚ ਡਰਾਈਵਿੰਗ ਕਰਨ ਦੇ ਮਾਮਲੇ ਵਧੇ

ਪਿਛਲੇ ਤਿੰਨ ਸਾਲਾਂ ਦੌਰਾਨ ਮਾਰਚ ਦੇ ਕੁੱਲ ਅੰਕਾਂ ਦੀ ਤੁਲਨਾ ਕਰੀਏ ਤਾਂ ਸ਼ਰਾਬ ਅਤੇ ਡਰੱਗ ਟੈਸਟਾਂ ਵਿੱਚ ਫ਼ੇਲ੍ਹ ਰਹਿਣ ਵਾਲੇ ਉੱਤਰੀ ਅਮਰੀਕਾ ਦੇ ਟਰੱਕ ਡਰਾਈਵਰਾਂ ਦੀ ਗਿਣਤੀ ਵੱਧ ਰਹੀ ਹੈ।

ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫ਼.ਐਮ.ਸੀ.ਐਸ.ਏ.) ਦੇ ਡਰੱਗ ਅਤੇ ਸ਼ਰਾਬ ਕਲੀਅਰਿੰਗਹਾਊਸ ਦੇ ਅਨੁਸਾਰ, ਰੁਜ਼ਗਾਰਦਾਤਾਵਾਂ ਅਤੇ ਮੈਡੀਕਲ ਸਮੀਖਿਆ ਅਫਸਰਾਂ (ਐਮ.ਆਰ.ਓ.) ਨੇ ਮਾਰਚ 2022 ਵਿੱਚ 5,258 ਪਾਜ਼ੇਟਿਵ ਡਰੱਗ ਟੈਸਟਾਂ ਦੀ ਸੂਚਨਾ ਦਿੱਤੀ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ 4,723 ਅਤੇ ਮਾਰਚ 2020 ਦੌਰਾਨ 4,234 ਸੀ। ਹੋਰ 929 ਟਰੱਕ ਡਰਾਈਵਰਾਂ ਨੇ ਡਰੱਗ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ, ਜੋ ਕਿ ਮਾਰਚ 2021 ਵਿੱਚ 721 ਅਤੇ ਮਾਰਚ 2020 ਵਿੱਚ 604 ਸਨ।

Drug Tests
(ਤਸਵੀਰ: ਆਈਸਟਾਕ)

ਸ਼ਰਾਬ-ਸਬੰਧਤ ਉਲੰਘਣਾਵਾਂ ਦੇ ਸੰਦਰਭ ਵਿੱਚ, 88 ਫੇਲ੍ਹ ਹੋਏ ਟੈਸਟਾਂ ਵਿੱਚ ਖੂਨ ਅੰਦਰ ਸ਼ਰਾਬ ਦੀ ਮਾਤਰਾ 0.04 ਜਾਂ ਇਸ ਤੋਂ ਵੱਧ ਸੀ, ਜੋ ਕਿ ਮਾਰਚ 2021 ਵਿੱਚ 82 ਅਤੇ ਮਾਰਚ 2020 ਵਿੱਚ 53 ਤੋਂ ਵੱਧ ਹੈ। ਹੋਰ 28 ਟਰੱਕ ਡਰਾਈਵਰਾਂ ਨੇ ਸ਼ਰਾਬ ਨਾਲ ਸਬੰਧਤ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ, ਜੋ ਕਿ ਮਾਰਚ 2021 ’ਚ 32 ਸੀ ਅਤੇ ਅਤੇ ਮਾਰਚ 2020 ਵਿੱਚ 29 ਸੀ।

ਜਾਂਚ ਵਿੱਚ ਫ਼ੇਲ੍ਹ ਰਹਿਣ ਵਾਲੇ ਟਰੱਕ ਡਰਾਈਵਰਾਂ ਦਾ ਭੰਗ ਪਸੰਦੀਦਾ ਨਸ਼ਾ ਬਣਿਆ ਹੋਇਆ ਹੈ। ਸਤੰਬਰ 2019 ਵਿੱਚ ਕਲੀਅਰਿੰਗਹਾਊਸ ਦੀ ਸਥਾਪਨਾ ਤੋਂ ਬਾਅਦ 10,276 ਫ਼ੇਲ੍ਹ ਡਰੱਗ ਟੈਸਟਾਂ ਵਿੱਚ ਮੈਰੂਆਨਾ ਮੈਟਾਬੋਲਾਈਟ ਦੀ ਪਛਾਣ ਕੀਤੀ ਗਈ ਹੈ – ਇਹ ਕੋਕੀਨ ਮੈਟਾਬੋਲਾਈਟ (2,696 ਟੈਸਟ), ਤੋਂ ਬਾਅਦ ਮੇਥਾਮਫੇਟਾਮਾਈਨ (1,462) ਅਤੇ ਐਮਫ਼ੈਟਾਮਾਈਨ (1,418) ਦੀ ਪਛਾਣ ਕਰਨ ਵਾਲੇ ਟੈਸਟਾਂ ਨਾਲੋਂ ਲਗਭਗ ਚਾਰ ਗੁਣਾ ਵੱਧ ਹੈ।

ਭਾਵੇਂ ਕੈਨੇਡਾ ਨੇ ਅਕਤੂਬਰ 2019 ਵਿੱਚ ਦਿਲ ਪਰਚਾਵੇ ਲਈ ਕੈਨਾਬਿਸ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਸੀ, ਸੀਮਾ ਪਾਰ ਜਾਣ ਵਾਲੇ ਟਰੱਕ ਡਰਾਈਵਰ ਅਜੇ ਵੀ ਅਮਰੀਕੀ ਨਿਯਮਾਂ ਅਧੀਨ ਹਨ ਜੋ ਕੰਮਕਾਜ ਵਾਲੀਆਂ ਥਾਵਾਂ ’ਤੇ ਡਰੱਗ ਟੈਸਟਿੰਗ ਪ੍ਰੋਗਰਾਮਾਂ ਦੇ ਤਹਿਤ ਕੈਨਾਬਿਸ ਦੇ ਪ੍ਰਯੋਗ ਦੀ ਮਨਾਹੀ ਕਰਦੇ ਹਨ।

ਕੁੱਲ ਮਿਲਾ ਕੇ, 102 ਕੈਨੇਡੀਅਨ ਟਰੱਕ ਡਰਾਈਵਰਾਂ ਵਿਰੁੱਧ ਮਾਰਚ ਵਿੱਚ ਸ਼ਰਾਬ ਅਤੇ ਡਰੱਗ ਟੈਸਟਿੰਗ ਦੀਆਂ ਉਲੰਘਣਾਵਾਂ ਦਰਜ ਕੀਤੀਆਂ ਗਈਆਂ, ਜਦਕਿ ਸਤੰਬਰ 2019 ਵਿੱਚ ਕਲੀਅਰਿੰਗ ਹਾਊਸ ਦੀ ਸਥਾਪਨਾ ਤੋਂ ਬਾਅਦ 2,241 ਉਲੰਘਣਾਵਾਂ ਦਰਜ ਕੀਤੀਆਂ ਗਈਆਂ।

ਕੈਨੇਡੀਅਨ ਡਰਾਈਵਰਾਂ ਬਾਰੇ ਤੁਲਨਾਤਮਕ ਅੰਕੜੇ ਪਿਛਲੇ ਸਾਲਾਂ ਵਿੱਚ ਨਸ਼ਰ ਨਹੀਂ ਕੀਤੇ ਗਏ ਸਨ।