ਡਬਲਿਊ.ਐਸ.ਆਈ.ਬੀ. ਨੇ ਹੋਰ ਡਰਾਈਵਰ ਇੰਕ. ਫ਼ਲੀਟਸ ‘ਤੇ ਕੀਤੀ ਕਾਰਵਾਈ

Avatar photo

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਪਿਛਲੇ ਮਹੀਨੇ ਕਿਹਾ ਹੈ ਕਿ ਕੰਮਕਾਜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਨੇ ਡਰਾਈਵਰ ਇੰਕ. ਦੀ ਵਰਤੋਂ ਕਰਨ ਲਈ ਦਰਜਨਾਂ ਹੋਰ ਓਂਟਾਰੀਓ ਆਧਾਰਿਤ ਫ਼ਲੀਟਸ ‘ਤੇ ਪ੍ਰੀਮੀਅਮ ਦਾ ਭੁਗਤਾਨ ਨਾ ਕਰਨ ਕਰਕੇ ਕਾਰਵਾਈ ਕੀਤੀ ਹੈ।

ਡਰਾਈਵਰ ਇੰਕ. ਇੱਕ ਵਿਵਾਦਮਈ ਕਾਰੋਬਾਰੀ ਮਾਡਲ ਹੈ ਜੋ ਕਿ ਫ਼ਲੀਟ ਦੇ ਮੁਲਾਜ਼ਮਾਂ ਨੂੰ ਵੀ ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕ੍ਰਿਤ ਕਰਦਾ ਹੈ। ਡਰਾਈਵਰਾਂ ਨੂੰ ਨਿਗਮਿਤ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਤਨਖ਼ਾਹ ਬਗ਼ੈਰ ਕਿਸੇ ਟੈਕਸ ਕਟੌਤੀ ਤੋਂ ਮਿਲਦੀ ਹੈ।

ਸਤੰਬਰ ਮਹੀਨੇ ‘ਚ ਡਬਲਿਊ.ਐਸ.ਆਈ.ਬੀ. ਨੇ ਦੋ ਟਰੱਕਿੰਗ ਕੰਪਨੀਆਂ ਦਾ ਜੋਖਮ ਦੇ ਆਧਾਰ ‘ਤੇ ਆਡਿਟ ਕੀਤਾ ਸੀ, ਜਿਸ ‘ਚੋਂ ਹਰੇਕ ਦਾ 200,000 ਡਾਲਰ ਤੋਂ ਜ਼ਿਆਦਾ ਦਾ ਕੁਰੈਕਟਿਵ ਡੈਬਿਟ ਅਡਜਸਟਮੈਂਟ ਸੀ।

ਐਸੋਸੀਏਸ਼ਨ ਦੇ ਨੀਤੀ ਅਤੇ ਜਨਤਕ ਮਾਮਲਿਆਂ ਬਾਰੇ ਡਾਇਰੈਕਟਰ ਜੋਨਾਥਨ ਬਲੈਕਹਮ ਨੇ ਕਿਹਾ, ”ਡਬਲਿਊ.ਐਸ.ਆਈ.ਬੀ. ਡਰਾਈਵਰ ਇੰਕ. ਕੰਪਨੀਆਂ ਅਤੇ ਸਾਡੇ ਖੇਤਰ ‘ਚ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਅੰਕੜਾ-ਆਧਾਰਤ ਪਹੁੰਚ ਅਪਣਾਉਂਦਾ ਹੈ।”

ਐਸੋਸੀਏਸ਼ਨ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ‘ਚ ਮੱਦਦ ਕਰਨ ਲਈ, ਡਬਲਿਊ.ਐਸ.ਆਈ.ਬੀ. ਦੀ ਡਰਾਈਵਰਾਂ ਲਈ ਇੱਕ ਹਾਟਲਾਈਨ ਹੈ ਜੋ ਉਨ੍ਹਾਂ ਕੰਪਨੀਆਂ ਦੀ ਸ਼ਿਕਾਇਤ ਕਰ ਸਕਦੇ ਹਨ ਜੋ ਕਿ ਉਨ੍ਹਾਂ ਨੂੰ ਡਰਾਈਵਰ ਇੰਕ. ਸਕੀਮ ਹੇਠ ਆਉਣ ਲਈ ਮਜਬੂਰ ਕਰਦੀਆਂ ਹਨ। ਇਹ ਨੰਬਰ 1-888-745-3237 ਹੈ।

ਐਸੋਸੀਏਸ਼ਨ ਦਾ ਅਨੁਮਾਨ ਹੈ ਕਿ ਟਰੱਕਿੰਗ ਉਦਯੋਗ ‘ਚ ਡਰਾਈਵਰ ਇੰਕ. ਕਰ ਕੇ ਫ਼ੈਡਰਲ ਸਰਕਾਰ ਨੂੰ ਘੱਟ ਤੋਂ ਘੱਟ 1 ਅਰਬ ਡਾਲਰ ਦੀ ਟੈਕਸ ਆਮਦਨੀ ਦਾ ਨੁਕਸਾਨ ਹੁੰਦਾ ਹੈ।